Ad-Time-For-Vacation.png

ਬਾਬਾ ਜੀ ਦਾ ਪੁਰਬ ਬਨਾਮ…..

-: ਗੁਰਦੇਵ ਸਿੰਘ ਸੱਧੇਵਾਲੀਆ

ਸਾਲ ਬਾਅਦ ਬਾਬਾ ਜੀ ਦਾ ਜਨਮ ਦਿਨ ਆਉਂਦਾ ਹੈ। ਸਾਲ ਬਾਅਦ ਕਹਾਣੀਆਂ ਜਨਮ ਲੈਦੀਆਂ ਹਨ। ਸਾਲ ਬਾਅਦ ਸਭ ਨੂੰ ਹੋਸ਼ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਧਰਤੀ ‘ਤੇ ਆਏ ਸਨ। ਫਿਰ ਬਾਬਾ ਜੀ ਦੀ ਸੁੱਕੀ ਖੇਤੀ ਹਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸੱਪ ਫਨ ਚੁੱਕ ਲੈਂਦਾ ਹੈ ਬਾਬਾ ਜੀ ਨੂੰ ਛਾਂ ਕਰਨ ਨੂੰ। ਸਾਧੂਆਂ ਨੂੰ ਭੁੱਖ ਲੱਗ ਜਾਂਦੀ ਹੈ, ਤੇ ਬਾਬਾ ਜੀ ਉਨ੍ਹਾਂ ਨੂੰ 20 ਰੁਪਏ ਦਾ ਲੰਗਰ ਲਾਉਂਦੇ ਹਨ। 5-7 ਕੁ ਸਾਖੀਆਂ ਹਨ ਜਿਹੜੀਆਂ ਕਰੀਬਨ ਹਰੇਕ ਰਾਗੀ-ਢਾਡੀ ਨੇ ਰਟੀਆਂ ਹੋਈਆਂ ਹਨ, ਤੇ ਉਹ ਸੁਣਾ ਕੇ ਅਪਣੀ ‘ਖੇਤੀ ਹਰੀ’ ਕਰ ਲੈਂਦੇ ਹਨ।

ਪਰ ਉਧਰ ਗੁਰੂ ਨਾਨਕ ਸਾਹਿਬ ਜੀ ਦੀ ਵੇਦਨਾ ਵੇਖੋ

ਹਉਂ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨ ਕੋਈ||

ਹੈ ਕੋਈ ਰਾਹ ਇਸ ਅੰਧੇਰ ਗਰਦੀ ਵਿੱਚ? ਪਰ ਇਹ ਅੰਧੇਰਾ ਦਿੱਸਦਾ ਕਿਸੇ ਗ੍ਰੰਥੀ ਭਾਈ ਜਾਂ ਕਿਸੇ ਗੁਰਦੁਆਰੇ ਦੇ ਚੌਧਰੀ ਨੂੰ? ਕੌਣ ਸਮਝੇ ਬਾਬਾ ਜੀ ਦੀ ਇਸ ਵੇਦਨਾ ਨੂੰ? ਮੱਝਾਂ ਚਾਰਨ ਜਾਂ ਖੇਤੀਆਂ ਹਰੀਆਂ ਹੋਣ ਨਾਲ ਕਿਸੇ ਨੂੰ ਰਾਹ ਦਿੱਸ ਪਵੇਗਾ? ਗੁਰੂ ਸਾਹਿਬ 35 ਹਜਾਰ ਮੀਲ ਤੁਰਕੇ ਲੁਕਾਈ ਦੇ ਦਰਵਾਜਿਆਂ ਤੇ ਗਏ। ਕੀ ਦੱਸਣ? ਕਿ ਮੈਂ ਖੇਤੀਆਂ ਹਰੀਆਂ ਕਰਕੇ ਆਇਆਂ? ਬਾਬਾ ਜੀ ਕੀ ਇਹ ਜ਼ਿਕਰ ਕਰਨ ਗਏ ਸਨ ਕਿ ਵੇਖੋ ਲੋਕੋ ਮੇਰੇ ਉਪਰ ਸੱਪਾਂ ਛਾਵਾਂ ਕੀਤੀਆਂ?

