Ad-Time-For-Vacation.png

ਪੰਝਾਬ ਦੇ ਚੋਣ ਨਤੀਜੇ ਕੀ ਸਬਕ ਦਿੰਦੇ ਹਨ…

ਜਸਪਾਲ ਸਿੰਘ ਹੇਰਾਂ

ਪੰਜਾਬ ਦੇ ਸੂਝਵਾਨ ਵੋਟਰਾਂ ਨੇ, ਜੋ ਉਨਾਂ ਨੂੰ ਚੰਗਾ ਲੱਗਿਆ ਕਰ ਦਿੱਤਾ। ਹੁਣ ਤਾਂ ਇਹੋ ਅਰਦਾਸ ਕੀਤੀ ਜਾਣੀ ਚਾਹੀਦੀ ਹੈ ਕਿ ਜੋ ਸੋਚ ਕੇ, ਪੰਜਾਬ ਦੇ ਲੋਕਾਂ ਨੇ ਫੈਸਲਾ ਲਿਆ ਹੈ, ਉਸ ਸੋਚ ਨੂੰ ਬੂਰ ਲੱਗੇ। ਪੰਜਾਬ ਦੇ ਲੋਕ ਜਿਹੜੇ ਬੇਹੱਦ ਸਤਾਏ ਹੋਏ ਹਨ, ਲੋੜ ਤੋਂ ਵੱਧ ਦੁੱਖੀ ਹਨ, ਉਨਾਂ ਨੂੰ ਕੱਲ ਨੂੰ ਕਿਤੇ ਆਪਣੇ ਇਸ ਫੈਸਲੇ ਤੇ ਪਛਤਾਉਣਾ ਨਾ ਪਵੇ। ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਨਹੀਂ ਕੈਪਟਨ ਦੇ ਹੱਕ ‘ਚ ਫੈਸਲਾ ਦਿੱਤਾ ਹੈ। ਉਨਾਂ ਨੇ ਇਹ ਫੈਸਲਾ ਕੈਪਟਨ ਨੂੰ ਬਾਦਲਾਂ ਨਾਲੋਂ ਕਿਤੇ ਚੰਗਾ ਸਿੱਖ ਮੰਨਦਿਆਂ, ਚੰਗਾ ਪ੍ਰਸ਼ਾਸਕ ਮੰਨਦਿਆਂ, ਕਿਸਾਨਾਂ ਦਾ ਹਮਦਰਦ ਮੰਨਦਿਆਂ, ਪੰਜਾਬ ਦੇ ਪਾਣੀਆਂ ਦਾ ਰਖ਼ਵਾਲਾ ਮੰਨਦਿਆਂ, ਉਸਦੀ ਕਹਿਣੀ ਤੇ ਕਰਨੀ ਨੂੰ ਇਕ ਮੰਨਦਿਆਂ ਅਤੇ ਖ਼ਾਸ ਕਰਕੇ ਚੋਣ ਮੁਹਿੰਮ ਦੀ ਸ਼ੁਰੂਆਤ ਸਮੇਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ, ਪੰਜਾਬ ‘ਚੋਂ ਚਾਰ ਹਫ਼ਤਿਆਂ ‘ਚ ਨਸ਼ਾ ਖ਼ਤਮ ਕਰਨ ਦੀ ਖਾਧੀ ਸਹੁੰ ਤੇ ਭਰੋਸਾ ਕਰਦਿਆਂ, ਇਕ ਪਾਸੜ ਜਿੱਤ ਉਸਦੀ ਝੋਲੀ ਪਾਈ ਹੈ। ਪੰਜਾਬ ਦੇ ਲੋਕਾਂ ਨੇ ਤਬਦੀਲੀ ਦੇ ਨਾਮ ਤੇ, ਆਪ ਦੀ ਥਾਂ ਕੈਪਟਨ ਨੂੰ ਚੁਣਿਆ ਹੈ। ਆਪ ਵੱਲੋਂ ‘ਆਮ ਆਦਮੀ’ ਨੂੰ ਪਰੇ ਧੱਕ ਕੇ, ਖ਼ਾਸ ਆਦਮੀਆਂ ਨੂੰ ਆਮ ਆਦਮੀ ਬਣਾਉਣ ਦੀ ਕੀਤੀ ਕੁਤਾਹੀ ਨੂੰ ਪੰਜਾਬ ਦੇ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ। ਉਨਾਂ ਨੇ ਆਮ ਆਦਮੀ ਦੇ ਉਨਾਂ ਉਮੀਦਵਾਰਾਂ ਨੂੰ ਹੀ ਜਿਤਾਇਆ, ਜਿਹੜੇ ਸੱਚੀ-ਮੁੱਚੀ ਆਮ ਆਦਮੀਆਂ ‘ਚੋਂ ਹਨ।

