ਬੇਟੀ ਦੇ ਵਿਆਹ ਸਮੇਂ ਦੂਜਿਆਂ ਦੀਆਂ ਬੇਟੀਆਂ ਉਤੇ ਮੈਲੀ ਅੱਖ ਸੁੱਟਣ ਦਾ ਮੌਕਾ ਨਾ ਦਿਉ ਸ਼ਰਾਬੀਆਂ ਨੂੰ!

ਬਠਿੰਡਾ ਗੋਲੀ ਕਾਂਡ ਦੀਆਂ ਤਸਵੀਰਾਂ ਵਾਰ-ਵਾਰ ਵੇਖੀਆਂ। ਦਿਲ-ਦਿਮਾਗ਼ ਉਸ ਲੜਕੇ ਵਲੋਂ ਫੜੀ ਹੋਈ ਬੰਦੂਕ ਉਤੇ ਹੀ ਟਿਕਿਆ ਰਿਹਾ। ਵਾਰ-ਵਾਰ ਇਹ ਖ਼ਿਆਲ ਆਇਆ ਕਿ ਪੰਜਾਬ ਵਿਚ ਹੁਣ ਜੈਸਿਕਾ ਲਾਲ ਵਰਗੇ ਕਾਂਡ ਹੋਣੇ ਸ਼ੁਰੂ ਹੋ ਗਏ ਹਨ। ਇਹ ਵੀ ਖ਼ਿਆਲ ਆਇਆ ਕਿ ਹੁਣ ਕੁੜੀਆਂ ਨੂੰ ਕਿਸੇ ਦੇ ਪਿਆਰ ਨੂੰ ਨਕਾਰਨ ਦੇ ਨਤੀਜੇ ਵਜੋਂ ਬੰਦੂਕ ਦੀ ਗੋਲੀ ਦਾ ਸਾਹਮਣਾ ਹੀ ਕਰਨਾ ਪਵੇਗਾ। ਬੜੀ ਦੇਰ ਮਗਰੋਂ ਧਿਆਨ ਉਸ ਗਿਰਾਵਟ ਵਲ ਗਿਆ ਜਿਸ ਵਲ ਪਹਿਲਾਂ ਜਾਣਾ ਚਾਹੀਦਾ ਸੀ। ਖ਼ਾਸ ਕਰ ਕੇ ਇਕ ਔਰਤ ਹੋਣ ਨਾਤੇ, ਮੈਂ ਵੀ ਇਸ ਸੋਚ ਸਾਹਮਣੇ ਹਾਰ ਗਈ। ਜਿਸ ਦ੍ਰਿਸ਼ ਵਿਚ ਕੁੜੀਆਂ ਸਟੇਜ ਉਤੇ ਨੱਚ ਰਹੀਆਂ ਸਨ, ਉਹ ਕਿਸੇ ਦੀ ਬੇਟੀ ਦੇ ਵਿਆਹ ਦਾ ਜਸ਼ਨ ਸੀ ਜਿਥੇ ਕੁੜੀਆਂ ਦੇ ਸਰੀਰਾਂ ਦੀ ਨੁਮਾਇਸ਼ ਹੋ ਰਹੀ ਸੀ। ਸ਼ਰਾਬ ਪੀਂਦੇ ਕਈ ਲੋਕ ਉਨ੍ਹਾਂ ਕੁੜੀਆਂ ਨੂੰ ਵੇਖ ਕੇ ਮਜ਼ੇ ਲੈ ਰਹੇ ਸਨ। ਉਹ ਕੁੜੀਆਂ ਇਨ੍ਹਾਂ ਮਰਦਾਂ ਵਾਸਤੇ ‘ਚੀਜ਼ਾਂ’ ਹੀ ਸਨ। ਇਸੇ ਕਰ ਕੇ ਤਾਕਤ ਤੇ ਸ਼ਰਾਬ ਦੇ ਨਸ਼ੇ ਵਿਚ ਧੁਤ ਇਕ ਨੌਜੁਆਨ ਨੇ ਉਸ ਮਾਂ ਬਣਨ ਵਾਲੀ ਕੁੜੀ ਨੂੰ ਅਪਣੀ ਮੈਲੀ ਅੱਖ ਦਾ ਸ਼ਿਕਾਰ ਬਣਾਉਣਾ ਚਾਹਿਆ। ਜਿਥੇ ਇਕ ਬੇਟੀ ਨੂੰ ਅਸੀ ਡੋਲੀ ਵਿਚ ਬਿਠਾ ਕੇ ਵਿਦਾ ਕਰਦੇ ਹਾਂ, ਉਥੇ ਅਪਣੀਆਂ ਹੋਰ ਬੇਟੀਆਂ ਨੂੰ ਸਰੀਰ ਦੀ ਨੁਮਾਇਸ਼ ਕਰਨ ਵਾਸਤੇ ਬੁਲਾਇਆ ਜਾਂਦਾ ਹੈ।