ਬਾਬਾ ਜੀ ਨੇ ਸੱਜਣ ਵਰਗੇ ਹਤਿਆਰਿਆਂ ਦੇ ਜੀਵਨ ਬਦਲ ਦਿੱਤੇ। ਉਹ ਕਿਹੜੀ ਗੱਲ ਸੀ ਜਿਸ ਨਾਲ ਭੂਮੀਏ ਵਰਗੇ ਡਾਕੂ ਸੰਤ ਬਣ ਗਏ? ਉਹ ਇਨਕਲਾਬੀ ਬਚਨ ਬਾਬਾ ਜੀ ਦੇ ਕਿਥੇ ਲੱਭਦੇ ਸਿੱਖ ਸਟੇਜਾਂ ਤੇ ਜਿਨ੍ਹਾਂ ਬਾਬਰ ਵਰਗਿਆਂ ਨੂੰ ਤਰੇਲੀਆਂ ਲੈ ਆਦੀਆਂ। ਉਹ ਬਚਨ ਸਾਡੇ ਕੋਲੋਂ ਕੀ ਗਵਾਚ ਗਏ? ਲੱਭ ਨਹੀਂ ਰਹੇ? ਨਹੀਂ! ਉਨ੍ਹਾਂ ਬਚਨਾਂ ਉਪਰ ਅਸੀਂ ਹੁਣ ਬੋਲੀਆਂ ਲਾ ਦਿੱਤੀਆਂ। ਅਖੰਡ ਪਾਠ ਇੰਨੇ ਦਾ। ਸਹਿਜ ਇੰਨੇ ਦਾ ਅਤੇ ਸੰਪਟ ਇੰਨੇ ਦਾ!! ਵਪਾਰੀ ਦੀ ਦੁਕਾਨ ਵਿਚੋਂ ਕਦੇ ਕਿਸੇ ਇਨਕਲਾਬ ਨੇ ਜਨਮ ਲਿਆ ਸੁਣਿਆ ਤੁਸੀਂ?

ਵਪਾਰੀਆਂ ਕੀ ਕੀਤਾ।ਇੱਕ ਮਹੰਤ ਨੇ ਪੁਰਾਤਨ ਮਰਿਯਾਦਾ ਦੇ ਨਾਂ ਤੇ ਸ੍ਰੀ ਗੁਰੂ ਜੀ ਦੇ ਪਾਠ ਦੇ ਦੁਆਲੇ ਇਕ ਬਰਛੇ ਵਾਲਾ ਖੜਾ ਕਰ ਦਿੱਤਾ! ਰੇਡੀਓ ‘ਤੇ ਕਿਸੇ ਇਸ ਦਾ ਜ਼ਿਕਰ ਕੀਤਾ ਤਾਂ ਹੋਸਟ ਦਾ ਜਵਾਬ ਸੀ ਕਿ ਬਰਛੇ ਵਾਲਾ ਤਾਂ ਬਾਬਾ ਜੀ ਤੋਂ ਡਰਦੇ ਖੜਿਆਂ ਕੀਤਾ ਹੋਣਾ, ਕਿ ਕਿਤੇ ਸੱਚੀਂ ਬਾਬਾ ਜੀ ਆ ਹੀ ਨਾ ਜਾਣ!!

