ਸਟਾਫ਼ ਰਿਪੋਰਟਰ, ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਵੱਧ ਰਹੇ ਸ਼ਹਿਰੀਕਰਨ ਵਿਚ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਕਿਫ਼ਾਇਤੀ ਅਤੇ ਸੁਰੱਖਿਅਤ ਰਿਹਾਇਸ਼ੀ ਸਹੂਲਤ ਮਿਲੇ। ਇਸ ਲਈ ਆਰਕੀਟੈਕਟ, ਡੈਕੋਰੇਟਰ ਅਤੇ ਬਿਲਡਿੰਗ ਬਿਲਡਰਾਂ ਨੂੰ ਮਿਲ ਕੇ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ। ਬਨਵਾਰੀ ਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਪਰੇਡ ਗਰਾਊਂਡ, ਸੈਕਟਰ-17, ਚੰਡੀਗੜ੍ਹ ਵਿਖੇ ਪੀ.ਐੱਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ, ਫਾਇਰ ਐਂਡ ਸਕਿਓਰਿਟੀ ਐਸੋਸੀਏਸ਼ਨ ਆਫ਼ ਇੰਡੀਆ ਤੇ ਇੰਡੀਅਨ ਸੁਸਾਇਟੀ ਆਫ ਹੀਟਿੰਗ, ਰੈਫਿ੍ਜਰੇਟਿੰਗ ਐਂਡ ਏਅਰ ਕੰਡੀਸ਼ਨਿੰਗ ਇੰਜੀਨੀਅਰਜ਼ (ਇਸ਼ਰੇ), ਦਿ ਕਨਫੈਡਰੇਸ਼ਨ ਆਫ਼ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਨੌਵੇਂ ਚਾਰ ਰੋਜ਼ਾ ਇਨਸ ਐਂਡ ਆਊਟ ਸ਼ੋਅ ਦਾ ਉਦਘਾਟਨ ਕਰਨ ਉਪਰੰਤ ਇਮਾਰਤੀ ਨਿਰਮਾਣ ਖੇਤਰ ਨਾਲ ਸਬੰਧਤ ਕਾਰੋਬਾਰੀਆਂ, ਵਿਦਿਆਰਥੀਆਂ ਅਤੇ ਸ਼ਹਿਰ ਦੇ ਉੱਦਮੀਆਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਸੁਰੱਖਿਅਤ ਅਤੇ ਵਾਤਾਵਰਨ ਪੱਖੀ ਇਮਾਰਤਾਂ ਦੀ ਉਸਾਰੀ ਜ਼ਰੂਰੀ ਹੈ।

ਸਿਟੀ ਬਿਊਟੀਫੁੱਲ ਚੰਡੀਗੜ੍ਹ ਉੱਤਰੀ ਭਾਰਤ ਦਾ ਸਭ ਤੋਂ ਵਿਵਸਥਿਤ, ਸੰਗਠਿਤ ਅਤੇ ਵਿਕਸਤ ਸ਼ਹਿਰ ਹੈ। ਅੱਜ ਵੀ ਇੱਥੇ ਆਰਕੀਟੈਕਚਰ ਦੀ ਪੜ੍ਹਾਈ ਕਰਨ ਵਾਲੇ ਬੱਚੇ ਖੋਜ ਲਈ ਆਉਂਦੇ ਹਨ।

ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੰਦੇ ਹੋਏ ਪੁਰੋਹਿਤ ਨੇ ਕਿਹਾ ਕਿ ਭਵਿੱਖ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦੇ ਹੋਏ ਅਜਿਹੀਆਂ ਇਮਾਰਤਾਂ ਦਾ ਡਿਜ਼ਾਈਨ ਅਤੇ ਨਿਰਮਾਣ ਕਰਨਾ ਜ਼ਰੂਰੀ ਹੈ, ਜਿੱਥੇ ਬਿਜਲੀ ਦੀ ਘੱਟ ਖਪਤ ਹੁੰਦੀ ਹੋਵੇ ਅਤੇ ਇਮਾਰਤਾਂ ਸੁਰੱਖਿਅਤ ਹੋਣ।

