ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਜ਼ਿਲ੍ਹਾ ਬਰਨਾਲਾ ਨੇ ਆਪਣੇ 122 ਪਿੰਡਾਂ ਵਿੱਚੋਂ 50 ਫੀਸਦੀ ਪਿੰਡਾਂ ਨੂੰ ਖੁੱਲ੍ਹੇ ‘ਚ ਪਖਾਨੇ ਜਾਣ ਤੋਂ ਮੁਕਤ ਪਲੱਸ (ਓ.ਡੀ.ਐਫ ਪਲੱਸ) ਐਲਾਨ ਕੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ 2 ‘ਚ ਪੰਜਾਬ ਭਰ ਚ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ ਇਸ ਪ੍ਰਰਾਪਤੀ ਲਈ ਵਧਾਈ ਦਿੰਦਿਆਂ ਜਲ ਸਰੋਤ ਅਤੇ ਵਾਤਾਵਰਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਸ ਨਾਲ ਹੀ ਜ਼ਿਲ੍ਹਾ ਬਰਨਾਲਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਮਾਪਦੰਡਾਂ ਮੁਤਾਬਕ ਗ੍ਰੀਨ ਜ਼ੋਨ ਚੋਂ ਡਾਰਕ ਗ੍ਰੀਨ ਜ਼ੋਨ ‘ਚ ਦਾਖਲ ਹੋ ਗਿਆ ਹੈ। ਉਨਾਂ੍ਹ ਕਿਹਾ ਕਿ ਇਸ ਤੋਂ ਪਹਿਲਾਂ ਜੂਨ 2023 ‘ਚ ਬਰਨਾਲਾ ਨੇ ਜ਼ਿਲ੍ਹਾ ਬਰਨਾਲਾ ‘ਚ ਗ੍ਰੀਨ ਜ਼ੋਨ ‘ਚ ਚੌਥਾ ਸਥਾਨ ਹਾਸਲ ਕੀਤਾ ਸੀ। ਇਹ ਪ੍ਰਸ਼ੰਸਾ ਪੱਤਰ ਸਵੱਛ ਵਾਤਾਵਰਨ ਨੂੰ ਯਕੀਨੀ ਬਣਾਉਣ, ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਰੋਕਣ ਤੇ ਸਿੰਜਾਈ ਲਈ ਸੋਧੇ ਹੋਏ ਪਾਣੀ ਦੀ ਵਰਤੋਂ ਨੂੰ ਸਮਰੱਥ ਬਣਾਉਣ ‘ਚ ਮਦਦਗਾਰ ਸਾਬਤ ਹੋ ਰਹੀ ਹੈ। ਸਵੱਛ ਭਾਰਤ ਮਿਸ਼ਨ ਫੇਜ਼ 1 ਅਧੀਨ ਕੰਮ ਘਰਾਂ ‘ਚ ਪਖਾਨੇ ਬਣਾਉਣ ਤੇ ਉਹਨਾਂ ਦੀ ਵਰਤੋਂ ਉੱਤੇ ਕੀਤਾ ਗਿਆ ਸੀ। ਹੁਣ ਇਸ ਪੋ੍ਜੈਕਟ ਦੇ ਫੇਜ਼ 2 ਤਹਿਤ ਜਨਤਕ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ।

ਬਰਨਾਲਾ ਜ਼ਿਲ੍ਹੇ ‘ਚ 25 ਜੂਨ ਤੱਕ 31 ਪਿੰਡਾਂ ਨੂੰ ਓਡੀਐੱਫ ਪਲੱਸ ਐਲਾਨਿਆ ਗਿਆ ਸੀ ਤੇ ਹੁਣ 61 ਪਿੰਡਾਂ ਨੂੰ ਇਹ ਦਰਜਾ ਪ੍ਰਰਾਪਤ ਹੈ। ਸਵੱਛ ਭਾਰਤ ਮਿਸ਼ਨ ਰਾਹੀਂ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਨੂੰ ਸਵੱਛ ਤੇ ਸਿਹਤਮੰਦ ਵਾਤਾਵਰਣ ਲਈ ਠੋਸ ਤੇ ਤਰਲ ਰਹਿੰਦ-ਖੂੰਹਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ‘ਚ ਮਦਦ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਬਰਨਾਲਾ ਨੂੰ ਠੋਸ ਤੇ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਪਿੰਡ ਪੱਧਰ ‘ਤੇ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਟੀਚਾ ਦਿੱਤਾ ਗਿਆ ਸੀ। ਲਿਕਵਿਡ ਵੇਸਟ ਮੈਨੇਜਮੈਂਟ (ਗੰਦੇ ਪਾਣੀ ਦੇ ਪ੍ਰਬੰਧਨ) ਤਹਿਤ ਥਾਪਰ ਜਾਂ ਸੀਚੇਵਾਲ ਮਾਡਲ ਦੀ ਤਰਜ਼ ‘ਤੇ 61 ਪਿੰਡਾਂ ‘ਚ ਛੱਪੜਾਂ ਦਾ ਨਵੀਨੀਂਕਰਨ ਕੀਤਾ ਗਿਆ ਹੈ ਜਾਂ ਪਿੰਡ ਦੇ ਛੱਪੜਾਂ ਚ ਸਕ੍ਰੀਨਿੰਗ ਚੈਂਬਰ ਲਗਾ ਕੇ ਗੰਦੇ ਪਾਣੀ ਨੂੰ ਸਾਫ ਕੀਤਾ ਜਾ ਰਿਹਾ ਹੈ। ਇਸੇ ਤਰਾਂ੍ਹ, ਠੋਸ ਰਹਿੰਦ-ਖੂੰਹਦ ਸ਼ੇ੍ਣੀ ‘ਚ ਕੰਪੋਸਟ ਪਿਟ ਤੇ ਸ਼ੈਲਟਰ ਬਣਾਏ ਗਏ ਹਨ, ਜਿੱਥੇ ਠੋਸ ਰਹਿੰਦ-ਖੂੰਹਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕੀਤਾ ਜਾ ਰਿਹਾ ਹੈ।