ਨਵੀਂ ਦਿੱਲੀ (ਏਜੰਸੀ) : ਕਾਂਗਰਸ, ਭਾਰਤ ਜੋੜੋ ਯਾਤਰਾ ਦਾ ਦੂਜਾ ਪੜਾਅ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਯਾਤਰਾ ਉੱਤਰ ਪੂਰਬ ਤੋਂ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਸਕਦੀ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਦੇ ਪਹਿਲੇ ਗੇੜ ਦੀ ਭਾਰਤ ਜੋੜੋ ਯਾਤਰਾ ਲੰਘੇ ਵਰ੍ਹੇ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਆਰੰਭ ਹੋਈ ਸੀ। ਇਹ ਯਾਤਰਾ ਇਸ ਵਰ੍ਹੇ 30 ਜਨਵਰੀ ਨੂੰ ਸ੍ਰੀਨਗਰ ਵਿਚ ਖ਼ਤਮ ਹੋਈ ਸੀ। ਚਾਰ ਹਜ਼ਾਰ ਕਿੱਲੋਮੀਟਰ ਤੋਂ ਵੱਧ ਦੀ ਯਾਤਰਾ ਵਿਚ ਕਾਂਗਰਸੀ ਵਰਕਰਾਂ ਨੂੰ ਇਕਜੁੱਟ ਕਰਨ ਵਿਚ ਵੱਡੇ ਤੌਰ ’ਤੇ ਕਾਮਯਾਬ ਰਹੀ ਸੀ।

ਕਾਂਗਰਸੀ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਪਾਰਟੀ ਨੇ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਯਾਤਰਾ ਦੇ ਦੂਜੇ ਗੇੜ ਦੀ ਯੋਜਨਾ ਉਲੀਕੀ ਹੈ। ਇਸ ਨਾਲ ਪਾਰਟੀ ਲੋਕ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਵਾਰ ਭਾਰਤ ਜੋੜੋ ਯਾਤਰਾ 2.0 ਹਾਈਬਿ੍ਰਡ ਮੋਡ ਵਿਚ ਹੋਵੇਗੀ। ਇਸ ਵਿਚ ਪੈਦਲ ਯਾਤਰਾ ਤੇ ਬੱਸ ਨਾਲ ਯਾਤਰਾ ਵੀ ਸ਼ਾਮਲ ਹੋਵੇਗੀ। ਪੈਦਲ ਯਾਤਰਾ ਪੱਛਮੀ ਤੇ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਤੇ ਪਿੰਡਾਂ ਵਿੱਚੋਂ ਹੋ ਕੇ ਲੰਘੇਗੀ। ਉਨ੍ਹਾਂ ਅੱਗੇ ਦੱਸਿਆ ਕਿ ਯਾਤਰਾ ਉੱਤਰ ਪੂਰਬ ਤੋਂ ਸ਼ੁਰੂ ਹੋਵੇਗੀ ਤੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਚੱਲੇਗੀ। ਪਾਰਟੀ ਆਗੂ ਭਾਰਤ ਜੋੜੋ ਯਾਤਰਾ ਦੇ ਪ੍ਰੋਗਰਾਮ ਦੀ ਤਿਆਰੀ ਕਰਨ ਲਈ 24 ਘੰਟੇ ਕੰਮ ਕਰ ਰਹੇ ਹਨ।