Ad-Time-For-Vacation.png

ਅਕਾਲੀ ਦਲ ਦੀ ਵੱਡੀ ਹਾਰ ਮਗਰੋਂ ਵੀ ਬਾਦਲ ਸਾਹਿਬ ਨਹੀਂ ਬਦਲਣਗੇ!

ਕੀ 80 ਸਾਲਾਂ ਵਿਚ, ਸਿੱਖਾਂ ਦੇ ਹੱਕਾਂ ਲਈ ਪੁਰਅਮਨ ਅੰਦੋਲਨ ਕਰ ਕੇ ਅਕਾਲੀ ਦਲ ਨੇ ਕਦੇ ਅਮਨ ਕਾਨੂੰਨ ਲਈ ਖ਼ਤਰਾ ਪੈਦਾ ਕੀਤਾ ਸੀ? ਹੱਕਾਂ ਲਈ ਜੂਝਣਾ ਛੱਡ ਕੇ ਕੇਵਲ ਸੱਤਾ-ਪ੍ਰਾਪਤੀ ਨੂੰ ਜੀਵਨ ਦਾ ਇਕੋ-ਇਕ ਨਿਸ਼ਾਨਾ ਮਿਥ ਲੈਣਾ, ਅਪਣੀ ਘੱਟ-ਗਿਣਤੀ ਕੌਮ ਨਾਲ ਅਨਿਆਂ ਕਰਨਾ ਹੈ।

80 ਸਾਲ ਪੁਰਾਣੇ ਅਕਾਲੀ ਦਲ ਦਾ ਬੜਾ ਵਿਲੱਖਣ ਇਤਿਹਾਸ ਰਿਹਾ ਹੈ ਕਿ ਨਾ ਇਸ ਨੇ ਸਿੱਖ ਹੱਕਾਂ ਲਈ ਸੰਘਰਸ਼ ਕਰਨਾ ਛਡਿਆ, ਨਾ ਕਦੇ ਸ਼ਾਂਤਮਈ ਅੰਦੋਲਨ ਦਾ ਰਾਹ ਹੀ ਤਿਆਗਿਆ ਤੇ ਨਾ ਕਦੇ ਕਿਸੇ ਵੱਡੀ ਪਾਰਟੀ ਨਾਲ ਗਠਜੋੜ ਕਰ ਕੇ, ਅਪਣੀ ਆਜ਼ਾਦ ਸੋਚਣੀ ਨੂੰ ਤਿਆਗਣਾ ਹੀ ਮੰਨਿਆ। ਅਕਾਲੀ ਲਾਠੀਆਂ ਖਾਂਦੇ ਰਹੇ, ਜੁਰਮਾਨੇ ਭਰਦੇ ਰਹੇ, ਜੇਲਾਂ ਵਿਚ ਜਾ ਬਹਿੰਦੇ ਰਹੇ ਪਰ ਹੱਕਾਂ ਦੀ ਸ਼ਾਂਤਮਈ ਲੜਾਈ ਤੋਂ ਪਿੱਛੇ ਕਦੇ ਨਾ ਹਟੇ।

ਸ. ਪ੍ਰਕਾਸ਼ ਸਿੰਘ ਬਾਦਲ ਵੀ ਇਸੇ ਨੀਤੀ ਦੇ ਧਾਰਨੀ ਰਹੇ ਹਨ ਤੇ ਨੀਲੀ ਪੱਗ ਉਤੇ ਪੀਲਾ ਪਟਕਾ ਬੰਨ੍ਹ ਕੇ, ਪੰਜਾਬ ਅਤੇ ਸਿੱਖਾਂ ਦੇ ਹੱਕਾਂ ਲਈ ਜੇਲਾਂ ਵਿਚ ਵਾਰ ਵਾਰ ਜਾਂਦੇ ਰਹੇ। ਉਸ ਵੇਲੇ ਉਹ ਪੰਜਾਬੀ ਸੂਬਾ ਇਹ ਕਹਿ ਕੇ ਮੰਗਦੇ ਸਨ ਕਿ ਇਸ ਨਾਲ ਹਿੰਦੁਸਤਾਨ ਦਾ ਇਕੋ ਇਕ ਸਿੱਖ ਵਸੋਂ ਦੀ ਬਹੁਗਿਣਤੀ ਵਾਲਾ ਰਾਜ ਕਾਇਮ ਹੋ ਜਾਏਗਾ ਤੇ ਸਿੱਖਾਂ, ਪੰਜਾਬ ਤੇ ਪੰਜਾਬੀ ਨਾਲ ਜ਼ਿਆਦਤੀਆਂ ਬੰਦ ਹੋ ਜਾਣਗੀਆਂ ਕਿਉਂਕਿ ਬਹੁਗਿਣਤੀ ਸਿੱਖ ਵਸੋਂ, ਇਸ ਰਾਜ ਦੀ ਵਾਗਡੋਰ ਹਮੇਸ਼ਾ ਲਈ ਅਕਾਲੀ ਦਲ ਦੇ ਹੱਥ ਸੌਂਪ ਦੇਵੇਗੀ ਤੇ ਅਕਾਲੀ ਸਰਕਾਰ, ਕੋਈ ਜ਼ਿਆਦਤੀ ਹੋਣ ਹੀ ਨਹੀਂ ਦੇਵੇਗੀ।