ਪੰਜਾਬ ਦੇ ਲੋਕਾਂ ਨੇ ਬਾਦਲਕਿਆਂ ਨੂੰ ਵੱਡਾ ਸਬਕ ਸਿਖਾਇਆ ਹੈ। ਭਾਵੇਂ ਕਿ ਬਾਦਲ ਪਿਉ-ਪੁੱਤਰ ਤੇ ਮਜੀਠੀਏ ਦੀ ਜਿੱਤ, ਉਨਾਂ ਨੂੰ ‘ਚੱਪਣੀ’ ‘ਚ ਨੱਕ ਡਬੋਣ ਵਾਲੀ ਨਮੋਸ਼ੀ ਤੋਂ ਬਚਾਅ ਗਈ, ਪ੍ਰੰਤੂ 25 ਸਾਲ ਰਾਜ ਕਰਨ ਦੇ ਦਮਗਜੇ ਅਤੇ 234 ਸੀਟਾਂ ਜਿੱਤਣ ਦੀ ‘ਝੇਡ’ ਦਾ ਪੰਜਾਬ ਦੇ ਲੋਕਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਹੈ। ‘ਰਾਜ ਨਹੀਂ ਸੇਵਾ’ ਨੂੰ ‘ਰਾਜ ਨਹੀਂ ਲੁੱਟ’ ਮੰਨਣ ਵਾਲੇ ਬਾਦਲਕਿਆਂ ਨੂੰ ਕਰਾਰਾ ਝਟਕਾ ਦਿੱਤਾ ਗਿਆ ਹੈ। ਇਹ ਝਟਕਾ ਪੰਜਾਬ ਕਾਂਗਰਸ ਤੇ ਖ਼ਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਲਈ ਬਹੁਤ ਵੱਡਾ ਸਬਕ ਹੋਣਾ ਚਾਹੀਦਾ ਹੈ। ਸਿਰ ਮੱਥੇ ਬਿਠਾਉਣ ਵਾਲੇ ਲੋਕ, ਸਿਰਫ਼ ਉਦੋਂ ਤੱਕ ਹੀ ਸਿਰ ਮੱਥੇ ਬਿਠਾਉਂਦੇ ਹਨ, ਜਦੋਂ ਤੱਕ ਉਨਾਂ ਦੇ ਮਨਾਂ ‘ਚ ਸਤਿਕਾਰ ਹੋਵੇ। ਜਦੋਂ ਮਾੜੀਆ ਕਰਤੂਤਾਂ ਕਾਰਣ ਇਹ ਸਤਿਕਾਰ ਖ਼ਤਮ ਹੋ ਜਾਂਦਾ ਹੈ, ਉਦੋਂ ਲੋਕ ਪਟਕ ਕੇ ਭੁੱਜੇ ਸੁੱਟਣ ‘ਚ ਵੀ ਦੇਰੀ ਨਹੀਂ ਕਰਦੇ। ਕੈਪਟਨ ਅਮਰਿੰਦਰ ਸਿੰਘ ਨੇ ਕੰਡਿਆਂ ਦਾ ਤਾਜ ਪਹਿਨਿਆ ਹੈ। ਇਸਨੂੰ ਫੁੱਲਾਂ ਦੇ ਤਾਜ ‘ਚ ਬਦਲਣ ਲਈ ਕੈਪਟਨ ਨੂੰ ਦ੍ਰਿੜ ਇੱਛਾ ਸ਼ਕਤੀ ਅਤੇ ਪੰਜਾਬ ਦਾ ਸੱਚਾ ਹਮਦਰਦ ਬਣਕੇ ਵਿਖਾਉਣਾ ਪਵੇਗਾ। ਗੁਰੂ ਸਾਹਿਬ ਦੀ ਬੇਅਦਬੀ ਬੰਦ ਕਰਵਾਉਣੀ ਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਸਭ ਤੋਂ ਪਹਿਲੀ ਤਰਜੀਹ ਹੋਵੇ ਅਤੇ ਉਸਤੋਂ ਬਾਅਦ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਖਾਧੀ ਸਹੁੰ ਨੂੰ ਪੂਰਾ ਕਰਨਾ ਹੋਵੇਗਾ। ਪੰਜਾਬ ਆਰਥਿਕ ਰੂਪ ‘ਚ ਦੀਵਾਲੀਆ ਹੋਣ ਦੇ ਕੰਢੇ ਖੜਾ ਹੈ, ਕੇਂਦਰ ਸਰਕਾਰ ਨੇ ਵੀ ਪੰਜਾਬ ਦੀ ਆਰਥਿਕ ਸਹਾਇਤਾ ਲਈ ਬਾਂਹ ਨਹੀਂ ਫੜਨੀ।

ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ‘ਚੋਂ ਭ੍ਰਿਸ਼ਟਾਚਾਰ ਤੇ ਮਾਫ਼ੀਏ ਦੇ ਖ਼ਾਤਮੇ ਲਈ ਆਪਣੀ ਦ੍ਰਿੜ ਇੱਛਾ ਸ਼ਕਤੀ ਵਿਖਾਉਂਦਿਆਂ ਪੰਜਾਬ ‘ਚ ਠੰਡੀ ਹਵਾ ਵੱਗਣ ਦਾ ਰਾਹ, ਪੱਧਰਾ ਕਰਨਾ ਪਵੇਗਾ। ਮੰਤਰੀ ਮੰਡਲ ਦਾ ਗਠਨ, ਬਜਟ, ਪਾਣੀਆਂ ਦੀ ਰਾਖ਼ੀ ਵਰਗੇ ਗੰਭੀਰ ਮੁੱਦੇ ਬਿਲਕੁਲ ਸਾਹਮਣੇ ਖੜੇ ਹਨ। ਚੋਣਾਂ ਸਮੇਂ ਕੈਪਟਨ ਦਾ ਬਦਲਿਆ ਰੂਪ, ਮੁੱਖ ਮੰਤਰੀ ਕੈਪਟਨ ‘ਚ ਵੀ ਵਿਖਾਈ ਦਿੰਦਾ ਰਹਿਣਾ ਚਾਹੀਦਾ ਹੈ। ਕੈਪਟਨ ਦੇ ਆਪਣੇ ਬੋਲਾਂ ਅਨੁਸਾਰ, ਇਹ ਉਸਦੀ ਆਖ਼ਰੀ ਚੋਣ ਪਾਰੀ ਹੈ। ਇਸ ਲਈ ਉਸਨੂੰ ਇਤਿਹਾਸਕ ਅਤੇ ਅਭੁੱਲ ਬਣਾਉਣ ਦੀ ਦ੍ਰਿੜ ਇੱਛਾ ਸ਼ਕਤੀ ਪੈਦਾ ਕਰਨੀ ਜ਼ਰੂਰੀ ਹੈ। ਜਿਵੇਂ ਪੰਜਾਬ ਨੂੰ ਚਾਰੇ ਪਾਸੇ ਤੋਂ ਸਮੱਸਿਆਵਾਂ, ਮੁਸ਼ਕਿਲਾਂ ਦਾ ਘੇਰਾ ਹੈ, ਉਵੇਂ ਹੀ ਕੈਪਟਨ ਨੂੰ ਚਾਰੇ ਪਾਸੇ ਤੋਂ ਘੇਰਾ ਹੈ। ਜੇ ਕੈਪਟਨ, ਪੰਜਾਬ ਦੇ ਲੋਕਾਂ ਵੱਲੋਂ ਉਸਨੂੰ ਦਿੱਤੀ ਵੱਡੀ ਹਮਾਇਤ ਨੂੰ ਬਰਕਰਾਰ ਰੱਖਦਾ ਹੈ ਤਾਂ ਉਹ ਸਾਰੀਆਂ ਚੁਣੌਤੀਆਂ ਦਾ ਬਾਖ਼ੂਬੀ ਸਾਹਮਣਾ ਕਰ ਸਕੇਗਾ। ਪ੍ਰੰਤੂ ਜੇ ਹੰਕਾਰੀ ਰਾਜਾ ਬਣ ਜਾਂਦਾ ਹੈ ਤਾਂ ਪੰਜਾਬ ਦੇ ਲੋਕਾਂ ਦਾ ਸਾਥ, ਜਿਵੇਂ ਪਹਿਲਾ ਗੁਆ ਲਿਆ ਸੀ, ਹੁਣ ਵੀ ਉਵੇਂ ਹੀ ਗੁਆਚ ਸਕਦਾ ਹੈ। ਕੈਪਟਨ ਨੂੰ ਇਹ ਬਾਖ਼ੂਬੀ ਯਾਦ ਰੱਖਣਾ ਹੋਵੇਗਾ ਕਿ ਜੇ ਉਸਨੂੰ ਪੰਜਾਬੀਆਂ ਦਾ ਪਿਆਰ ਨਾਂਹ ਮਿਲਿਆ ਹੁੰਦਾ, ਪੰਜਾਬੀ ਉਸਦੀ ਪਿੱਠ ਤੇ ਨਾਂਹ ਖੜੇ ਦਿੱਸਦੇ ਤਾਂ ਪਾਰਟੀ ਦੀ ਹਾਈਕਮਾਂਡ ਨੇ ਉਸਨੂੰ ਪੂੰਝ ਕੇ ਸੁੱਟ ਦੇਣਾ ਸੀ।

ਇਸ ਲਈ ਉਸਨੂੰ ਪੰਜਾਬੀਆਂ ਦਾ ਕੈਪਟਨ ਬਣ ਕੇ ਪੰਜਾਬ ਲਈ ਖੂਨ-ਪਸੀਨਾ ਵਹਾਉਣਾ ਹੋਵੇਗਾ, ਤਦ ਹੀ ਕੇਂਦਰੀ ਹਾਈਕਮਾਂਡ ਵੀ ਉਸਦੇ ਆਖੇ ‘ਚ ਰਹੇਗੀ। ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਇਹ ਅਲੌਕਾਰੀ ਜਿੱਤ, ਕੈਪਟਨ ਦੀ ਜਿੱਤ ਹੈ, ਉਸਤੇ ਪੰਜਾਬੀਆਂ ਵੱਲੋਂ ਕੀਤੇ ਭਰੋਸੇ ਦੀ ਜਿੱਤ ਹੈ। ਜਦੋਂ ਤੱਕ ਕੈਪਟਨ ਇਸ ਸੱਚ ਨੂੰ ਹਰ ਚੜਦੇ ਸੂਰਜ, ਉੱਠਣ ਸਾਰ ਯਾਦ ਰੱਖੇਗਾ, ਪੰਜਾਬੀ ਉਸ ਨਾਲ ਹਰ ਮੁਸ਼ਕਿਲ ‘ਚ ਡੱਟ ਕੇ ਖੜਨਗੇ, ਜੇ ਕੈਪਟਨ ਇਸ ਸੱਚ ਤੋਂ ਅੱਖਾਂ ਮੀਚਣ ਦਾ ਯਤਨ ਕਰੇਗਾ, ਤਾਂ ਉਹ ਪੰਜਾਬੀਆਂ ਨਾਲ ਵਿਸ਼ਵਾਸਘਾਤ ਹੋਵੇਗਾ ਤੇ ਵਿਸ਼ਵਾਸਘਾਤ ਦਾ ਹਸ਼ਰ ਕੀ ਹੁੰਦਾ ਹੈ, ਇਹ ਕੈਪਟਨ ਭਲੀਭਾਂਤ ਜਾਣਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ‘ਚ ਇਸ ਤਬਦੀਲੀ ਦੇ ਨਾਲ ਵਿਕਾਸ ਦਾ, ਖੁਸ਼ਹਾਲੀ ਦਾ, ਖੁਸ਼ੀਆਂ ਦਾ, ਖੇੜਿਆਂ ਦਾ, ਤਰੱਕੀ ਦਾ ਦੌਰ ਸ਼ੁਰੂ ਹੋਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.