ਵਿਆਹ ਨੂੰ ਤਾਂ ਸਮਾਜਕ ਪਵਿੱਤਰਤਾ ਦਾ ਸੱਭ ਤੋਂ ਉੱਚ ਰਿਸ਼ਤਾ ਦਸਿਆ ਗਿਆ ਹੈ। ਪੰਜਾਬੀ ਵਿਆਹਾਂ ਵਿਚ ਟੱਪੇ, ਬੋਲੀਆਂ, ਗਿੱਧਾ, ਭੰਗੜਾ, ਢੋਲਕਾਂ ਗੂੰਜਦੀਆਂ ਸਨ ਪਰ ਹੁਣ ਕਾਲੇ ਚਸ਼ਮੇ, ਧੀਆਂ ਦੇ ਜਿਸਮਾਂ ਦੀ ਨੁਮਾਇਸ਼ ਤੇ ਪਿਤਾ ਬਰਾਬਰ ਆਦਮੀ ਉਨ੍ਹਾਂ ਨੂੰ ਅੱਖਾਂ ਨਾਲ ਨੋਚਦੇ ਵੇਖੇ ਜਾਂਦੇ ਹਨ। ਇਹ ਕਿਸ ਤਰ੍ਹਾਂ ਦੀ ਦੁਨੀਆਂ ਬਣਾ ਰਹੇ ਹਾਂ ਅਸੀ ਜਿਥੇ ਔਰਤਾਂ ਨੂੰ ਵਸਤੂ ਵਾਂਗ ਵੇਖਿਆ ਜਾਂਦਾ ਹੈ? ਜੇ ਨੱਚਣਾ ਇਕ ਵਿਆਹ ਦੀ ਸ਼ਾਨ ਵਧਾਉਂਦਾ ਹੈ ਤਾਂ ਉਸ ਮੰਚ ਉਤੇ ਮੁੰਡੇ ਕਿਉਂ ਨਹੀਂ ਸਨ ਤੇ ਔਰਤਾਂ ਦੇ ਹੱਥਾਂ ਵਿਚ ਬੰਦੂਕਾਂ ਕਿਉਂ ਨਹੀਂ ਸਨ? ਅਸੀ ਬੇਟੀਆਂ ਨੂੰ ਪੜ੍ਹਾ ਲਿਖਾ ਕੇ ਅੱਗੇ ਲਿਆ ਰਹੇ ਹਾਂ ਪਰ ਬਰਾਬਰੀ ਦਾ ਮੰਚ ਨਹੀਂ ਦੇ ਰਹੇ। ਜਦ ਤਕ ਔਰਤਾਂ ਨੂੰ ਇਕ ਵਸਤੂ ਵਜੋਂ ਵੇਖਿਆ ਜਾਂਦਾ ਰਹੇਗਾ, ਬੇਟੀਆਂ ਵਾਸਤੇ ਬਰਾਬਰੀ ਹਾਸਲ ਨਹੀਂ ਕੀਤੀ ਜਾ ਸਕੇਗੀ। ਅੱਜ ਐਸ.ਜੀ.ਪੀ.ਸੀ. ਵਲੋਂ ਇਹ ਤਹਿਕੀਕਾਤ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਵਲੋਂ ਸਿਰ ਢੱਕਣ ਲਗਿਆਂ ਇਕ ਟੋਪੀ ਪਾਉਣ ਨਾਲ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਦੀ ਹੈ ਜਾਂ ਨਹੀਂ। ਪਹਿਲਾ ਗ਼ੈਰ ਸਿੱਖ ਪ੍ਰਧਾਨ ਮੰਤਰੀ ਸਿਰ ਢੱਕ ਕੇ ਆਇਆ, ਲੰਗਰ ਦੀ ਸੇਵਾ ਕਰ ਕੇ ਗਿਆ, ਅਸੀ ਉਸ ਦੇ ਵੀ ਵਾਲ ਉਖਾੜਨਾ ਚਾਹੁੰਦੇ ਹਾਂ ਪਰ ਇਹ ਨਹੀਂ ਸੋਚਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਹੋਣ ਵਾਲੇ ਵਿਆਹ ਦੇ ਪਹਿਲੇ ਜਸ਼ਨਾਂ ਵਿਚ ਔਰਤਾਂ ਦੀ ਕਿਸ ਤਰ੍ਹਾਂ ਬੇਇੱਜ਼ਤੀ ਹੋ ਰਹੀ ਹੈ। ਹੁਕਮਨਾਮੇ ਕੱਢ ਦਿੰਦੇ ਹਾਂ ਕਿ ਸਹਿਜਧਾਰੀ ਸਿੱਖ ਨਹੀਂ ਹੁੰਦੇ ਪਰ ਜੋ ਲੋਕ ਅਪਣੇ ਆਪ ਨੂੰ ਦਿਖਾਵੇ ਵਜੋਂ ਸਿੱਖ ਕਹਾਉਂਦੇ ਹਨ, ਉਹ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਬਾਣੀ ਦੀ ਪ੍ਰਤੱਖ ਉਲੰਘਣਾ ਕਰਦੇ ਹਨ ਪਰ ਕਿਸੇ ਨੂੰ ਕੋਈ ਇਤਰਾਜ਼ ਨਹੀਂ!

