ਸੁਰਿੰਦਰ ਸਿੰਘ ਵਿਰਦੀ, ਛੇਹਰਟਾ :ਜੀਟੀ ਰੋਡ ਛੇਹਰਟਾ ਸਥਿਤ ਇਕ ਸਕੂਲ ਦੇ ਸਹਾਇਕ ਕੋਚ ਅਤੇ ਪੀਟੀਟੀ ਵਲੋਂ ਬੱਚਿਆਂ ਨੂੰ ਛੱਡਣ ਆਏ ਪਿਤਾ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਵੀ ਉਕਤ ਅਧਿਆਪਕਾਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ, ਜਦਕਿ ਸਕੂਲ ਮੈਨਜਮੈਂਟ ਨੇ ਉਕਤ ਅਧਿਆਪਕਾਂ ਖ਼ਿਲਾਫ਼ ਜਾਂਚ ਲਈ ਮੈਨੇਜਮੈਂਟ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਪੀੜਤ ਉਪਕਾਰ ਸਿੰਘ ਵਾਸੀ 4948/18 ਡੈਮ ਗੰਜ ਮੇਨ ਬਜ਼ਾਰ ਅੰਮਿ੍ਤਸਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨਿਮਰਤਪਾਲ ਕੌਰ ਚੌਥੀ ਜਮਾਤ ‘ਚ ਤੇ ਲੜਕਾ ਸਹਿਜਦੀਪ ਸਿੰਘ ਦੂਜੀ ਜਮਾਤ ਵਿਚ ਪੜ੍ਹਦੇ ਹਨ। ਹਰ ਰੋਜ਼ ਦੀ ਤਰ੍ਹਾਂ ਸ਼ੁੱਕਰਵਾਰ ਸਵੇਰੇ 7.30 ਵਜੇ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਗਿਆ ਤਾਂ ਉਸ ਨੇ ਮੀਂਹ ਕਾਰਨ ਸਕੂਲ ਅੰਦਰ ਖੜ੍ਹੀ ਮੈਡਮ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਦੇ ਅੰਦਰ ਤਕ ਛੱਡ ਸਕਦੇ ਹਨ।

ਉਸ ਨੇ ਦੱਸਿਆ ਕਿ ਜਦੋਂ ਉਹ ਮੈਡਮ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਸਕੂਲ ਦੇ ਸਹਾਇਕ ਕੋਚ ਤੇ ਪੀਟੀ ਅਧਿਆਪਕ ਨੇ ਉਸ ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜ਼ਬਰਦਸਤੀ ਉਸ ਨੂੰ ਮੋਟਰਸਾਈਕਲ ਤੋਂ ਉਤਾਰ ਲਿਆ ਤੇ ਸਕੂਲ ਦੇ ਅੰਦਰ ਲਿਜਾ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਥੇ ਮੌਜੂਦ ਬੱਚਿਆਂ ਦੇ ਮਾਪਿਆਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਛੁਡਵਾਇਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਪਿੰ੍ਸੀਪਲ ਨੂੰ ਮਾਮਲੇ ਦੀ ਜਾਂਚ ਕਰਨ ਤੇ ਸੀਸੀਟੀਵੀ ਕੈਮਰੇ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਤੋਂ ਹਨੇਰੀ ਆਉਣ ਕਾਰਨ ਸਕੂਲ ਦੇ ਬਾਹਰ ਲੱਗੇ ਕੈਮਰੇ ਖ਼ਰਾਬ ਹਨ, ਜਿਸ ਬਾਰੇ ਪ੍ਰਬੰਧਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਪਕਾਰ ਸਿੰਘ ਨੇ ਦੱਸਿਆ ਕਿ ਉਕਤ ਅਧਿਆਪਕਾਂ ਬਾਰੇ ਥਾਣਾ ਕੰਟੋਨਮੈਂਟ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਨਾਲ-ਨਾਲ ਕਾਰਵਾਈ ਲਈ ਸਕੂਲ ਪਿੰ੍ਸੀਪਲ ਨੂੰ ਵੀ ਲਿਖਤੀ ਦਰਖਾਸਤ ਦੇ ਦਿੱਤੀ ਹੈ। ਦੂਜੇ ਪਾਸੇ ਪਿੰ੍ਸੀਪਲ ਅਮਰਜੀਤ ਸਿੰਘ ਨੇ ਕਿਹਾ ਕਿ ਉਕਤ ਅਧਿਆਪਕਾਂ ਵੱਲੋਂ ਅਜਿਹੀ ਕਾਰਵਾਈ ਨਿੰਦਣਯੋਗ ਹੈ। ਉਹ ਮਾਪਿਆਂ ਵੱਲੋਂ ਦਿੱਤੀ ਸ਼ਿਕਾਇਤ ਨੂੰ ਜਾਂਚ ਲਈ ਪ੍ਰਬੰਧਕਾਂ ਨੂੰ ਭੇਜ ਕੇ ਤੁਰੰਤ ਕਾਰਵਾਈ ਕਰਵਾਉਣਗੇ। ਇਸ ਸਬੰਧੀ ਏਐੱਸਆਈ ਸ਼ਾਮ ਸੁੰਦਰ ਨੇ ਦੱਸਿਆ ਕਿ ਮਾਪਿਆਂ ਵੱਲੋਂ ਉਨਾਂ੍ਹ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੀ ਪੜਤਾਲ ਕਰਕੇ ਉਹ ਬਣਦੀ ਕਾਰਵਾਈ ਕਰਨਗੇ।