ਸੱਚ ਹੈ… ਅਸੀਂ ਡਰਦੇ ਹਾਂ ਕਿ ਬਾਬਾ ਜੀ ਸਚੀਂ ਨਾ ਆ ਜਾਣ। ਬਾਬਾ ਜੀ ਦੇ ਆ ਜਾਣ ਦੇ ਡਰ ਤੋਂ ਹੀ ਤਾਂ ਅਸੀਂ ਉਨ੍ਹਾਂ ਦੀ ਆਸਾ ਜੀ ਦੀ ਵਾਰ ਵਰਗੀ ਇਨਕਲਾਬੀ ਬਾਣੀ ਪੜਨੀ ਛੱਡਕੇ, ਬੱਤੀਆਂ ਬੰਦ ਕਰ ਲਈਆਂ ਹਨ। ਬੱਤੀਆਂ ਬੰਦ ਦਾ ਮੱਤਲਬ ਕੀ ਹੁੰਦਾ? ਕਿ ਇਸ ਘਰ ਵਿਚ ਕੋਈ ਨਹੀਂ ਕ੍ਰਿਪਾ ਕਰਕੇ ਇਸ ਦਾ ਦਰਵਾਜਾ ਨਾ ਖੜਕਾਉਂਣਾ। ਸੱਚੀਂ ਨਾ ਕਿਤੇ ਬਾਬਾ ਜੀ ਦਰਵਾਜਾ ਖੜਕਾ ਦੇਣ। ਬੱਤੀਆਂ ਜਗਦੀਆਂ ਹੋਣਗੀਆਂ ਤਾਂ ਉਨ੍ਹਾਂ ਖੜਕਾ ਹੀ ਦੇਣਾ ਹੈ। ਆਹ ਹੁਣੇ ਹਾਲੇ ਖੜਕਾਇਆ ਹੈ ਹਵਾਰੇ ਦਾ। ਉਸ ਹੱਥਕੜੀਆਂ ਲੱਗੀਆਂ ਤੋਂ ਵੀ ਬਾਣੀਏ ਦੇ ਕੰਨਾਂ ਚੋਂ ਸੇਕ ਕੱਢ ਦਿੱਤਾ ਕਿ ਐਵੇਂ ਮੂੰਹ ਚੁੱਕ ਕੇ ਸਿੱਖ ਦੀ ਦਸਤਾਰ ਵਲ ਫੇਰ ਨਾਂ ਆਵੀਂ। ਉਸ ਦੇ ਅੰਦਰ ਆਸਾ ਜੀ ਦੀ ਵਾਰ ਵਾਲੇ ਇਨਕਲਾਬੀ ਬਾਬਾ ਜੀ ਜਗਮਗਾ ਰਹੇ ਸਨ। ਜੇ ਉਹ ਵੀ ਬੰਦ ਬੱਤੀਆਂ ਵਾਲਾ ਜਾਂ ਭੋਰੇ ‘ਚ ਦੜ ਵੱਟੂ ਗੀਦੀ ਹੁੰਦਾ, ਤਾਂ ਅਗਲੇ ਪੱਗ ਲੈ ਕੇ ਔਹ ਜਾਣੀ ਸੀ।

ਬਾਹਰ ਲਾਇਟਾਂ ਅਤੇ ਲੜੀਆਂ ਲਾਈਆਂ ਕੀ ਕਰਨਗੀਆਂ ਅੰਦਰ ਤਾਂ ਮੈਂ ਹਨੇਰਾ ਕਰਕੇ ਬੈਠ ਗਿਆ। ਬਾਬਾ ਜੀ ਮੇਰੇ ਜੇ ਬਾਹਰ ਦੀਆਂ ਲੜੀਆਂ ਤੋਂ ਆਉਂਣ ਲੱਗਦੇ ਹੁੰਦੇ, ਤਾਂ ਡੇਰਿਆਂ ਵਿਚੋਂ ਉਸ ਦੇ ਨੂਰ ਦੀ ਝਲਕ ਨਾ ਪੈਂਦੀ। ਉਥੇ ਕਬਰਾਂ ਵਰਗੀ ਖਾਮੋਸ਼ੀ ਕਿਉਂ ਹੁੰਦੀ। ਉਥੋਂ ਸੱਚ ਦੇ ਭਾਂਬੜ ਨਾ ਮੱਚ ਉੱਠਦੇ। ਸਭ ਤੋਂ ਜਿਆਦਾ ਲੜੀਆਂ-ਫੁਲਝੜੀਆਂ ਲਾਉਂਣ ਵਾਲੇ ਸਭ ਅੱਜ ਦੇ ਕਸਾਈ ਰਾਜੇ ਯਾਨੀ ਬਾਦਲਾਂ ਦੀਆਂ ਟਿਕਟਾਂ ਤੇ ਕੀ ਇਲੈਕਸ਼ਨਾਂ ਲੜਦੇ?