ਔਰਤਾਂ ਪ੍ਰਤੀ ਸਤਿਕਾਰ ਦੀ ਭਾਵਨਾ ਘੱਟ ਹੀ ਨਜ਼ਰ ਆਉਂਦੀ ਹੈ। ਤੇ ਅਫ਼ਸੋਸ ਕਿ ਸਾਡੇ ਸਮਾਜਕ, ਧਾਰਮਕ, ਸਿਆਸੀ ਤਾਣੇ ਬਾਣੇ ਵਿਚ ਔਰਤਾਂ ਦਾ ਇਕ ਵਸਤੂ ਵਾਂਗ ਸ਼ੋਸ਼ਣ ਇਸ ਤਰ੍ਹਾਂ ਘੁਲ ਮਿਲ ਗਿਆ ਹੈ ਕਿ ਬਹੁਤਿਆਂ ਨੂੰ ਇਹ ਗ਼ਲਤੀ ਨਜ਼ਰ ਆਉਣੀ ਵੀ ਬੰਦ ਹੋ ਗਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

ਸਰੀ ਦੇ 19ਵੇਂ ਫਿਊਜ਼ਨ ਫ਼ੈਸਟੀਵਲ ਵਿੱਚ ਵਿਭਿੰਨ ਸੱਭਿਆਚਾਰਾਂ ਨੇ ਲਾਈ ਰੌਣਕ: 80,000 ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ

ਸਰੀ ਸੌਕਰ ਫੈਨ ਜ਼ੋਨਜ਼ ਵਿੱਚ ਫੀਫਾ ਵਿਸ਼ਵ ਕੱਪ 2026™ ਦੌਰਾਨ 175,000 ਤੋਂ ਵੱਧ ਪ੍ਰਸ਼ੰਸਕਾਂ ਨੇ ਕੀਤੀ ਸ਼ਮੂਲੀਅਤ

ਸਰੀ, ਬੀ.ਸੀ. – ਇਨ੍ਹਾਂ ਗਰਮੀਆਂ ਵਿੱਚ ਸਿਟੀ ਆਫ਼ ਸਰੀ ਵੱਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2026™ ਸੌਕਰ ਫੈਨ ਜ਼ੋਨਾਂ ਵਿੱਚ 175,000ਤੋਂ ਵੱਧ ਪ੍ਰਸ਼ੰਸਕ ਸਰੀ ਭਰ ਵਿੱਚ ਇਕੱਠੇ ਹੋਏ। ਛੇ ਹਫ਼ਤਿਆਂ ਅਤੇ ਚਾਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.