ਬਨਵਾਰੀ ਲਾਲ ਪੁਰੋਹਿਤ ਨੇ ਪੀ.ਐੱਚ.ਡੀ ਚੈਂਬਰ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਕਿ ਉਹ ਆਰਕੀਟੈਕਟ, ਆਧੁਨਿਕ ਇਮਾਰਤ ਨਿਰਮਾਣ ਤਕਨਾਲੋਜੀ, ਫਾਇਰ ਸੇਫਟੀ, ਸੁਰੱਖਿਆ, ਰੀਅਲ ਅਸਟੇਟ, ਫਰਨੀਸ਼ਿੰਗ, ਸਜਾਵਟ ਆਦਿ ਦੇ ਖੇਤਰਾਂ ਨਾਲ ਜੁੜੇ ਉੱਦਮੀਆਂ ਨੂੰ ਇਕ ਛੱਤ ਹੇਠ ਲਿਆਉਣ। ਸ਼ਹਿਰ ਵਿਚ ਇਕ ਅਜਿਹਾ ਮਾਲ ਹੋਣਾ ਚਾਹੀਦਾ ਹੈ ਜਿੱਥੇ ਲੋਕਾਂ ਨੂੰ ਇਹ ਸਭ ਇਕ ਛੱਤ ਹੇਠਾਂ ਲੋਕਾਂ ਨੂੰ ਉਪਲੱਬਧ ਹੋਣ।

ਇਸ ਤੋਂ ਪਹਿਲਾਂ ਯੂਟੀ ਪ੍ਰਸ਼ਾਸਕ ਦਾ ਇੱਥੇ ਪੁੱਜਣ ‘ਤੇ ਸਵਾਗਤ ਕਰਦਿਆਂ ਪੀ.ਐੱਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਚੰਡੀਗੜ੍ਹ ਚੈਪਟਰ ਦੇ ਚੇਅਰ ਮਧੂਸੂਦਨ ਵਿੱਜ ਨੇ ਕਿਹਾ ਕਿ ਚਾਰ ਦਿਨ ਚੱਲਣ ਵਾਲੀ ਪ੍ਰਦਰਸ਼ਨੀ ਦਾ ਥ੍ਹੀਮ ਟੂਵਰਡਜ਼ ਸਸਟੇਨੇਬਲ ਡਿਜ਼ਾਈਨ, ਟੈਕਨਾਲੋਜੀ ਐਂਡ ਸੇਫਟੀ ਰੱਖਿਆ ਗਿਆ ਹੈ। ਇਸ ਸਮਾਗਮ ਰਾਹੀਂ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਆ ਰਹੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਚੰਡੀਗੜ੍ਹ ਚੈਪਟਰ ਦੇ ਕੋ-ਚੇਅਰ ਸੁਵਰਤ ਖੰਨਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੈਂਬਰ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਇਸ ਸਮਾਗਮ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਇਸ ਮੌਕੇ ਚੈਂਬਰ ਦੇ ਪੰਜਾਬ ਚੈਪਟਰ ਦੇ ਚੇਅਰ ਆਰ.ਐਸ. ਸਚਦੇਵਾ, ਕੋ-ਚੇਅਰ ਕਰਨ ਗਿਲਹੋਤਰਾ, ਚੈਂਬਰ ਦੀ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਤੋਂ ਇਲਾਵਾ ਐੱਫ.ਐੱਸ.ਏ.ਆਈ. ਦੇ ਪ੍ਰਧਾਨ ਸੁਰਿੰਦਰ ਬਾਗਾ, ਕੇ੍ਡਾਈ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਮਾਝਾ, ਹੇਮੰਤ ਸਪੜਾ, ਸਾਬਕਾ ਪ੍ਰਧਾਨ ਆਰ.ਕੇ.ਸਾਬੂ, ਅਸ਼ੋਕ ਖੰਨਾ ਸਮੇਤ ਕਈ ਪਤਵੰਤੇ ਹਾਜ਼ਰ ਸਨ।