ਬਾਬਾ ਜੀ ਦੀਆਂ ਕਹਾਣੀਆਂ ਬਣਾਓ, ਬਾਬਾ ਜੀ ਦੇ ਕੇਕ ਕੱਟੋ, ਬਾਬਾ ਜੀ ਦੇ ਪਾਠ ਕਰਾਓ, ਬਾਬਾ ਜੀ ਦੀਆਂ ਰੈਣ-ਸਬਾਈਆਂ ਕਰੋ, ਬਾਬਾ ਜੀ ਦੇ ਜਗਰਾਤੇ ਕਰੋ, ਬਾਬਾ ਜੀ ਦੀਆਂ ਰੱਜ ਕੇ ਵਾਰਾਂ ਗਾਓ ਤੇ ਸਾਰਾ ਸਾਲ ਮੌਜਾਂ ਕਰੋ।

ਇਧਰ ਗੁਰੂ ਸਾਹਿਬ ਦੇ ਪੁਰਬ ਤੇ ਇੱਕ ਨਵੀਂ ਕਹਾਣੀ ਤੁਰਦੀ ਹੈ। ਇੱਕ ਰੇਡੀਓ ਹੋਸਟ ਕਹਿ ਰਿਹੈ ਗੁਰੂ ਨਾਨਕ ਸਾਹਿਬ ਜੇ ਪ੍ਰਤਖ ਪ੍ਰਗਟ ਕੀਤੇ ਤਾਂ ਉਹ ਕਲੇਰਾਂ ਵਾਲਿਆਂ ਨੇ। ਸ੍ਰੀ ਗੁਰੂ ਗ੍ਰੰਥ ਸਹਿਬ ਵਿਚੋਂ ਪ੍ਰਗਟ ਕਰਕੇ ਉਨ੍ਹਾਂ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਇਆ।

ਸੁਣਨ ਵਾਲੇ ‘ਸਮਝਦਾਰ’ ਤਾਂ ਹੋਰ ਵੀ ਅਗੇ ਲੰਘ ਗਏ। ਨਹੀਂ ਜੀ ਉਨ੍ਹਾਂ ਇਕੱਲਿਆਂ ਦਰਸ਼ਨ ਨਹੀਂ ਸਨ ਕੀਤੇ, ਬਲਕਿ 20 ਹੋਰ ਪ੍ਰੇਮੀਆਂ ਨੂੰ ਦਰਸ਼ਨ ਕਰਾਏ। ਇਕ ਹੋਰ ਆਇਆ ਜੀ ਗੁਰੂ ਸਾਹਿਬ ਜੀ ਦੀ ਫੋਟੋ ਬਣਾਉਣ ਵਾਲੇ ਨੂੰ ਦੋ ਵਾਰ ਦਰਸ਼ਨ ਕਰਾਏ। ਕਿਉਂ? ਅਖੇ ਪਹਿਲੀ ਵਾਰ ਫੋਟੋ ਸਹੀ ਨਹੀਂ ਸੀ ਬਣੀ।

ਬਾਬਾ ਜੀ ਦਾ ਅਤੇ ਬਾਕੀ ਗੁਰੂ ਸਾਹਿਬਾਨਾ ਦਾ ਤਾਂ ਸਾਰਾ ਜੀਵਨ ਪੱਥਰਾਂ ਨੂੰ ਤੋੜਨ ਤੇ ਲੱਗ ਗਿਆ। ਲੁਕਾਈ ਦੇ ਮਨਾ ਵਿਚੋਂ ਉਨ੍ਹਾਂ ਮੂਰਤੀਆਂ ਸਦਾ ਲਈ ਪੂੰਝ ਸੁੱਟੀਆਂ ਪਰ ਇਧਰ ‘ਬਾਬੇ’ ਉਸੇ ਗੁਰੂ ਨੂੰ ਸੱਦ ਕੇ ਉਨ੍ਹਾਂ ਦੀ ਮੂਰਤੀ ਬਣਵਾ ਰਹੇ ਹਨ?

