”ਫੁੱਲਾਂ ‘ਚ ਫੁੱਲ ਗੁਲਾਬ ਨੀ ਸਈਓ, ਦੇਸ਼ਾਂ ‘ਚ ਦੇਸ਼ ਪੰਜਾਬ ਨੀ ਸਈਓ”, ਹਾਲੇਂ ਕੁਝ ਸਾਲ ਪਹਿਲਾਂ ਇਹ ਬੋਲ ਹਰ ਪੰਜਾਬੀ/ਪੰਜਾਬਣ ਦੇ ਬੁੱਲਾਂ ਤੇ ਅਕਸਰ ਥਿਰਕਦੇ ਸਨ, ਗੁਲਾਬ ਤਾਂ ਅੱਜ ਵੀ ਮਹਿਕਾ ਵੰਡ ਰਿਹਾ, ਪ੍ਰੰਤੂ ਪੰਜਾਬ ਹੁਣ, ਦੇਸ਼ਾਂ ਵਿੱਚੋਂ ਦੇਸ਼ ਨਹੀਂ ਰਿਹਾ, ਸਗੋਂ ਨਿਘਰਦੇ ਸੂਬੇ ਵਜੋਂ ਜਾਣਿਆ ਜਾਣ ਲੱਗਾ ਹੈ, ਜਿਸ ‘ਚ ਹਰ ਪਾਸੇ ਰੋਗ ਅਤੇ ‘ਠੱਗੇ ਗਏ’ ਦੀ ਭਾਵਨਾ ਵੇਖਣ ਨੂੰ ਮਿਲਦੀ ਹੈ। ਅਗਾਮੀ ਵਿਧਾਨ ਚੋਣਾਂ ਨੇੜੇ ਆਉਣ ਕਾਰਣ ਅਤੇ ਆਪ ਦੀ ‘ਜਾਗੋ’ ਤੋਂ ਬਾਅਦ ਹਰ ਪੰਜਾਬੀ ‘ਚ ਇਸ ਸਬੰਧੀ ਫ਼ਿਕਰਮੰਦੀ ਵਿਖਾਈ ਦੇਣ ਲੱਗੀ ਹੈ, ਪ੍ਰੰਤੂ ਲੋੜ ਹੈ ਕਿ ਪੰਜਾਬੀਆਂ ਨੂੰ ਸਹੀ ਤਸਵੀਰ ਵਿਖਾ ਕੇ, ਉਨਾਂ ਨੂੰ ਅਜਿਹੀ ਫਿਕਰਮੰਦੀ ਵਿਖਾ ਕੇ ਸਿਰਫ਼ ਵੋਟਾਂ ਬਟੋਰਨ ਵਾਲਿਆਂ ਤੋਂ ਬਚਾਇਆ ਜਾ ਸਕੇ, ਪੰਜਾਬ ‘ਚ ਇਸ ਸਮੇਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨਾਂ ‘ਚ ਸਾਡੇ ਵੱਲੋਂ ਕਿਰਤ ਸੱਭਿਆਚਾਰ ਜਿਹੜਾ ਸਾਡੀ ਵਿਰਾਸਤ ਅਤੇ ਜੀਵਨ ਦਾ ਅਨਿੱਖੜਵਾ ਅੰਗ ਸੀ, ਉਸਨੂੰ ਪੂਰੀ ਤਰਾਂ ਤਿਲਾਂਜਲੀ ਦੇ ਦੇਣਾ ਹੈ। ਬਾਬੇ ਨਾਨਕੇ ਦੇ ‘ਕਿਰਤ ਕਰੋ, ਵੰਡ ਛਕੋ’ ਦੇ ਸਿਧਾਂਤ ਤੋਂ ਦੂਰ ਜਾ ਕੇ ਅਸੀਂ ਸਮਾਜਿਕ ਤੇ ਆਰਥਿਕ ਤੌਰ ਤੇ ਬਰਬਾਦੀ ਦੇ ਰਾਹ ਪੈ ਗਏ ਹੈ। ਖੁਸ਼ਹਾਲੀ ਅਤੇ ਖੁਸ਼ੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਪੈਸੇ ਦੀ ਦੌੜ ਨੇ ਸਾਡੇ ‘ਚੋਂ ਪਿਆਰ ਖ਼ਤਮ ਕਰ ਦਿੱਤਾ ਹੈ, ਜਿਸ ਕਾਰਣ ਸਮਾਜਿਕ ਰਿਸ਼ਤੇ ਤਾਰ-ਤਾਰ ਹੋਣ ਕਾਰਣ ਸਮਾਜਿਕ ਤਾਣਾ-ਬਾਣਾ ਬਿਖ਼ਰ ਗਿਆ ਹੈ। ਸੰਜਮ, ਸਾਡੀ ਜ਼ਿੰਦਗੀ ਦਾ ਮੁੱਢਲਾ ਅਸੂਲ ਸੀ, ਚਾਦਰ ਵੇਖ ਕੇ ਪੈਰ ਪਸਾਰਣ ਦੀ ਨਸੀਹਤ ਹਰ ਕਿਸੇ ਦੇ ਪੱਲੇ ਬੰਨੀ ਹੁੰਦੀ ਸੀ, ਸਾਡੀ ਜ਼ਿੰਦਗੀ ਤੇ ਉੱਚੀ ਸੋਚ ਦੇ ਸਿਧਾਂਤ ਨੂੰ ਸਾਡੀ ਨਵੀਂ-ਪੀੜੀ ਨੇ ਤਿਲਾਂਜਲੀ ਦੇ ਦਿੱਤੀ ਹੈ।
ਮਹਿੰਗੇ ਭਾਅ, ਆਪਣੀ ਜ਼ਮੀਨ ਨੂੰ ਵੇਚ ਕੇ, ਅਯਾਸ਼ੀ ਦੇ ਰਾਹ ਪੈਣਾ, ਸਾਡੀ ਤਬਾਹੀ ਦਾ ਕਾਰਣ ਬਣ ਰਿਹਾ ਹੈ। ਆਰਥਿਕ ਮੁਸ਼ਕਿਲਾਂ ਦੇ ਨਾਲ-ਨਾਲ ਅਸੀਂ ਨੈਤਿਕ ਤੇ ਸਦਾਚਾਰਕ ਸੰਕਟ ‘ਚ ਵੀ ਘਿਰ ਗਏ ਹਾਂ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਰਥਿਕ ਸੰਕਟ ਤਾਂ ਕਦੇ ਨਾ ਕਦੇ ਹੱਲ ਹੋ ਹੀ ਜਾਂਦਾ ਹੈ, ਪ੍ਰੰਤੂ ਸਦਾਚਾਰਕ ਸੰਕਟ, ਅਜਿਹੀ ਦਲਦਲ ਹੈ, ਜਿਸ ‘ਚੋਂ ਨਿਕਲਣਾ ਔਖਾ ਹੋ ਜਾਂਦਾ ਹੈ। ਕਦੇ ਇਸੇ ਪੰਜਾਬ ‘ਚ ਨਵੇਂ ਕੱਪੜੇ ਨੂੰ ਪਹਿਨਣ ਤੋਂ ਪਹਿਲਾਂ ਉਸ ਨੂੰ ‘ਕੰਜਕ’ ਦੇ ਪੈਰੀਂ ਲਾਇਆ ਜਾਂਦਾ ਸੀ, ਪ੍ਰੰਤੂ ਅੱਜ ਅਸੀਂ ‘ਕੰਜਕ’ ਪੈਦਾ ਹੋਣ ਤੋਂ ਹੀ ਰੋਕਣ ਲੱਗੇ ਹੋਏ ਹਾਂ, ਗੁਰੂਆਂ ਦੀ ਧਰਤੀ ਨੂੰ ਜੇ ਕੁੜੀਮਾਰਾਂ ਦਾ ਖਿਤਾਬ ਦਿੱਤਾ ਜਾ ਰਿਹਾ ਹੈ ਤਾਂ ਸਾਡੇ ਲਈ ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ। ਸ਼ਹਿਰੀਕਰਨ, ਜਿਹੜਾ ਇਸ ਸਮੇਂ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਸਮਝੀ ਜਾ ਰਹੇ ਹਾਂ ਅਤੇ ਪੇਂਡੂ ਲੋਕ ਧੜਾ-ਧੜ ਸ਼ਹਿਰਾਂ ਵੱਲ ਭੱਜੇ ਆ ਰਹੇ ਹਨ, ਉਸ ਨਾਲ 2021 ਤੱਕ ਸ਼ਹਿਰੀ ਵਸੋਂ ਅੱਜ ਤੋਂ ਦੁੱਗਣੀ ਹੋ ਜਾਵੇਗੀ। ਖੇਤੀ ਦਾ ਸੁੰਗੜਦਾ ਸਰੂਪ, ਰੁਜ਼ਗਾਰ ਦੇ ਮੌਕੇ ਨਾ ਹੋਣਾ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਣ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਹੋ ਰਿਹਾ ਹੈ, ਪ੍ਰੰਤੂ ਮੁੱਢਲੀ ਸਹੂਲਤਾਂ ਦੀ ਪੂਰਤੀ ਅਤੇ ਰੁਜ਼ਗਾਰ ਦੇ ਮੌਕੇ ਹੁਣ ਸਹਿਰਾਂ ਚੋਂ ਵੀ ਅਲੋਪ ਹੋ ਚੁੱਕੇ ਹਨ, ਜਿਸ ਕਾਰਣ ਇਹ ਅੰਨੀ ਦੌੜ ਸ਼ਹਿਰੀਕਰਨ ਦੀ ਥਾਂ ‘ਝੁੱਗੀ ਕਰਨ’ ਦੀ ਨੀਂਹ ਰੱਖ ਰਹੀ ਹੈ।
ਮਿਆਰੀ ਸਿੱਖਿਆ ਤਾਂ ਪੰਜਾਬ ‘ਚ ਹੁਣ ਦੂਰ ਦੀ ਗੱਲ ਹੋ ਗਈ ਹੈ, ਕਿਉਂਕਿ ਅਸੀਂ ਪੰਜਾਬੀ ਤਾਂ ਸਾਧਾਰਣ ਸਿੱਖਿਆ ਤੋਂ ਵੀ ਦੂਰ ਜਾ ਰਹੇ ਹਾਂ, ਜਿਸਦਾ ਸਬੂਤ ਸਾਡਾ ਸਿੱਖਿਆ ਦੇ ਖੇਤਰ ‘ਚ ‘ਸੋਲਵੇਂ’ ਨੰਬਰ ਤੇ ਹੋਣਾ ਹੈ। ਪੰਜਾਬ ‘ਚ ਠੇਕਿਆਂ ਤੇ ਠਾਣਿਆਂ ਦੇ ਨੇੜੇ ਤਾਂ ਭੀੜਾਂ ਵੇਖੀਆ ਜਾ ਸਕਦੀਆਂ ਹਨ, ਪ੍ਰੰਤੂ ਕਿਸੇ ਲਾਇਬਰੇਰੀ ‘ਚ ਖ਼ਾਲੀ ਕੁਰਸੀਆਂ ਜਾਂ ਇੱਕੜ-ਦੁੱਕੜ ਬਜ਼ੁਰਗ ਹੀ ਨਜ਼ਰ ਆਉਂਦੇ ਹਨ। ਪੜਨਾ ਤੇ ਪੜਾਉਣਾ ਸਾਨੂੰ ਫਜ਼ੂਲ ਜਿਹਾ ਕੰਮ ਜਾਪਣ ਲੱਗ ਪਿਆ ਹੈ। ਬੇਰੁਜ਼ਗਾਰੀ ਭਿਆਨਕ ਦੈਂਤ ਵਾਗੂੰ ਮੂੰਹ ਅੱਡੀ ਖਲੋਤੀ ਹੈ। ਇੱਕ ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ‘ਚ ਬੇਰੁਜ਼ਗਾਰ ਦੀ ਗਿਣਤੀ 40 ਲੱਖ ਟੱਪ ਚੁੱਕੀ ਹੈ। ਬੇਰੁਜ਼ਗਾਰੀ ਕਾਰਣ ਤੇ ਸਮਾਜਿਕ ਕਦਰਾਂ-ਕੀਮਤਾਂ ‘ਚ ਆਈ ਗਿਰਾਵਟ ਨੇ ਨਵੀਂ ਪੀੜੀ ਨੂੰ ਅੱਥਰਾ ਘੋੜਾ ਬਣਾ ਦਿੱਤਾ ਹੈ। ਜਿਸਦੀਆਂ ਲਗਾਮਾਂ ਹੁਣ ਕਿਸੇ ਦੇ ਹੱਥ ਨਹੀਂ ਰਹੀਆਂ। ਪੱਗੜੀ ਪੰਜਾਬੀ ਸੱਭਿਆਚਾਰ ਦੀ ਆਨ-ਸ਼ਾਨ ਹੈ, ਜਿਹੜੀ ਹੁਣ ਸਾਡੇ ਮੁੰਡਿਆਂ ਦੇ ਸਿਰਾਂ ਤੋਂ ਅਲੋਪ ਹੋ ਰਹੀ ਹੈ। ਮੇਲਿਆਂ, ਵਿਆਹਾਂ ਆਦਿ ਦੇ ਇਕੱਠਾਂ ਤੇ ਹੁਣ ਉਂਗਲਾਂ ਤੇ ਗਿਣਨ ਯੋਗੇ ‘ਸਰਦਾਰ’ ਮੁੰਡੇ ਵਿਖਾਈ ਦਿੰਦੇ ਹਨ। ਜੇਕਰ ਅਸੀਂ ਆਪਣਾ ਖਾਣ-ਪੀਣ ਅਤੇ ਪਹਿਰਾਵਾ ਹੀ ਗੁਆ ਬੈਠੇ ਤਾਂ ਕਿਹੜਾ ‘ਭੜੂਆ’ ਸਾਡੀ ‘ਸਰਦਾਰੀ’ ਦੀ ਗੱਲ ਕਰੂਗਾ? ਜੇ ਪੰਜਾਬ ਗੁਰੂਆਂ ਦੇ ਨਾਮ ਤੇ ਜਿੳੂਂਦਾ ਹੈ ਤਾਂ ਪੰਜਾਬੀਆਂ ਦੀ ਸ਼ਾਨ ਲਈ ਪੰਜਾਬੀ ਭਾਸ਼ਾ ਤੇ ਪੱਗੜੀ ਦੀ ਸੰਭਾਲ ਅਤਿ ਜ਼ਰੂਰੀ ਹੈ। ਮਾਂ-ਬੋਲੀ ਮੂੰਹੋ ਅਤੇ ਪੱਗੜੀ ਸਿਰੋ ਲਾਹ ਕੇ, ਅਸੀਂ ਸਿਵਾਏ ਗੁਲਾਮ ਤੋਂ ਹੋਰ ਕੁਝ ਨਹੀਂ ਰਹਿ ਜਾਵਾਂਗੇ। ਬਿਨਾਂ ਸ਼ੱਕ ਪੰਜਾਬੀ, ਜ਼ਿੰਦਗੀ ਨਸ਼ਿਆਂ ਕਾਰਣ ਤਬਾਹੀ ਵੱਲ ਜਾ ਰਹੀ ਹੈ, ਹਰ ਸਮਾਗਮ ਭਾਵੇਂ ਉਹ ਜਨਮ ਦਿਨ ਹੈ ਜਾਂ ਮਰਨ ਦਿਨ, ਵਿਆਹ ਹੈ ਜਾਂ ਭੋਗ, ਸ਼ਰਾਬ ਤੋਂ ਬਿਨਾਂ ਪੂਰਾ ਨਹੀਂ ਸਮਝਿਆ ਜਾਂਦਾ।
ਨਸ਼ੇੜੀ ਜੁਆਨੀ ਤੋਂ ਆਰਥਿਕ, ਧਾਰਮਿਕ, ਸਮਾਜਿਕ ਤੇ ਸੱਭਿਆਚਾਰ ਬਰਬਾਦੀ ਤੋਂ ਬਿਨਾਂ ਹੋਰ ਕੋਈ ਆਸ ਨਹੀਂ ਕੀਤੀ ਜਾ ਸਕਦੀ। ਆਰਥਿਕ ਡਾਵਾਂ-ਡੋਲਤਾ ਨਾਲ ਪੰਜਾਬ ‘ਚ ਖੁਦਕਸ਼ੀਆ ਦੇ ਨਾਲ ਨਾਲ ਲੁੱਟਾਂ-ਖੋਹਾਂ, ਫਿਰੌਤੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ, ਜਿਸਨੂੰ ਨਸ਼ਿਆਂ ਨੇ ਹੋਰ ਤੇਜ਼ ਕਰ ਦਿੱਤਾ ਹੈ। ਸਮਾਜਿਕ ਰਿਸ਼ਤਿਆਂ ‘ਚ ਆਏ ਵਿਗਾੜ ਨੇ ਭਰਾ ਹੱਥੋਂ ਭਰਾ ਤੇ ਪੁੱਤ-ਹੱਥੋਂ ਬਾਪ ਦੇ ਕਤਲਾਂ ਦੀ ਦਰਦਨਾਕ ਗਾਥਾ ਸ਼ੁਰੂ ਕਰ ਦਿੱਤੀ ਹੈ। ਨਵੀਂ ਪੀੜੀ ਦੀ ਸੋਚ ‘ਚ ਵਿਦੇਸ਼ ਉਡਾਰੀ ਘਰ ਕਰਕੇ ਬੈਠ ਗਈ ਹੈ। ਲੁੱਟ ਦੀ ਰਾਜਨੀਤੀ ਨੇ ਹਰ ਤਰਾਂ ਦੇ ਮਾਫੀਏ ਨੂੰ ਜਨਮ ਦੇ ਦਿੱਤਾ ਹੈ। ਜਿਸ ਨਾਲ ਧੱਕੇਸ਼ਾਹੀ ਦਾ ਬੋਲਬਾਲਾ ਹੋ ਗਿਆ ਤੇ ਇਨਸਾਫ਼ ਖੰਭ ਲਾ ਕੇ ਉੱਡ ਗਿਆ ਹੈ। ਅਸੀਂ ਸਮਝਦੇ ਹਾਂ ਕਿ ‘ਦੁੱਖੀ ਪੰਜਾਬ’ ਦੀ ਦਰਦਨਾਕ ਗਾਥਾ ਤੋਂ ਹਰ ਪੰਜਾਬੀ ਗੋਡੇ-ਗੋਡੇ ਦੁੱਖੀ ਹੈ, ਇਸ ਲਈ ਇਸ ‘ਦੁੱਖ’ ਦਾ ਇਲਾਜ ਕਰਨ ਵਾਲੇ ਝੋਲਾ ਛਾਪ ਡਾਕਟਰ ਸਾਡੇ ਇਰਦ ਗਿਰਦ ਮੰਡਰਾਉਣੇ ਸ਼ੁਰੂ ਹੋ ਗਏ ਹਨ, ਪ੍ਰੰਤੂ ਅੱਜ ਸਮਾਂ ਇਸ ਦੁੱਖ ਦੇ ਠੋਸ ਹੱਲ ਅਤੇ ਯੋਗ ਇਲਾਜ ਲੱਭਣ ਦਾ ਹੈ। ਜਦੋਂ ਤੱਕ ਅਸੀਂ ਡਾਕਟਰ ਦੀ ਯੋਗਤਾ ਬਾਰੇ, ਉਸ ਵੱਲੋਂ ਲੱਭੇ ਰੋਗ ਦੇ ਕਾਰਣਾਂ ਬਾਰੇ ਪੂਰੀ ਤਰਾਂ ਠੋਕ ਵਜਾ ਕੇ ਪਰਖ਼ ਨਹੀਂ ਲੈਂਦੇ, ਉਦੋਂ ਤੱਕ ਉਸਦੀ ਦਵਾਈ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਅੱਜ ਲੋੜ ਹੈ ਕਿ ਅਸੀਂ ਪੰਜਾਬ ਦੇ ਨਿਘਾਰ ਬਾਰੇ ਗੰਭੀਰ ਹੋਈਏ ਅਤੇ ਇਸ ਦੇ ਹੱਲ ਲਈ ਮੂੰਹ ਜ਼ੁਬਾਨੀ ਜੋੜ-ਘਟਾਓ ਛੱਡ ਕੇ, ਠੋਸ ਹੱਲ ਵੱਲ ਤੁਰੀਏ।