1984 ਤਕ ਸਾਰੇ ਅਕਾਲੀ (ਬਾਦਲ ਸਾਹਿਬ ਸਮੇਤ) ਇਸ ਤਰ੍ਹਾਂ ਹੀ ਸੋਚਦੇ ਰਹੇ। ਬਾਦਲ ਸਾਹਿਬ ਦਾ ਆਖ਼ਰੀ ‘ਅਕਾਲੀ ਕਾਰਨਾਮਾ’ ਸ਼ਾਇਦ ਉਹ ਸੀ ਜਦੋਂ ਡਰਾਈਵਰ ਦਾ ਭੇਸ ਧਾਰਨ ਕਰ ਕੇ, ਸੰਵਿਧਾਨ ਦਾ ਇਕ ਆਰਟੀਕਲ ਪਾੜਨ ਲਈ ਦਿੱਲੀ ਜਾ ਪਹੁੰਚੇ ਸਨ ਜਾਂ ਜੇਲ ਦੇ ਗੇਟ ਉਤੇ ਚੜ੍ਹ ਕੇ ਪੰਥਕ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕਰਦੇ ਵੇਖੇ ਗਏ।

ਪਰ ’84 ਨੇ ਅਕਾਲੀਆਂ ਨੂੰ ਬਦਲ ਕੇ ਰੱਖ ਦਿਤਾ। ਗੱਲਬਾਤ ਦੌਰਾਨ ਕੇਂਦਰੀ ਲੀਡਰਾਂ ਕੋਲ ਸ਼ਿਕਾਇਤ ਕੀਤੀ ਗਈ ਕਿ, ”ਸਾਡੀ ਸਰਕਾਰ, ਹਰ ਵਾਰ ਅੱਧ ਵਿਚਕਾਰੋਂ ਤੋੜ ਦਿਤੀ ਜਾਂਦੀ ਹੈ ਤੇ ਸਾਨੂੰ ਕਦੇ ਵੀ ਅਪਣਾ ਕਾਰਜ-ਕਾਲ ਪੂਰਾ ਨਹੀਂ ਕਰਨ ਦਿਤਾ ਜਾਂਦਾ”¸ਤਾਂ ਕੇਂਦਰ ਵਾਲਿਆਂ ਨੇ ਜਵਾਬ ਦਿਤਾ, ”ਇਹ ਤਾਂ ਤੁਹਾਡੇ ਅਪਣੇ ਹੱਥ ਵਿਚ ਹੈ। ਤੁਸੀ ਅੱਜ ਵਾਅਦਾ ਕਰੋ ਕਿ 1984 ਨੂੰ ਇਸ ਤਰ੍ਹਾਂ ਭੁਲ ਜਾਉਗੇ ਜਿਵੇਂ ਹੋਇਆ ਹੀ ਕੁੱਝ ਨਹੀਂ ਸੀ। ਕੋਈ ਯਾਦਗਾਰ ਕਾਇਮ ਕਰਨ ਦੀ ਗੱਲ ਨਾ ਕਰੋ। ਸਿੱਖ ਮੰਗਾਂ ਦੀ ਗੱਲ ਕਰਨੀ ਛੱਡ ਦਿਉ। ਬਾਕੀ ਸੈਕੁਲਰ ਪਾਰਟੀਆਂ ਵਾਂਗ ਹੀ ਅਪਣੀ ਪਾਰਟੀ ਦਾ ਫ਼ਿਰਕੂ ਹੁਲੀਆ ਬਦਲ ਦਿਉ। ਸਿੱਖਾਂ ਦੀ ਗੱਲ ਹਰ ਵੇਲੇ ਕਰਦੇ ਰਹਿਣਾ ਛੱਡ ਦਿਉ। ਬੱਸ ਰਾਜ ਕਰਨ ਤੋਂ ਬਿਨਾਂ ਕਿਸੇ ਗੱਲ ਨੂੰ ਯਾਦ ਨਾ ਕਰੋ। ਅਸੀ ਤੁਹਾਨੂੰ ਕੁੱਝ ਵੀ ਨਹੀਂ ਆਖਾਂਗੇ ਤੇ 5 ਸਾਲ ਪੂਰੇ ਹੋਣ ਤੋਂ ਪਹਿਲਾਂ ਹੱਥ ਵੀ ਨਹੀਂ ਲਾਵਾਂਗੇ।”