ਜਰਾ ਸੋਚ ਕੇ ਦੇਖੋ ਜਦ ਗੁਰੂ ਸਾਹਿਬ ਮੂਰਤੀ ਬਣਾਉਂਣ ਵਾਲੇ ਪੇਂਟਰ ਅਗੇ ਬੈਠੇ ਹੋਣਗੇ। ਉਹ ਬਾਬਾ ਜੀ ਨੂੰ ਹਦਾਇਤਾਂ ਦੇ ਰਿਹਾ ਹੋਵੇਗਾ ਕਿ ਇੰਝ ਮੁਸਕਰਾਓ, ਇੰਝ ਚਿਹਰਾ ਕਰੋ, ਇਧਰ ਨੂੰ ਮੁੱਖ ਕਰੋ!! ਇਸ ਤੋਂ ਵੱਡਾ ਮਖੌਲ ਹੋਰ ਕੀ ਹੈ, ਉਹ ਵੀ ਬਾਬਾ ਜੀ ਦੇ ਪੁਰਬ ਉੱਤੇ ਹੀ? ਸਭ ਤੋਂ ਪਹਿਲਾਂ ਇਹ ਮਖੌਲ ਕੀ ਸਚਮੁੱਚ ਕਲੇਰਾਂ ਵਾਲਿਆਂ ਨੇ ਉਡਾਇਆ ਸੀ, ਜਿਹੜਾ ਹੁਣ ਤੱਕ ਉਡ ਰਿਹਾ ਹੈ?

ਤੁਸੀਂ ਕਿਉਂ ਨਹੀਂ ਦੇਖ ਰਹੇ ਕਿ ਬਾਬਾ ਜੀ ਦਾ ਮੂਰਤੀ ਵਿਚ ਕਿਵੇਂ ਦਮ ਘੁੱਟ ਰਿਹਾ ਹੈ। ਲੁਕਾਈ ਦਾ ਮੂਰਤੀਆਂ ਤੋਂ ਖਹਿੜਾ ਛੁਡਵਾਉਣ ਵਾਲੇ ਬਾਬਾ ਜੀ ਖੁਦ ਮੂਰਤੀ ਬਣ ਕੇ ਰਹਿ ਗਏ ਹਨ, ਇਹ ਉਸ ਦੇ ਗੁਰਸਿੱਖਾਂ ਨੂੰ ਕਿਉਂ ਨਹੀਂ ਦਿੱਸਦੇ? ਉਸ ਦੇ ਪੁਰਬ ਤੇ ਇੰਨਾ ਕੰਮ ਤਾਂ ਕਰ ਜਾਓ ਗੁਰੂ ਦਿਓ ਸਿੱਖੋ, ਕਿ ਇਨ੍ਹਾਂ ਮੂਰਤੀਆਂ ਨੂੰ ਅੱਗ ਲਾ ਕੇ ਫੂਕ ਦਿਓ, ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਹਨ, ਕਿਉਂਕਿ ਇਹ ਮੂਰਤੀਆਂ ਮੇਰੇ ਬਾਬਾ ਜੀ ਦੀਆਂ ਨਹੀਂ। ਇਹ ਮੇਰੇ ਨਾਨਕ ਪਾਤਸ਼ਾਹ ਨਾਲ ਸਭ ਤੋਂ ਵੱਡਾ ਮਖੌਲ ਹੈ, ਜੇ ਨਹੀਂ ਯਕੀਨ ਬਾਬਾ ਜੀ ਦੀ ਬਾਣੀ ਵਿਚੋਂ ਖੋਜ ਲਓ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਸਿੱਖਾਂ ਬਾਰੇ ਭਰਮ ਭੁਲੇਖੇ

ਤਬਦੀਲੀ ਜਾਂ ਕ੍ਰਾਂਤੀ ਦੇ ਹਮਾਇਤੀ ਬਹੁਤ ਘੱਟ ਹੁੰਦੇ ਹਨ ਜਦਕਿ ਆਲੋਚਕਾਂ ਅਤੇ ਨਿੰਦਕਾਂ ਦੀ ਬਹੁਗਿਣਤੀ ਹੁੰਦੀ ਹੈ। ਕੋਈ ਛੋਟਾ-ਮੋਟਾ ਹਟਵਾਣੀਆ ਜਾਂ ਰੇਹੜੀ ਲਾਉਣ ਵਾਲਾ ਇਨਕਲਾਬ

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.