ਜਾਸ, ਪਾਨੀਪਤ : ਧਾਗਾ ਫੈਕਟਰੀ ’ਚ ਮਜ਼ਾਕ ਕਰਨ ਤੋਂ ਨਾਰਾਜ਼ ਨੌਜਵਾਨ ਨੇ ਬਿਹਾਰ ਦੇ ਸਾਥੀ ਹੈਲਪਰ ਮਨੀਸ਼ ਕੁਮਾਰ ਮਾਂਝੀ ਦੀ ਗੁਦਾ ’ਚ ਪ੍ਰੈਸ਼ਰ ਪਾਈਪ ਨਾਲ ਹਵਾ ਭਰ ਦਿੱਤੀ। ਇਸ ਨਾਲ ਪੇਟ ਫਟਣ ਅਤੇ ਅੰਦਰੂਨੀ ਹਿੱਸੇ ’ਚ ਬਲੀਡਿੰਗ ਹੋਣ ’ਤੇ ਉਸ ਦੀ ਮੌਤ ਹੋ ਗਈ। ਸੈਕਟਰ-29 ਥਾਣਾ ਪੁਲਿਸ ਨੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਿਸ ਨੇ ਮ੍ਰਿਤਕ ਦੇ ਜੀਜੇ ਦੇ ਬਿਆਨ ’ਤੇ ਮੁਲਜ਼ਮ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ, ਜੋ ਵਾਰਦਾਤ ਤੋਂ ਬਾਅਦ ਫ਼ਰਾਰ ਹੈ। ਬਿਹਾਰ ਦੇ ਜ਼ਿਲ੍ਹਾ ਸਾਰਨ ਦੇ ਦਰਿਆਪੁਰ ਦਾ ਰਹਿਣ ਵਾਲਾ ਮਨੀਸ਼ ਕੁਮਾਰ ਮਾਂਝੀ ਛੇ ਮਹੀਨੇ ਪਹਿਲਾਂ ਸਿਆਹ ’ਚ ਵੱਡੀ ਭੈਣ ਬਿੰਦੂ ਕੁਮਾਰੀ ਕੋਲ ਰਹਿਣ ਲਈ ਆਇਆ ਸੀ। ਜੀਜੇ ਨੇ ਚਾਰ ਮਹੀਨੇ ਪਹਿਲਾਂ ਉਸ ਨੂੰ ਸਿਆਹ ਦੀ ਰਾਮਾ ਧਾਗਾ ਫੈਕਟਰੀ ’ਚ ਹੈਲਪਰ ਵਜੋਂ ਲਗਵਾ ਦਿੱਤੀ। ਉਸ ਦੀ ਰਾਤ ਅੱਠ ਵਜੇ ਤੋਂ ਸਵੇਰੇ ਅੱਠ ਵਜੇ ਤੱਕ ਡਿਊਟੀ ਹੁੰਦੀ ਸੀ।

ਮੰਗਲਵਾਰ ਦੇਰ ਸ਼ਾਮ ਪੌਣੇ ਅੱਠ ਵਜੇ ਦੇ ਕਰੀਬ ਉਹ ਖਾਣਾ ਲੈ ਕੇ ਫੈਕਟਰੀ ਚਲਾ ਗਿਆ ਸੀ। ਅੱਧੇ ਘੰਟੇ ਬਾਅਦ ਹੀ ਉਸ ਕੋਲ ਫੈਕਟਰੀ ਤੋਂ ਫੋਨ ਆਇਆ ਕਿ ਗੋਪਾਲਗੰਜ ਵਾਸੀ ਆਤਿਸ਼ ਕੁਮਾਰ ਨੇ ਉਸ ਦੀ ਗੁਦਾ ’ਚ ਪ੍ਰੈਸ਼ਰ ਪਾਈਪ ਨਾਲ ਹਵਾ ਭਰ ਦਿੱਤੀ ਹੈ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ ਹੈ। ਉਸ ਦੀ ਭੈਣ ਤੇ ਜੀਜਾ ਤੁਰੰਤ ਫੈਕਟਰੀ ਪਹੁੰਚੇ ਤੇ ਨੇੜਲੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਦੇਰ ਰਾਤ ਡੇਢ ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ। ਮੁਲਜ਼ਮ ਆਤਿਸ਼ ਕੁਮਾਰ ਵੀ ਫੈਕਟਰੀ ’ਚ ਹੈਲਪਰ ਦਾ ਕੰਮ ਕਰਦਾ ਹੈ, ਜੋ ਦਿਨ ਦੀ ਸ਼ਿਫਟ ’ਚ ਕੰਮ ਖ਼ਤਮ ਹੋਣ ’ਤੇ ਜਾਣ ਤੋਂ ਪਹਿਲਾਂ ਪ੍ਰੈਸ਼ਰ ਪਾਈਪ ਨਾਲ ਆਪਣੇ ਕੱਪੜੇ ਸਾਫ਼ ਕਰ ਰਿਹਾ ਸੀ। ਇਸੇ ਦੌਰਾਨ ਮਨੀਸ਼ ਕੁਮਾਰ ਮਾਂਝੀ ਡਿਊਟੀ ’ਤੇ ਆਇਆ ਤੇ ਉਸ ਨੇ ਆਤਿਸ਼ ਨੂੰ ਮਜ਼ਾਕ ਕਰ ਲਿਆ। ਇਸ ਤੋਂ ਨਾਖ਼ੁਸ਼ ਆਤਿਸ਼ ਨੇ ਮਨੀਸ਼ ਦੀ ਗੁਦਾ ’ਚ ਪ੍ਰੈਸ਼ਰ ਪਾਈਪ ਲਾ ਦਿੱਤੀ, ਜਿਸ ਨਾਲ ਉਸ ਦੇ ਪੇਟ ’ਚ ਹਵਾ ਭਰ ਗਈ ਤੇ ਫਟ ਗਿਆ। ਡਾਕਟਰ ਨੇ 90 ਹਜ਼ਾਰ ਰੁਪਏ ਦਾ ਬਿੱਲ ਬਣਾ ਦਿੱਤਾ। ਪੂਰੇ ਪੈਸੇ ਨਾ ਮਿਲਣ ਤੱਕ ਲਾਸ਼ ਨਹੀਂ ਮਿਲੀ। ਪੈਸੇ ਦੇਣ ’ਤੇ ਹੀ ਲਾਸ਼ ਦਿੱਤੀ ਗਈ।