ਸ. ਬਾਦਲ ਨੂੰ ਇਹ ਸਲਾਹ ਜੱਚ ਗਈ। ਪੰਥਕ ਪਾਰਟੀ ‘ਪੰਜਾਬੀ ਪਾਰਟੀ’ ਬਣਾ ਦਿਤੀ ਗਈ, 60 ਸਾਲ ਪੁਰਾਣੀਆਂ ਸੱਭ ਅਕਾਲੀ ਰਵਾਇਤਾਂ ਨੂੰ ਅਲਵਿਦਾ ਕਹਿ ਦਿਤਾ ਗਿਆ ਤੇ ਪੰਜ ਸਾਲ ਰਾਜ ਕਰਦੇ ਰਹਿਣਾ ਹੀ ਇਕੋ ਇਕ ਟੀਚਾ ਮਿਥ ਲਿਆ। ਨਿਰਵਿਘਨ ਸੱਤਾ ਤਾਂ ਮਿਲ ਗਈ ਪਰ ਸਿੱਖ ਦੂਰ ਹੋਣੇ ਸ਼ੁਰੂ ਹੋ ਗਏ। ਸਿੱਖ ਵੋਟਰਾਂ ਦੀ ਦੂਰੀ ਕਾਰਨ ਪੈਦਾ ਹੋਏ ਖਲਾਅ ਨੂੰ ਭਰਨ ਲਈ ਬਾਦਲ ਸਾਹਿਬ ਨੇ ਹਿੰਦੂ-ਸਿੱਖ ਏਕਤਾ ਦੇ ਨਾਂ ਤੇ ਬੀ.ਜੇ.ਪੀ. ਦਾ ਸਾਥ ਲੈ ਲਿਆ (ਜੋ ਬੀਤੇ ਵਿਚ ਹਰ ਸਿੱਖ ਤੇ ਪੰਜਾਬੀ ਮੰਗ ਦੀ ਵਿਰੋਧਤਾ ਦਾ ਹੀ ਦੂਜਾ ਨਾਂ ਹੁੰਦੀ ਸੀ)। ਸਿੱਖ ਹੋਰ ਦੂਰ ਹੋ ਗਏ ਤਾਂ ਕਮਿਊਨਿਸਟਾਂ ਦਾ ਸਾਥ ਲੈ ਕੇ ਕਮੀ ਪੂਰੀ ਕੀਤੀ। ਫਿਰ ਵੀ ਕਮੀ ਵਧਦੀ ਗਈ ਤਾਂ ਸੌਦਾ ਸਾਧ ਤੇ ਹੁਣ ਤਕ ਬਰਫ਼ ਵਿਚ ਲੱਗੇ ਬਾਬੇ ਵਰਗਿਆਂ ਦਾ ਸਾਥ ਲੈ ਲਿਆ, ਫਿਰ ਸੰਤ ਸਮਾਜ ਦਾ ਤੇ ਹੋਰ ਉਨ੍ਹਾਂ ਸਾਰਿਆਂ ਦਾ ਸਾਥ ਲੈ ਕੇ ਡੰਗ ਟਪਾਂਦੇ ਰਹੇ ਜਿਨ੍ਹਾਂ ਨੂੰ ‘ਪੰਥ ਵਿਰੋਧੀ’ ਕਹਿ ਕੇ ਅਕਾਲੀ ਉਨ੍ਹਾਂ ਦਾ ਵਿਰੋਧ ਕਰਦੇ ਰਹਿੰਦੇ ਸਨ।

ਡੰਗ ਟਪਾਈ ਤਾਂ ਹੁੰਦੀ ਰਹੀ ਪਰ 2017 ਦੀਆਂ ਚੋਣਾਂ ਨੇ ਉਹ ਕੌੜਾ ਸੱਚ ਉਜਾਗਰ ਕਰ ਹੀ ਦਿਤਾ ਹੈ ਜਿਸ ਵਲੋਂ ਅੱਖਾਂ ਚੁਰਾਈਆਂ ਜਾ ਰਹੀਆਂ ਹਨ। ਸਾਰੇ ‘ਪੰਥ ਵਿਰੋਧੀ’ ਵੋਟ ਰਲ ਕੇ ਵੀ ਉਸ ਪੰਜਾਬੀ ਸੂਬੇ ਵਿਚ ਅਕਾਲੀ ਦਲ ਨੂੰ ਨਾ ਬਚਾ ਸਕੇ ਜਿਹੜਾ ਪੰਜਾਬੀ ਸੂਬਾ ਲਿਆ ਹੀ ਇਹ ਕਹਿ ਕੇ ਗਿਆ ਸੀ ਕਿ ਇਸ ‘ਸਿੱਖ’ ਸੂਬੇ ਵਿਚ, ਅਕਾਲੀ ਦਲ ਨੂੰ ਕਦੇ ਕੋਈ ਹਰਾ ਨਹੀਂ ਸਕੇਗਾ। ਅਕਾਲੀ ਦਲ ਤੋਂ ਸਿੱਖਾਂ ਦੀ ਦੂਰੀ ਇਸ ਕਦਰ ਵੱਧ ਗਈ ਹੈ ਕਿ ਦਿੱਲੀ ਤੋਂ ਆ ਕੇ, ਹਰਿਆਣਵੀ ਆਗੂ (ਕੇਜਰੀਵਾਲ) ਇਥੇ 20 ਸੀਟਾਂ ਲੈ ਗਿਆ ਪਰ ਅਕਾਲੀ ਦਲ ਕੇਵਲ 15 ਸੀਟਾਂ ਹੀ ਲੈ ਸਕਿਆ। ਸੱਤਾ ਲਈ ਅਕਾਲੀ ਦਲ ਦੇ ਨਾਂ ਨੂੰ ਵਰਤਣ ਵਾਲਿਆਂ ਨੂੰ ਸ਼ਾਇਦ ਤਕਲੀਫ਼ ਨਾ ਹੁੰਦੀ ਹੋਵੇ ਪਰ ਸੱਚੇ ਸਿੱਖਾਂ ਨੂੰ ਅਕਾਲੀ ਦਲ ਦੀ ਇਹ ਹਾਲਤ ਵੇਖ ਕੇ ਤਕਲੀਫ਼ ਜ਼ਰੂਰ ਹੁੰਦੀ ਹੈ।

