ਵੈਨਕੂਵਰ:- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਦਾ ਐਲਾਨ ਪਿਛਲੇ ਸਾਲ ਤਤਕਾਲੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਕੀਤਾ ਸੀ, ਪਰ ਮੌਜੂਦਾ ਐੱਨਡੀਪੀ ਸਰਕਾਰ ਨੇ ਇਸ ਨੂੰ ਲਾਗੂ ਕਰ ਦਿੱਤਾ ਹੈ। ਬੀਸੀ ਦੀ ਲੈਫਟੀਨੈਂਟ ਗਵਰਨਰ ਵੱਲੋਂ ਇਸ ਐਲਾਨ ਨੂੰ ਲਾਗੂ ਕੀਤੇ ਜਾਣ ’ਤੇ ਸਹੀ ਪਾ ਦਿੱਤੀ ਗਈ ਹੈ।
ਜਾਰੀ ਪੱਤਰ ਮੁਤਾਬਕ ਅਪਰੈਲ ਵਿੱਚ ਵਿਸਾਖੀ ਮੌਕੇ ਸਿੱਖ ਧਰਮ ਦਾ ਮੁੱਢ ਬੱਝਾ ਹੋਣ ਕਾਰਨ ਇਹ ਮਹੀਨਾ ਸਾਰੀ ਦੁਨੀਆਂ ’ਚ ਵਸੇ ਸਿੱਖਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਤੇ ਪਿਛਲੀ ਸਦੀ ਦੀ ਸ਼ੁਰੂਆਤ ਤੋਂ ਹੀ ਸਿੱਖਾਂ ਵੱਲੋਂ ਬੀਸੀ ’ਚ ਆਉਣ ਅਤੇ ਇਸ ਦੀ ਆਰਥਿਕਤਾ ’ਚ ਵੱਡਾ ਯੋਗਦਾਨ ਪਾਉਣ ਕਾਰਨ ਇਹ ਮਹੀਨਾ ਇਸ ਸੂਬੇ ਲਈ ਵੀ ਖ਼ਾਸ ਬਣ ਜਾਂਦਾ ਹੈ। ਇਸ ਫ਼ੈਸਲੇ ਦਾ ਸਿੱਖ ਜਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ। ਐਬਟਸਫੋਰਟ ਗੁਰਦੁਆਰਾ ਕਮੇਟੀ ਦੇ ਸਕੱਤਰ ਜਤਿੰਦਰ ਸਿੰਘ ਹੈਪੀ ਨੇ ਵੀ ਇਸ ਫ਼ੈਸਲੇ ’ਤੇ ਖ਼ੁਸ਼ੀ ਪ੍ਰਗਟ ਕੀਤੀ ਹੈ।