ਪੰਜਾਬੀ ਜਾਗਰਣ ਟੀਮ, ਸਮਰਾਲਾ : ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿਖੇ ਯੂਨੀਅਨ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਖੀਰਨੀਆਂ ਨੇ ਕਿਹਾ ਇਸ ਵਾਰ ਝੋਨੇ ਦਾ ਸੀਜਨ ਖਤਮ ਹੋਣ ਜਾ ਰਿਹਾ ਹੈ ਪਰ ਲਿਫਟਿੰਗ ਦਾ ਕੰਮ ਅਜੇ ਤਕ ਨਾਮਾਤਰ ਚਾਲ ਨਾਲ ਚੱਲ ਰਿਹਾ ਹੈ, ਜਿਸ ਕਾਰਨ ਮੰਡੀਆਂ ‘ਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ ਤੇ ਝੋਨਾ ਸੁੱਟਣ ਲਈ ਥਾਂ ਵੀ ਨਹੀਂ ਬਚੀ। ਇਸ ਵਾਰ ਭਗਵੰਤ ਮਾਨ ਸਰਕਾਰ ਮੰਡੀਆਂ ਦੇ ਪ੍ਰਬੰਧਾਂ ਲਈ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਇਸ ਕਾਰਨ ਕਿਸਾਨਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਭਾਕਿਯੂ (ਦੋਆਬਾ) ਦੇ ਆਗੂਆਂ ਵੱਲੋਂ ਵੀ ਸਮੇਂ ਸਮੇਂ ਸਿਰ ਸਮਰਾਲਾ ਦਾ ਮੰਡੀ ਦਾ ਦੌਰਾ ਕੀਤਾ ਗਿਆ ਤੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਪਰ ਅਧਿਕਾਰੀਆਂ ਵੱਲੋਂ ਸਰਕਾਰ ਦੀਆਂ ਨੀਤੀਆਂ ਅੱਗੇ ਆਪਣੀ ਅਸਮਰੱਥਾ ਪ੍ਰਗਟਾਈ।

ਮੀਟਿੰਗ ਦੌਰਾਨ ਮੰਡੀਆਂ ‘ਚ ਝੋਨੇ ਦੀ ਲਿਫਟਿੰਗ ਸਬੰਧੀ ਸਖਤ ਨੋਟਿਸ ਲੈਂਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਉਂਦੇ ਦਿਨਾਂ ਅੰਦਰ ਮੰਡੀਆਂ ‘ਚੋਂ ਲਿਫਟਿੰਗ ਦੇ ਕੰਮ ‘ਚ ਤੇਜੀ ਨਾ ਲਿਆਂਦੀ ਗਈ ਤਾਂ ਯੂਨੀਅਨ ਨੂੰ ਸੰਘਰਸ਼ ਰਾਹ ਅਖਤਿਆਰ ਕਰਨਾ ਪਵੇਗਾ। ਯੂਨੀਅਨ ਦੇ ਧਿਆਨ ‘ਚ ਆਇਆ ਕਿ ਬੀਡੀਪੀਓ ਮਾਛੀਵਾੜਾ ਵੱਲੋਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਸਬੰਧੀ ਸੁਣਵਾਈ ਨਾ ਕਰਨ, ਖੱਜਲ ਖੁਆਰੀ ਕਰਨ ਤੇ ਆਮ ਲੋਕਾਂ ਦੀ ਧਿਆਨ ਨਾਲ ਗੱਲਾਂ ਨਹੀਂ ਸੁਣੀਆਂ ਜਾਂਦੀਆਂ। ਇਸ ਸਬੰਧੀ ਯੂਨੀਅਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬੀਡੀਪੀਓ ਮਾਛੀਵਾੜਾ ਨੇ ਆਪਣੇ ਰਵੱਈਏ ‘ਚ ਸੁਧਾਰ ਨਾ ਕੀਤਾ ਤਾਂ ਯੂਨੀਅਨ ਬੀਡੀਪੀਓ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ।

ਮੀਟਿੰਗ ‘ਚ ਉਪਰੋਕਤ ਤੋਂ ਇਲਾਵਾ ਜਰਨੈਲ ਸਿੰਘ ਜਨਰਲ ਸਕੱਤਰ, ਬਲਜੀਤ ਸਿੰਘ ਮੱਲ ਮਾਜਰਾ ਬਲਾਕ ਪ੍ਰਧਾਨ ਸਮਰਾਲਾ, ਜੀਵਨ ਸਿੰਘ ਮੱਲ ਮਾਜਰਾ, ਸੁਰਿੰਦਰਪਾਲ ਸਿੰਘ ਮੱਲ ਮਾਜਰਾ, ਸੂਬੇਦਾਰ ਹਰਜੀਤ ਸਿੰਘ ਕਟਾਣਾ ਸਾਹਿਬ, ਗੁਰਦੇਵ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਸਿੰਘ (ਸਾਰੇ ਕਟਾਣਾ ਸਾਹਿਬ), ਅਮਰਜੀਤ ਸਿੰਘ ਹਰਿਓਂ, ਦਰਸ਼ਨ ਸਿੰਘ ਸੰਗਤਪੁਰਾ, ਗੁਰਪ੍ਰਰੀਤ ਸਿੰਘ, ਭੁਪਿੰਦਰ ਸਿੰਘ, ਜੀਤ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ, ਰਮਨਦੀਪ ਸਿੰਘ ਕੋਟਲਾ ਸਮਸ਼ਪੁਰ, ਜਸਵੀਰ ਸਿੰਘ ਮੱਕੜ ਸਮਰਾਲਾ, ਹਰਦੀਪ ਸਿੰਘ ਸਮਰਾਲਾ, ਮਿੱਤਰਪਾਲ ਸਿੰਘ ਸਮਰਾਲਾ, ਸੰਤੋਖ ਸਿੰਘ ਖੀਰਨੀਆਂ, ਪ੍ਰਦੀਪ ਕੁਮਾਰ ਸਮਰਾਲਾ, ਦਲਵਿੰਦਰ ਸਿੰਘ ਟੋਡਰਪੁਰ ਆਦਿ ਸ਼ਾਮਲ ਸਨ।