ਹੈਰਾਨੀ ਇਸ ਗੱਲ ਦੀ ਹੈ ਕਿ ਏਨੀ ਵੱਡੀ ਹਾਰ ਦਾ ਮੂੰਹ ਵੇਖਣ ਮਗਰੋਂ ਵੀ ਸ. ਪ੍ਰਕਾਸ਼ ਸਿੰਘ ਬਾਦਲ ਨਹੀਂ ਬਦਲੇ। ਚੋਣ-ਨਤੀਜਿਆਂ ਮਗਰੋਂ ਉਨ੍ਹਾਂ ਦਾ ਜੋ ਬਿਆਨ ਆਇਆ ਹੈ, ਉਹ ਇਹ ਨਹੀਂ ਕਹਿੰਦਾ ਕਿ ਦੂਰ ਚਲੇ ਗਏ ਸਿੱਖਾਂ ਨੂੰ ਨੇੜੇ ਲਿਆਉਣ ਦੇ ਯਤਨ ਅਰੰਭੇ ਜਾਣਗੇ ਤੇ ਸਿੱਖ ਏਕੇ ਲਈ ਯਤਨ ਕੀਤੇ ਜਾਣਗੇ ਸਗੋਂ ਅਪਣੀ ਹਾਰ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਦਸਿਆ ਗਿਆ ਹੈ ਜੋ ਗਰਮ ਗੱਲਾਂ ਕਰ ਕੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਤਬਾਹ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਬੀ.ਜੇ.ਪੀ. ਨਾਲ ਗਠਜੋੜ ਸਦਾ ਲਈ ਬਣਿਆ ਰਹੇਗਾ ਅਰਥਾਤ ਅਕਾਲੀ ਦਲ ਨੂੰ ਕਿਸੇ ਗ਼ੈਰ-ਸਿੱਖ ਪਾਰਟੀ ਦੀ ਅਧੀਨਗੀ ਹੇਠ ਰੱਖ ਦਿਤਾ ਜਾਵੇਗਾ ਭਾਵੇਂ ਉਸ ਨੇ ਹਾਲੀਆ ਯੂ.ਪੀ. ਚੋਣਾਂ ਵਿਚ ਇਕ ਵੀ ਸਿੱਖ (ਤੇ ਇਕ ਵੀ ਮੁਸਲਮਾਨ) ਨੂੰ ਟਿਕਟ ਨਹੀਂ ਦਿਤੀ ਤੇ ਪਿਛਲੇ 30-35 ਸਾਲਾਂ ਵਿਚ ਪੰਜਾਬ ਦੀ ਇਕ ਵੀ ਮੰਗ ਨਹੀਂ ਮੰਨੀ (ਸਿਵਾਏ ਪੰਜਾਬ ਦੀ ਇੰਡਸਟਰੀ ਹਿਮਾਚਲ ਵਿਚ ਭੇਜ ਦੇਣ ਅਤੇ ਪੰਜਾਬ ਦਾ ਬਾਕੀ ਬਚਦਾ ਪਾਣੀ ਵੀ ਖੋਹ ਕੇ ਦੇਸ਼ ਨੂੰ ਵੰਡ ਦੇਣ ਦਾ ਐਲਾਨ ਕਰ ਕੇ)।

ਸ. ਬਾਦਲ ਨੂੰ ਡਰ ਹੈ ਕਿ ਸਿੱਖਾਂ ਨੂੰ ਇਕੱਠਿਆਂ ਕਰਨ ਲਈ ਸਿੱਖ ਮੰਗਾਂ ਚੁਕਣੀਆਂ ਪੈਣਗੀਆਂ ਜੋ ਦਿੱਲੀ ਵਾਲਿਆਂ ਤੋਂ ਦੂਰ ਕਰ ਦੇਣਗੀਆਂ। ਸੋ ਉਹ ਨਹੀਂ ਬਦਲਣਗੇ ਹਾਲਾਂਕਿ ਜੇ ਉਹ ਅਪਣੀ ਗਠਜੋੜ-ਪਾਰਟੀ, ਬੀ.ਜੇ.ਪੀ. ਤੋਂ ਹੀ ਕੁੱਝ ਸਿਖਣਾ ਚਾਹੁਣ ਤਾਂ ਬੀ.ਜੇ.ਪੀ. ਨੇ ਸੱਤਾ ਦੀ ਖ਼ਾਤਰ ਅਪਣਾ ‘ਹਿੰਦੂ ਆਧਾਰ’ ਇਕ ਦਿਨ ਲਈ ਵੀ ਕਮਜ਼ੋਰ ਨਹੀਂ ਪੈਣ ਦਿਤਾ ਸਗੋਂ ਇਸ ਨੂੰ ਘੁਟ ਕੇ ਫੜੀ ਰੱਖਣ ਸਦਕਾ ਹੀ ਅੱਗੇ ਵੱਧ ਰਹੀ ਹੈ। ਅਕਾਲੀ ਦਲ ਅਗਰ ‘ਸਿੱਖ ਏਕਤਾ’ ਨੂੰ ਅਪਣਾ ਆਧਾਰ ਮੰਨਣੋਂ ਸ਼ਰਮਾਉਂਦਾ ਰਹੇਗਾ ਤਾਂ ਸੱਤਾ ਇਸ ਤੋਂ ਹਮੇਸ਼ਾ ਲਈ ਅਪਣੇ ਆਪ ਹੀ ਭੱਜ ਜਾਵੇਗੀ। 2017 ਦਾ ਇਹੀ ਸੰਦੇਸ਼ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.