ਸਟੇਟ ਬਿਊਰੋ, ਕੋਲਕਾਤਾ : ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਨਵਪੁਕੁਰੀਆ ਇਲਾਕੇ ’ਚ ਬੈਂਕ ਦੇ ਰਿਕਵਰੀ ਏਜੰਟ ਜਹਾਂਗੀਰ ਆਲਮ ਦੀ ਗਾਹਕ ਨਿਮੇਸ਼ ਘੋਸ਼ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਆਲਮ ਜ਼ਿਲ੍ਹੇ ਦੇ ਸਾਗਰਪਾੜਾ ਥਾਣਾ ਖੇਤਰ ਦਾ ਰਹਿਣ ਵਾਲਾ ਸੀ।

ਜਾਣਕਾਰੀ ਮੁਤਾਬਕ ਨਿਮੇਸ਼ ਘੋਸ਼ ਨੇ ਉਸ ਬੈਂਕ ਤੋਂ ਕਰਜ਼ ਲਿਆ ਸੀ, ਜਿੱਥੇ ਜਹਾਂਗੀਰ ਰਿਕਵਰੀ ਏਜੰਟ ਸੀ। ਘੋਸ਼ ਕਾਫ਼ੀ ਸਮੇਂ ਤੋਂ ਕਿਸ਼ਤ ਦੀ ਅਦਾਇਗੀ ਨਹੀਂ ਸੀ ਕਰ ਰਿਹਾ। ਜਹਾਂਗੀਰ ਨੂੰ ਨਿਮੇਸ਼ ਦੇ ਘਰ ਕਿਸ਼ਤ ਦੀ ਰਕਮ ਲਿਆਉਣ ਲਈ ਭੇਜਿਆ ਗਿਆ ਸੀ। ਉੱਥੇ ਘੋਸ਼ ਨਾਲ ਉਸ ਦੀ ਕਾਫ਼ੀ ਬਹਿਸ ਹੋ ਗਈ। ਨਿਮੇਸ਼ ਨੇ ਉਸ ਨੂੰ ਰੁਪਏ ਵੀ ਨਹੀਂ ਦਿੱਤੇ। ਜਹਾਂਗੀਰ ਨੇ ਨਿਮੇਸ਼ ਨੂੰ ਬੈਂਕ ਵੱਲੋਂ ਬਹੁਤ ਸਖ਼ਤ ਕਾਰਵਾਈ ਕੀਤੇ ਜਾਣ ਦੀ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਪਰਤਦੇ ਸਮੇਂ ਜਹਾਂਗੀਰ ’ਤੇ ਨਿਮੇਸ਼ ਨੇ ਦਾਤੀ ਨਾਲ ਹਮਲਾ ਕਰ ਕੇ ਲਹੂ-ਲੁਹਾਣ ਕਰ ਦਿੱਤਾ ਤੇ ਮੌਕੇ ਤੋਂ ਭੱਜ ਗਿਆ। ਜਹਾਂਗੀਰ ਦੀ ਚੀਕ ਸੁਣ ਕੇ ਆਸਪਾਸ ਮੌਜੂਦ ਲੋਕ ਉੱਥੇ ਪਹੁੰਚੇ ਤੇ ਉਸ ਨੂੰ ਬੇਲਡਾਂਗਾ ਹਸਪਤਾਲ ਲੈ ਗਏ। ਉਦੋਂ ਤੱਕ ਜਹਾਂਗੀਰ ਦੀ ਮੌਤ ਹੋ ਚੁੱਕੀ ਸੀ। ਜਹਾਂਗੀਰ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ’ਚ ਕੇਸ ਦਰਜ ਕਰਵਾ ਦਿੱਤਾ ਹੈ।