Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਭਗਤ ਸਿੰਘ ਦੀ ਸ਼ਹਾਦਤ ਤੇ ਅੱਜ ਦਾ ਭਾਰਤ

By uscreative Published 4 min read

ਜੋ ਆਸਾਂ ਲੈ ਕੇ ਸਹੀਦਾਂ ਨੇ ਸਹਾਦਤਾਂ ਪ੍ਰਾਪਤ ਕੀਤੀਆ ਉਹ ਆਸਾਂ ਪੂਰੀਆ ਨਹੀਂ ਹੋਈਆ।ਭਾਰਤ ਵਿੱਚ ਅੱਜ ਵੀ ਬਹੁਤ ਲੋਕ, ਜੋ ਭਗਤ ਸਿੰਘ ਦੀ ਵਿਚਾਰਧਾਰਾ ਦੇ ਦੀਵਾਨੇ ਹਨ।ਅੰਗ੍ਰਰੇਜ਼ ਸਰਕਾਰ ਦੀਆਂ ਖ਼ੁਫ਼ੀਆ ਫਾਇਲਾਂ ਵਿੱਚ ਦਰਜ ਵਿਸ਼ੇਸ਼ ਜਾਣਕਾਰੀ, ਜੋ ਪੰਜਾਬ ਦੇ ਇੱਕ ਸੀਨੀਅਰ ਆਈ ਏ ਐਸ ਅਧਿਕਾਰੀ ਤੋਂ ਮਿਲੀ ਸੀ, ਅਨੁਸਾਰ ਭਗਤ ਸਿੰਘ ਅਤੇ ਸਾਥੀਆਂ ਨੂੰ ਲਾਹੌਰ ਜੇਲ੍ਹ ਵਿੱਚ ਜਦੋਂ ਫਾਂਸੀ ਹੋਈ ਤਾਂ ਉਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਮੁਹੰਮਦ ਅਕਬਰ ਖਾਂ ਇਸ ਫਾਂਸੀ ਤੋਂ ਦੁਖੀ ਹੋ ਕੇ ਹਮਦਰਦੀ ਵਜੋਂ ਆਪਣੇ ਅਥਰੂ ਨਹੀਂ ਸਨ ਰੋਕ ਸਕੇ। ਇਸ ਹਮਦਰਦੀ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਬਾਅਦ ਵਿੱਚ ਨੌਕਰੀ ਤੋਂ ਬਰਖਾਸਤੀ ਦੀ ਸੂਰਤ ਵਿੱਚ ਭੁਗਤਣਾ ਪਿਆ ਸੀ। ਭਗਤ ਸਿੰਘ ਹੁਰਾਂ ਦੇ ਅਦਾਲਤੀ ਕੇਸ ਵਿੱਚ 457 ਗਵਾਹ ਸਨ, ਜਿਨ੍ਹਾਂ ਵਿੱਚ ਸਰਕਾਰੀ ਗਵਾਹਾਂ ਦੀ ਜੁੰਡਲੀ ਵਿੱਚ ਹੰਸਰਾਜ ਵੋਹਰਾ, ਜੈ ਗੁਪਾਲ, ਪੀ ਐਨ ਘੋਸ਼ ਤੇ ਮਨਮੋਹਨ ਬੈਨਰਜੀ ਸ਼ਾਮਲ ਸਨ। ਇਨ੍ਹਾਂ ਵੱਲੋਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਦਿੱਤੀਆਂ ਗਵਾਹੀਆਂ ਬਦਲੇ ਜੈ ਗੋਪਾਲ ਨੂੰ 20,000 ਰੁਪਏ ਨਕਦ ਇਨਾਮ ਅਤੇ ਪੀ ਐਨ ਘੋਸ਼ ਅਤੇ ਮਨਮੋਹਨ ਬੈਨਰਜੀ ਨੂੰ ਬਿਹਾਰ ਦੇ ਜ਼ਿਲ੍ਹਾ ਚੰਪਾਰਨ ਵਿੱਚ 50-50 ਏਕੜ ਜ਼ਮੀਨ ਦਿੱਤੀ ਗਈ ਸੀ। ਹੰਸਰਾਜ ਵੋਹਰਾ ਨੇ ਸਰਕਾਰ ਕੋਲੋਂ ਕੋਈ ਆਰਥਿਕ ਮਦਦ ਨਾ ਲੈ ਕੇ ਸਰਕਾਰ ਦੀ ਲੰਡਨ ਯੂਨੀਵਰਸਿਟੀ ਆਫ ਇਕਨਾਮਿਕਸ ਵਿੱਚ ਪੜ੍ਹਾਈ ਹਾਸਲ ਕਰਨ ਦੀ ਸਹੂਲਤ ਲੈ ਲਈ। ਉਸ ਨੇ ਬਾਅਦ ਵਿੱਚ ਮਿਲਟਰੀ ਗਜ਼ਟ ਲਾਹੌਰ ਲਈ ਬਤੌਰ ਪੱਤਰਕਾਰ ਨੌਕਰੀ ਕਰ ਲਈ। ਇਨ੍ਹਾਂ ਤੋਂ ਬਿਨਾ ਲਾਹੌਰ ਸੈਂਟਰਲ ਜੇਲ੍ਹ ਦੇ ਸੁਪਰਡੈਂਟ ਮੇਜਰ ਪੀ ਡੀ ਚੋਪੜਾ ਨੂੰ ਡੀ ਆਈ ਜੀ ਜੇਲ੍ਹ ਦੀ ਤਰੱਕੀ, ਆਈ ਜੀ ਜੇਲ੍ਹ ਲੈਫਟੀਨੈਂਟ ਕਰਨਲ ਐਫ ਏ ਵਰਕਰ ਨੂੰ ਨਾਇਟਹੁੱਡ/ ਸਰ ਦੀ ਉਪਾਧੀ ਅਤੇ ਭਗਤ ਸਿੰਘ ਹੁਰਾਂ ਦੇ ਕੇਸ ਦੇ ਜਾਂਚ ਅਧਿਕਾਰੀ ਐਸ ਪੀ ਖ਼ਾਨ ਬਹਾਦਰ ਅਬਦੁਲ ਅਜੀਜ਼ ਨੂੰ ਡੀ ਆਈ ਜੀ ਨਿਯੁਕਤ ਕੀਤਾ ਗਿਆ ਸੀ।

ਜੇਲ੍ਹ ਦੌਰਾਨ ਭਗਤ ਸਿੰਘ ਦੀ ਬੈਰਕ ਦੀ ਸਫ਼ਾਈ ਕਰਨ ਵਾਲਾ ਬੋਘਾ ਨਾਂ ਦਾ ਇੱਕ ਸਫਾਈ ਸੇਵਕ ਸੀ। ਉਹ ਭਗਤ ਸਿੰਘ ਦੇ ਵਿਚਾਰਾਂ ਵਿੱਚ ਡੂੰਘੀ ਰੁਚੀ ਲੈਂਦਾ ਸੀ। ਸ਼ਹੀਦ ਭਗਤ ਸਿੰਘ ਦਾ ਉਸ ਨਾਲ ਚੰਗਾ ਪਿਆਰ ਸੀ। ਭਗਤ ਸਿੰਘ ਉਸ ਨੂੰ ਪਿਆਰ ਨਾਲ ਕਹਿੰਦਾ ਕਿ ‘ਬੋਘਿਆ, ਤੇਰੇ ਹੱਥ ਦੀ ਰੋਟੀ ਖਾਣ ਨੂੰ ਬੜਾ ਦਿਲ ਕਰਦਾ ਹੈ।’ ਬੋਘੇ ਨੇ ਕਿਹਾ ਕਿ ‘ਭਗਤ ਸਿੰਘ, ਤੂੰ ਉੱਚ ਜਾਤੀ ਦਾ ਸਰਦਾਰ ਤੇ ਮੈਂ ਨੀਵੀਂ ਜਾਤੀ ਵਾਲਾ ਸਫ਼ਾਈ ਕਰਮਚਾਰੀ ਹਾਂ, ਤੂੰ ਮੇਰੇ ਹੱਥੋਂ ਰੋਟੀ ਕਿਵੇਂ ਖਾ ਲਏਂਗਾ।’ ਅਖੀਰ ਭਗਤ ਸਿੰਘ ਨੇ ਫਾਂਸੀ ਤੋਂ ਦੋ ਦਿਨ ਪਹਿਲਾਂ ਫਿਰ ਕਿਹਾ ਕਿ ‘ਬੋਘਿਆ, ਮੈਨੂੰ ਪਰਸੋਂ ਤਾਂ ਫਾਂਸੀ ਲੱਗ ਜਾਣੀ ਐ, ਹੁਣ ਮੇਰੀ ਆਖ਼ਰੀ ਇੱਛਾ ਪੂਰੀ ਕਰਦੇ।’ ਬੋਘੇ ਨੇ ਜਦੋਂ ਭਗਤ ਸਿੰਘ ਨੂੰ ਰੋਟੀ ਬਣਾ ਕੇ ਖਵਾਈ ਤਾਂ ਭਗਤ ਸਿੰਘ ਨੇ ਉਸ ਨੂੰ ਪਿਆਰ ਨਾਲ ਗਲੱਵਕੜੀ ਵਿੱਚ ਲਿਆ। ਬੋਘਾ ਰੋਂਦਾ ਹੋਇਆ ਭੁੱਬਾਂ ਮਾਰਦਾ ਕਹਿਣ ਲੱਗਾ ਕਿ ‘ਭਗਤ ਸਿੰਘ ਸ਼ੇਰਾ, ਤੇਰੇ ਵਰਗੇ ਸੂਰਬੀਰ ਵਾਰ-ਵਾਰ ਨਹੀਂ ਜੰਮਣੇ, ਭਗਤ ਸਿੰਘ ਤੇਰੀ ਘਾਟ ਦੇਸ਼ ਨੂੰ ਸਦਾ ਖਟਕਦੀ ਰਹੇਗੀ।’ ਇਹ ਸੁਣ ਕੇ ਭਗਤ ਸਿੰਘ ਨੇ ਉਸ ਨੂੰ ਕਿਹਾ ਕਿ ‘ਦੇਖੀਂ ਬੋਘਿਆ, ਹੁਣ ਸਾਡਾ ਦੇਸ਼ ਆਜ਼ਾਦ ਹੋ ਜਾਣਾ ਹੈ, ਇੱਥੇ ਸਭ ਨਫ਼ਰਤਾਂ, ਵਿਤਕਰੇ, ਜਾਤ-ਪਾਤ ਤੇ ਗ਼ਰੀਬੀ ਦੀਆਂ ਦੀਵਾਰਾਂ ਢਹਿ ਜਾਣਗੀਆਂ ਤੇ ਸਭ ਲੋਕ ਇੱਥੇ ਆਜ਼ਾਦ ਭਾਰਤ ਵਿੱਚ ਖ਼ੁਸ਼ੀ ਅਤੇ ਸਮਾਨਤਾ ਨਾਲ ਵੱਸਣਗੇ।’

ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ 23 ਮਾਰਚ 1931 ਨੂੰ ਸ਼ਹੀਦੀ ਜਾਮ ਪੀ ਗਏ। ਇਨ੍ਹਾਂ ਸ਼ਹਾਦਤਾਂ ਸਦਕਾ ਸਾਡੇ ਦੇਸ਼ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ, ਪਰ ਅਫ਼ਸੋਸ ਦੀ ਗੱਲ ਹੈ ਕਿ ਜਿਹੜੀਆਂ ਆਸਾਂ ਨਾਲ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਜਿਹੜੀ ਸੋਚ ਲੈ ਕੇ ਅੰਗਰੇਜ਼ੀ ਹਕੂਮਤ ਨਾਲ ਆਢਾ ਲਿਆ ਸੀ, ਉਹ ਪੂਰੀ ਨਾ ਹੋਈ। ਬੇਸ਼ੱਕ ਭਾਰਤ ਆਜ਼ਾਦ ਹੋ ਗਿਆ ਤੇ ਸੱਤਾ ਸਾਡੇ ਆਪਣੇ ਲੋਕਾਂ ਦੇ ਹੱਥ ਵਿੱਚ ਆ ਗਈ, ਇਸ ਦੇ ਬਾਵਜੂਦ ਇਹ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਨਹੀਂ ਬਣ ਸਕਿਆ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp