ਲਖਵੀਰ ਖਾਬੜਾ, ਰੂਪਨਗਰ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਰੋਪੜ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵਿਦਿਆਰਥੀ ਮੰਗਾਂ ਦੀ ਪੂਰਤੀ ਲਈ ਸ਼ਹਿਰ ਵਿੱਚ ਰੋਸ ਮਾਰਚ ਕਰ ਕੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪ ਕੇ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ, ਜ਼ਿਲ੍ਹਾ ਪ੍ਰਧਾਨ ਰਾਣਾ ਪ੍ਰਤਾਪ ਰੰਗੀਲਪੁਰ ਨੇ ਕਿਹਾ ਕਿ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਵਜ਼ੀਫਾ ਸਕੀਮ ਦਾ ਘੇਰਾ ਵਧਾ ਕੇ ਦੁਬਾਰਾ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ ਅਤੇ ਐੱਸਸੀ ਵਿਦਿਆਰਥੀਆਂ ਦੀ ਰੁਕੀ ਸਕਾਲਰਸ਼ਿਪ ਜਾਰੀ ਕਰ ਕੇ ਰੋਕੇ ਸਰਟੀਫਿਕੇਟ ਤੁਰੰਤ ਜਾਰੀ ਕਰਵਾਏ ਜਾਣ।

ਆਗੂਆਂ ਨੇ ਕਿਹਾ ਕਿ ਐੱਨਸੀਆਰਟੀ ਦੀਆਂ ਕਿਤਾਬਾਂ ਵਿੱਚ ਕੀਤੀ ਕਟੌਤੀ ਬਹਾਲ ਕਰਵਾਈ ਜਾਵੇ, ਆਨਲਾਈਨ ਪੋਰਟਲ ਬੰਦ ਕਰ ਕੇ ਕਾਲਜਾਂ ਦੇ ਪੋਰਟਲ ਉੱਪਰ ਦਾਖਲਾ ਸ਼ੁਰੂ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਦੀ ਪੂਰੀ ਯੂਨੀਵਰਸਿਟੀ ਫੀਸ ਜੋ ਲਗਪਗ 8 ਹਜ਼ਾਰ ਰੁਪਏ ਬਣਦੀ ਹੈ। ਉਸ ਨੂੰ ਮਾਫ਼ ਕੀਤਾ ਜਾਵੇ ਅਤੇ ਐੱਸਸੀ ਵਿਦਿਆਰਥੀਆਂ ਦੀ ਸ਼ਕਾਲਰਸ਼ਿਪ ਨਾ ਆਉਣ ਕਰ ਕੇ ਵਿਦਿਆਰਥੀਆਂ ਦੀਆਂ ਡਿਗਰੀਆਂ ਯੂਨੀਵਰਸਿਟੀ ਵੱਲੋਂ ਰੋਕੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਪਣਾ ਆਪਣਾ ਹਿੱਸਾ ਸ਼ਕਾਲਰਸ਼ਿਪ ਦਾ ਜਮ੍ਹਾਂ ਨਹੀਂ ਕਰਵਾ ਰਹੀਆਂ, ਜਿਸ ਕਾਰਨ ਕਾਲਜਾਂ ਨੂੰ ਆਪਣਾ ਪ੍ਰਬੰਧ ਚਲਾਉਣ ‘ਚ ਵੱਡੀ ਪੱਧਰ ‘ਤੇ ਸਮੱਸਿਆ ਆ ਰਹੀ ਹੈ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਜਥੇਬੰਦੀ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਕਰਵਾਈ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਨਾ ਕਰਵਾਈ ਤਾਂ ਸਿੱਖਿਆ ਮੰਤਰੀ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਦਾਤਾਰ ਸਿੰਘ, ਸਾਹਿਲ ਰੈਲੋ, ਇੰਦਰਜੀਤ ਸਿੰਘ, ਅਮਨਦੀਪ ਸਿੰਘ ਭਲਿਆਣ, ਮਨਪ੍ਰਰੀਤ ਕੌਰ, ਸਿਮਰਨ ਕੌਰ, ਕਮਲਪ੍ਰਰੀਤ ਕੌਰ, ਸਾਗਰ ਸਿੰਘ, ਗੁਰਜੀਤ ਕੌਰ, ਇਸ਼ਾ, ਗੁਰਪ੍ਰਰੀਤ ਬੈਂਸ, ਅਮਨਦੀਪ ਸਿੰਘ, ਰਮਨਦੀਪ ਕੌਰ, ਨਭੀ, ਸਤਨਾਮ ਸਿੰਘ, ਜਸਪ੍ਰਰੀਤ ਕੌਰ ਆਦਿ ਮੌਜੂਦ ਸਨ।