ਸਟਾਫ ਰਿਪੋਰਟਰ, ਰੂਪਨਗਰ : ਫੂਡ ਅਤੇ ਡਰੱਗ ਕਮਿਸ਼ਨਰ ਪੰਜਾਬ ਅਭਿਨਵ ਤਿ੍ਖਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੀ ਸੇਧ ਮੁਤਾਬਿਕ ਫੂਡ ਸੇਫਟੀ ਟੀਮ ਰੂਪ ਨਗਰ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਰੂਪ ਨਗਰ, ਅਨੰਦਪੁਰ ਸਾਹਿਬ, ਕੀਰਤਪੁਰ ਵਿਖੇ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ 15 ਸੈਂਪਲ ਭਰੇ ਗਏ। ਚੈਕਿੰਗ ਦੌਰਾਨ ਟੀਮ ਵੱਲੋਂ ਵੱਖ-ਵੱਖ ਕਰਿਆਨਾ ਵਿਕਰੇਤਾ, ਹੋਟਲ, ਢਾਬੇ, ਡੇਅਰੀ, ਫਲ ਵੇਚਣ ਵਾਲੇ ਆਦਿ ਦੀ ਚੈਕਿੰਗ ਕੀਤੀ।

ਇਸ ਦੌਰਾਨ ਉਨ੍ਹਾਂ ਵੱਲੋਂ ਫੂਡ ਲਾਇਸੈਂਸ ਸਾਫ-ਸਫ਼ਾਈ ਅਤੇ ਖਾਣ-ਪੀਣ ਦੀਆਂ ਵਸਤਾਂ ਚੈੱਕ ਕੀਤੀਆਂ, ਜਿਨ੍ਹਾਂ ਦੁਕਾਨਦਾਰਾਂ ਕੋਲ ਫੂਡ ਲਾਇਸੈਂਸ ਨਹੀਂ ਸਨ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ ਉਨ੍ਹਾਂ ਦੇ ਕੰਮਕਾਜ ਬਾਰੇ ਹੋਰ ਧਿਆਨ ਦੇਣ ਯੋਗ ਨੁਕਤੇ ਦੀ ਜਾਣਕਾਰੀ ਦਿੱਤੀ। ਰੈਸਟੋਰੈਂਟ, ਢਾਬੇ ਦੀਆਂ ਰਸੋਈਆਂ ਵੀ ਚੈੱਕ ਕੀਤੀਆਂ ਗਈਆਂ। ਫੂਡ ਵਿਕਰੇਤਾ ਨੂੰ ਵਧੀਆ ਤੇ ਮਿਆਰੀ ਸਾਮਾਨ ਵਰਤਣ ਦੀ ਹਦਾਇਤ ਕੀਤੀ ਗਈ ਤਾਂ ਕਿ ਲੋਕਾਂ ਨੂੰ ਖਾਣ-ਪੀਣ ਦੀਆਂ ਵਧੀਆ ਵਸਤਾਂ ਮੁਹੱਈਆ ਹੋ ਸਕਣ। ਚੈਕਿੰਗ ਦੌਰਾਨ ਗਲੇ ਸੜੇ ਫਲ ਮੌਕੇ ‘ਤੇ ਹੀ ਨਸ਼ਟ ਕਰਵਾਏ ਗਏ। ਇਸ ਮੌਕੇ ਫੂਡ ਸੇਫਟੀ ਅਫਸਰ ਵੱਲੋਂ ਦੱਸਿਆ ਗਿਆ ਕਿ ਹਰ ਛੋਟੇ-ਵੱਡੇ ਦੁਕਾਨਦਾਰ ਲਈ ਫੂਡ ਲਾਇਸੈਂਸ ਬਣਾਉਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਛੇ ਮਹੀਨੇ ਤਕ ਦੀ ਸਜ਼ਾ ਅਤੇ 5 ਲੱਖ ਰੁਪਏ ਹੋ ਸਕਦਾ ਹੈ। ਫੂਡ ਸੇਫਟੀ ਦੀ ਵੈੱਬਸਾਈਟ ‘ਤੇ ਅਪਲਾਈ ਕਰ ਕੇ ਲਾਇਸੈਂਸ ਬਣਾਇਆ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ-ਕਮ-ਸਹਾਇਕ ਕਮਿਸ਼ਨਰ (ਫੂਡ ਸੇਫਟੀ ) ਅਤੇ ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹੇ ਅਧੀਨ ਹੋਟਲ, ਰੈਸਟੋਰੈਂਟ, ਦੁਕਾਨਾਂ ਫਾਸਟ ਫੂਡ, ਫਲ ਸਬਜ਼ੀਆਂ ਵਸਤੂਆਂ ਦੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਸਤੂਆਂ ਦੇ ਸੈਂਪਲ ਲੈ ਕੇ ਸਟੇਟ ਫੂਡ ਲੈਬ ਵਿੱਚ ਅੱਗੇ ਭੇਜ ਦਿੱਤੇ ਹਨ। ਉਨ੍ਹਾਂ ਨੇ ਖਾਣ-ਪੀਣ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਸ਼ੁੱਧ ਅਤੇ ਸਾਫ਼-ਸੁਥਰੀਆਂ ਵਸਤੂਆਂ ਹੀ ਵੇਚਣ ਅਤੇ ਸਫ਼ਾਈ ਦਾ ਖ਼ਾਸ ਧਿਆਨ ਰੱਖਣ। ਜੇਕਰ ਕਿਸੇ ਨੇ ਆਪਣੀ ਫੂਡ ਸੇਫਟੀ ਅਧੀਨ ਰਜਿਸਟੇ੍ਸ਼ਨ ਨਹੀਂ ਕਰਵਾਈ, ਉਹ ਜਲਦੀ ਤੋਂ ਜਲਦੀ ਆਪਣੀ ਰਜਿਸਟੇ੍ਸ਼ਨ ਕਰਵਾ ਲੈਣ।