ਇੰਫਾਲ (ਪੀਟੀਆਈ) : ਮਨੀਪੁਰ ਦੇ ਮੋਰੇਹ ਇਲਾਕੇ ਵਿਚ ਬੁੱਧਵਾਰ ਸਵੇਰੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਵਾਹਨ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਭਾਰਤੀ ਰਿਜ਼ਰਵ ਬਟਾਲੀਅਨ (ਆਈਆਰਬੀ) ਦੇ ਜਵਾਨ ਵਾਂਗਖ਼ੇਮ ਸੋਮਰਜੀਤ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਕ ਹੋਰ ਜਵਾਨ ਫੱਟੜ ਹੋ ਗਿਆ। ਹਮਲਾਵਰ ਕੁਕੀ ਭਾਈਚਾਰੇ ਨਾਲ ਸਬੰਧਤ ਦੱਸੇ ਜਾਂਦੇ ਹਨ। ਪੁਲਿਸ ਮੁਤਾਬਕ ਬੁੱਧਵਾਰ ਸਵੇਰੇ ਮੋਰੇਹ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਤਿੰਨ ਵੱਖ-ਵੱਖ ਥਾਵਾਂ ’ਤੇ ਮੁਕਾਬਲਾ ਹੋਇਆ। ਅੱਤਵਾਦੀਆਂ ਨੇ ਮੋਰੇਹ ਐੱਸਬੀਆਈ ਲਾਗੇ ਸੁਰੱਖਿਆ ਬਲਾਂ ਦੀ ਚੌਕੀ ’ਤੇ ਬੰਬ ਸੁੱਟੇ ਤੇ ਗੋਲੀਬਾਰੀ ਕੀਤੀ।

ਅੱਤਵਾਦੀਆਂ ਨੇ ਅਸਥਾਈ ਕਮਾਂਡੋ ਪੋਸਟਾਂ ’ਤੇ ਗੋਲੀ ਦਾਗੇ, ਜਿਸ ਨਾਲ ਆਲੇ-ਦੁਆਲੇ ਖੜ੍ਹੇ ਕਈ ਵਾਹਨ ਨੁਕਸਾਨੇ ਗਏ। ਮੋਰੇਹ ਸ਼ਹਿਰ ਵਿਚ ਲੰਘੇ ਢਾਈ ਮਹੀਨਿਆਂ ਤੋਂ ਇਹ ਦੂਜੇ ਪੁਲਿਸ ਮੁਲਾਜ਼ਮ ਦੀ ਮੌਤ ਹੋਈ ਹੈ। ਫ਼ਿਲਹਾਲ ਤੇਂਗਨੌਪਾਲ ਜ਼ਿਲ੍ਹੇ ਵਿਚ ਕਰਫ਼ਿਊ ਲਗਾ ਦਿੱਤਾ ਗਿਆ ਹੈ। ਮੋਰੇਹ ਵਿਚ ਲਗਾਤਾਰ ਜਾਰੀ ਹਿੰਸਾ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਮਦਦ ਮੰਗੀ ਹੈ।

ਗ੍ਰਹਿ ਵਿਭਾਗ ਦੇ ਕਮਿਸ਼ਨਰ ਟੀ. ਰਣਜੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਹੁਣ ਵਿਗੜਦੇ ਜਾ ਰਹੇ ਹਨ, ਕਿਸੇ ਵੀ ਸਮੇਂ ਮੈਡੀਕਲ ਐਮਰਜੈਂਸੀ ਵੱਧ ਸਕਦੀ ਹੈ। ਇਸ ਲਈ ਤੁਰੰਤ ਹੈਲੀਕਾਪਟਰ ਭੇਜਿਆ ਜਾਵੇ ਤੇ ਘੱਟੋ-ਘੱਟ 7 ਦਿਨ ਇੰਫਾਲ ਰੱਖਿਆ ਜਾਵੇ। ਪੁਲਿਸ ਵਿਭਾਗ ਨੇ ਵੀ ਸੂਚਿਤ ਕੀਤਾ ਹੈ ਕਿ ਸੁਰੱਖਿਆ ਕਰਮੀ ਤੇ ਗੋਲਾ-ਬਾਰੂਦ ਹਵਾਈ ਰੂਟ ਰਾਹੀਂ ਲੈ ਕੇ ਜਾਣ ਦੀ ਜ਼ਰੂਰਤ ਹੈ।

ਹਥਿਆਰ ਲੁੱਟ ਮਾਮਲੇ ’ਚ ਚਾਰਜਸ਼ੀਟ ਦਾਖ਼ਲ : ਇਸੇ ਸਾਲ ਚਾਰ ਮਈ ਨੂੰ ਮਨੀਪੁਰ ਪੁਲਿਸ ਮੁਲਾਜ਼ਮਾਂ ਕੋਲੋਂ ਹਥਿਆਰ ਤੇ ਗੋਲਾ-ਬਾਰੂਦ ਲੁੱਟਣ ਦੇ ਮਾਮਲੇ ਵਿਚ ਸੀਬੀਆਈ ਨੇ ਪੰਜ ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸੀਬੀਆਈ ਮੁਤਾਬਕ ਗੁਹਾਟੀ ਦੇ ਕਾਮਰੂਪ (ਮੈਟਰੋ) ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸੀਬੀਆਈ ਨੇ ਜੂਨ ਮਹੀਨੇ ਇਹ ਮਾਮਲਾ ਮਨੀਪੁਰ ਪੁਲਿਸ ਕੋਲੋਂ ਲੈ ਕੇ ਆਪਣੇ ਹੱਥਾਂ ਵਿਚ ਲਿਆ ਸੀ।