ਨਵੀਂ ਦਿੱਲੀ-ਐੱਸ ਸੀ/ਐੱਸ ਟੀ ਐਕਟ ‘ਚ ਸੋਧ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਦਲਿਤ ਸੰਗਠਨਾਂ ਦੇ ਸੱਦੇ ‘ਤੇ ਭਾਰਤ ਬੰਦ ਨੂੰ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਆਰ ਐੱਸ ਐੱਸ ਖਫਾ ਨਜ਼ਰ ਆ ਰਹੀ ਹੈ। ਬੰਦ ਦੌਰਾਨ ਹੋਈ ਹਿੰਸਾ ‘ਤੇ ਆਰ ਐੱਸ ਐੱਸ ਨੇ ਦੁੱਖ ਜਤਾਉਂਦਿਆਂ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਆੜ ‘ਚ ਸੰਘ ਖਿਲਾਫ ਇੱਕ ਜ਼ਹਿਰੀਲਾ ਦੁੱਸ਼ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਅਧਾਰਹੀਣ ਤੇ ਨਿੰਦਣਯੋਗ ਹੈ।
ਸੰਘ ਦੇ ਸੀਨੀਅਰ ਆਗੂ ਭਈਆਜੀ ਜੋਸ਼ੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਐੱਸ ਸੀ/ਐੱਸ ਟੀ ਐਟਰੋਸਿਟੀ ਐਕਟ ਦੀ ਵਰਤੋਂ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਹੋ ਰਹੀ ਹਿੰਸਾ ਬਦਕਿਸਮਤੀ ਵਾਲੀ ਹੈ। ਅਦਾਲਤ ਦੇ ਫੈਸਲੇ ਦੀ ਆੜ ‘ਚ ਜਿਸ ਤਰ੍ਹਾਂ ਸੰਘ ਬਾਰੇ ਜ਼ਹਿਰੀਲਾ ਦੁੱਸ਼ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਅਧਾਰਹੀਣ ਤੇ ਨਿੰਦਣਯੋਗ ਹੈ। ਆਰ ਐੱਸ ਐੱਸ ਦਾ ਅਦਾਲਤ ਦੇ ਫੈਸਲੇ ਨਾਲ ਕੋਈ ਸੰਬੰਧ ਨਹੀਂ।
ਜੋਸ਼ੀ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਦੁੱਸ਼ਪ੍ਰਚਾਰ ਦਾ ਸ਼ਿਕਾਰ ਨਾ ਹੋਵੋ ਅਤੇ ਦਾਅਵਾ ਕੀਤਾ ਕਿ ਸੰਘ ਜਾਤੀ ਦੇ ਨਾਂਅ ‘ਤੇ ਕਿਸੇ ਵੀ ਭੇਦਭਾਵ ਜਾਂ ਅੱਤਿਆਚਾਰ ਦੇ ਖਿਲਾਫ ਹੈ ਅਤੇ ਇਸ ਤਰ੍ਹਾਂ ਦੇ ਅੱਤਿਆਚਾਰਾਂ ਨੂੰ ਰੋਕਣ ਲਈ ਬਣਾਏ ਗਏ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ।