Ad-Time-For-Vacation.png

ਪੰਜਾਬ ਦੇ ਖਾੜਕੂ ਸ਼ੰਘਰਸ਼ ਦੀਆਂ ਯਾਦਾਂ

ਜਦ ਵੀ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਨਿਰੰਕਾਰੀਆਂ ਹੱਥੋਂ ਸ਼ਹੀਦ ਹੋਏ 13 ਸਿੰਘਾਂ ਤੋਂ ਲੈ ਕੇ ਸੰਤ ਭਿੰਡਰਾਂਵਾਲੇ ਜੀ ਦੀ ਅਦੁਤੀ ਕੁਰਬਾਨੀ, ਦਰਬਾਰ ਸਾਹਿਬ ਦੀ ਦਰਦ ਭਰੀ ਦਾਸਤਾਨ, ਦਿੱਲੀ ਸਿੱਖ ਕਤਲੇਆਮ ਦਾ ਦੁੱਖ, ਹਜ਼ਾਰਾਂ ਪੰਜਾਬੀ ਪ੍ਰਵਾਰਾਂ ਦਾ ਵਿਛੜ ਜਾਣਾ, ਭਾਵੇਂ ਉਹ ਬੱਸਾਂ ‘ਚੋਂ ਕੱਢ ਕੇ ਮਾਰੇ ਹੋਣ ਭਾਵੇਂ ਪੁਲਸੀਏ ਪ੍ਰਵਾਰ ਹੋਣ, ਭਾਵੇਂ ਸਿੱਖ ਨੌਜੁਆਨ ਹੋਣ ਸਾਰਿਆਂ ਦੀ ਤਸਵੀਰ ਅੱਖਾਂ ਅੱਗੇ ਘੁੰਮਦੀ ਹੈ।

ਖਾੜਕੂਵਾਦ ਨੂੰ ਲੈ ਕੇ ਪੰਜਾਬ ਦੇ ਹਰ ਪਿੰਡ ਦੀ ਅਪਣੀ ਦਾਸਤਾਨ ਹੈ। ਸਾਡੇ ਜ਼ਿਲ੍ਹਾ ਗੁਰਦਾਸਪੁਰ ਵਿਚ ਪੁਲਿਸ ਬਟਾਲਾ ਵਿਚਲਾ ਥਾਣਾ ਸ੍ਰੀ ਹਰਗੋਬਿੰਦਪੁਰ ਅਤੇ ਘੁਮਾਣ ਦਾ ਇਲਾਕਾ ਖਾੜਕੂਵਾਦ ਦਾ ਗੜ੍ਹ ਮੰਨਦੀ ਸੀ। ਇਥੋਂ ਦਾ ਪਿੰਡ ਖੁੱਡੀ ਚੀਮਾ ਖਾੜਕੂਵਾਦ ਦਾ ਧੁਰਾ ਮੰਨਿਆ ਜਾਂਦਾ ਸੀ। ਇਸ ਪਿੰਡ ਨਾਲ ਸਬੰਧਤ ਅਨੇਕਾਂ ਨੌਜੁਆਨ ਕੁੱਝ ਪੁਲਿਸ ਵਧੀਕੀਆਂ ਦਾ ਸ਼ਿਕਾਰ ਹੋ ਕੇ ਖਾੜਕੂਵਾਦ ਦੀ ਭੇਟ ਚੜ੍ਹ ਗਏ। ਇਹ ਗੱਲ ਪੰਜਾਬ ਵਾਸੀਆਂ ਤੋਂ ਗੁੱਝੀ ਨਹੀਂ ਕਿ ਇਸ ਪਿੰਡ ਦਾ ਖਾੜਕੂ ਜੁਗਰਾਜ ਸਿੰਘ ਉਰਫ਼ ਤੂਫ਼ਾਨ ਸਿੰਘ ਲੋਕਾਂ ਵਿਚ ਬਹੁਤ ਹੀ ਹਰਮਨਪਿਆਰਾ ਹੋਇਆ। ਪੰਜ ਭੈਣਾਂ ਦਾ ਇਕਲੌਤਾ ਭਰਾ, ਮੱਧਵਰਗੀ ਕਿਸਾਨ ਦਾ ਬੇਟਾ, ਦਸਵੀਂ ਕਰਨ ਤੋਂ ਬਾਅਦ ਖਾੜਕੂ ਲਹਿਰ ਵਿਚ ਕੁਦ ਪਿਆ ਸੀ। ਇਤਿਹਾਸ ਦੇ ਜੱਗੇ ਡਾਕੂ ਵਾਂਗ ਲੋਕਾਂ ਦੇ ਦੁੱਖਾਂ ਦਾ ਭਾਈਵਾਲ ਹੋਣ ਕਰ ਕੇ ਉਹ ਬਹੁਤ ਹੀ ਮਕਬੂਲ ਹੋਇਆ। ਇਸ ਦਾ ਗਵਾਹ ਹੈ ਉਸ ਦੇ ਭੋਗ ਮੌਕੇ ਹੋਇਆ ਲੱਖਾਂ ਦਾ ਇਕੱਠ ਜੋ ਹੋਰ ਕਿਸੇ ਵੀ ਖਾੜਕੂ ਵੀਰ ਦੇ ਭੋਗ ਮੌਕੇ ਨਹੀਂ ਹੋਇਆ। ਲਾਗਲੇ ਪਿੰਡ ਮਾੜੀ ਬੁੱਚੀਆਂ ਦੀ ਕਿਸੇ ਬਹਿਕ ਤੇ ਮੁਖ਼ਬਰੀ ਕਾਰਣ ਮੁਕਾਬਲੇ ਵਿਚ 2 ਸਾਥੀਆਂ ਸਮੇਤ ਤੂਫ਼ਾਨ ਸਿੰਘ ਦਿਨੇ 11-12 ਵਜੇ ਦੇ ਕਰੀਬ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਮੈਨੂੰ ਪੱਕਾ ਪਤਾ ਹੈ ਕਿ ਜਦ ਸੈਂਕੜੇ ਹੀ ਵਾਹਨ ਹਜ਼ਾਰਾਂ ਸਹਿਯੋਗੀਆਂ ਨਾਲ ਉਸ ਦੇ ਅਸਥ ਕੀਰਤਪੁਰ ਸਾਹਿਬ ਲੈ ਕੇ ਗਏ ਸੀ ਤਾਂ ਰਾਤ 12-1 ਵਜੇ ਆਨੰਦਪੁਰ ਪਹੁੰਚੇ ਕੇਸਗੜ੍ਹ ਸਾਹਿਬ ਦੇ ਜ਼ਿੰਮੇਵਾਰ ਸੇਵਾਦਾਰ ਨੂੰ 50 ਕੁ ਹਜ਼ਾਰ ਸੰਗਤਾਂ ਦੇ ਲੰਗਰ ਅਤੇ ਠਹਿਰਨ ਵਾਸਤੇ ਬੇਨਤੀ ਕੀਤੀ। ਉਹ ਅਚਨਚੇਤ 50 ਕੁ ਹਜ਼ਾਰ ਸੁਣ ਕੇ ਹੱਕਾ-ਬੱਕਾ ਰਹਿ ਗਿਆ ਅਤੇ ਊਲ-ਜਲੂਲ ਬੋਲਣ ਲੱਗਾ। ਸੰਗਤਾਂ ਵਿਚੋਂ ਕੁੱਝ ਨੌਜੁਆਨਾਂ ਨੇ ਜਦ ਸਖ਼ਤੀ ਕੀਤੀ ਤਾਂ ਉਹ ਭੱਜ ਗਿਆ। ਜਵਾਨਾਂ ਨੇ ਫੜ ਕੇ ਕੁਟਾਪਾ ਚਾੜ੍ਹਿਆ ਕਿਉਂਕਿ ਉਹ ਨਸ਼ਈ ਹਾਲਤ ਵਿਚ ਸੀ। ਮਗਰੋਂ ਸੰਗਤ ਬਾਉਲੀ ਸਾਹਿਬ ਕਿਲ੍ਹੇ ਚਲੀ ਗਈ ਜਿਥੇ ਪ੍ਰਬੰਧਕਾਂ ਨੇ ਲੰਗਰ ਅਤੇ ਠਹਿਰਨ ਦਾ ਸੁਚੱਜਾ ਪ੍ਰਬੰਧ ਕੀਤਾ। ਕੁੱਝ ਕੁ ਦਿਨਾਂ ਮਗਰੋਂ ਕਿਸੇ ਖਾੜਕੂ ਜਥੇਬੰਦੀ ਨੇ ਉਸ ਬਦਤਮੀਜ਼ ਸੇਵਾਦਾਰ ਨੂੰ ਗੱਡੀ ਚਾੜ੍ਹ ਦਿਤਾ। ਖਾੜਕੂਆਂ ਨੇ ਵੀ ਘੱਟ ਨਾ ਕੀਤੀ। ਸ਼ੱਕੀ ਮੁਖ਼ਬਰ ਜੀਤਾ ਤਾਂ ਬੱਚ ਗਿਆ ਪਰ ਉਸ ਦੇ ਪ੍ਰਵਾਰ ਦੇ ਸੱਭ ਛੋਟੇ-ਵੱਡੇ ਜੀਅ ਖਾੜਕੂ ਸਾਥੀਆਂ ਨੇ ਮੁਕਾ ਦਿਤੇ। ਜੀਤੇ ਮੁਖ਼ਬਰ ਦਾ ਅਜੇ ਤਕ ਕੋਈ ਥਹੁ-ਪਤਾ ਨਹੀਂ ਲੱਗਾ।

ਤੂਫ਼ਾਨ ਸਿੰਘ ਦਾ ਇਕ ਖਾੜਕੂ ਸਾਥੀ ਸੁਖਦੇਵ ਸਿੰਘ ਕਾਕੂ ਬਹੁਤ ਸਖ਼ਤ ਅਤੇ ਕੁਰੱਖ਼ਤ ਸੀ। ਉਸ ਨੇ ਕਿਸੇ ਗੱਲੋਂ ਅਪਣੀ ਮਾਂ ਨੂੰ ਵੀ ਗੋਲੀ ਨਾਲ ਮਾਰ ਦਿਤਾ ਸੀ। ਇਕ ਵਾਰ ਕਾਕੂ ਲਾਗਲੇ ਪਿੰਡ ਸੁਕਾਲੇ ਅਪਣੇ ਸਾਥੀਆਂ ਸਮੇਤ ਕਿਸੇ ਧਨਾਢ ਜ਼ਿਮੀਂਦਾਰ ਦੇ ਘਰ ਪਹੁੰਚ ਗਿਆ। ਰਾਤ ਬਹੁਤ ਗੇਟ ਭੰਨਿਆ, ਵਾਜਾਂ ਮਾਰੀਆਂ। ਜਦ ਗੇਟ ਨਾ ਖੋਲ੍ਹਿਆ ਤਾਂ ਇਕ ਸਾਥੀ ਗੇਟ ਟੱਪਣ ਲੱਗਾ। ਘਰ ਵਾਲਿਆਂ ਨੇ ਖ਼ਤਰਾ ਭਾਂਪ ਕੇ ਛੱਤ ਉਪਰੋਂ ਫ਼ਾਇਰ ਕਰ ਦਿਤੀ ਅਤੇ ਖਾੜਕੂ ਸਾਥੀ ਵਿਹੜੇ ਵਿਚ ਡਿੱਗ ਪਿਆ। ਬੜੇ ਤਰਲੇ ਮਿੰਨਤਾਂ ਨਾਲ ਸਾਥੀ ਦੀ ਮ੍ਰਿਤਕ ਦੇਹ ਖਾੜਕੂਆਂ ਨੇ ਲਈ ਅਤੇ ਰਾਤ ਹੀ ਕਿਸੇ ਅਣਦੱਸੀ ਥਾਂ ਸਸਕਾਰ ਕਰ ਦਿਤਾ। ਮਗਰੋਂ ਇਸ ਖਾੜਕੂ ਗਰੁੱਪ ਨੇ ਲੱਖਾਂ ਦੇ ਸਰਦਾਰਾਂ ਨੂੰ ਕੱਖਾਂ ਦਾ ਕਰ ਦਿਤਾ। ਕੁੱਟ ਕੁੱਟ ਕੇ ਸਾਰੇ ਨੌਕਰ ਭਜਾ ਦਿਤੇ। ਕਾਰੋਬਾਰ ਬੰਦ ਕਰਵਾ ਦਿਤੇ ਅਤੇ ਇਕ ਤਰ੍ਹਾਂ ਉਨ੍ਹਾਂ ਨੂੰ ਘਰ ਵਿਚ ਕੈਦ ਕਰ ਲਿਆ। ਉਹ ਸ਼ਰੇਆਮ ਬਾਹਰ ਨਿਕਲਣੋਂ ਵੀ ਡਰਦੇ ਸਨ। ਕੁੱਝ ਚਿਰ ਮਗਰੋਂ ਸੁਖਦੇਵ ਕਾਕੂ ਦੇ ਸਾਥੀ ਖਾੜਕੂ ਟੁਣਕੀ ਨੇ ਕਾਕੂ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ। ਇਸ ਕਾਰਵਾਈ ਵਿਚ ਕਈ ਤਾਂ ਸਰਦਾਰਾਂ ਦਾ ਹੱਥ ਦਸਦੇ ਹਨ ਅਤੇ ਕੋਈ ਆਪਸੀ ਦੁਸ਼ਮਣੀ ਪਰ ਉਹ ਟੁਣਕੀ ਨਾਂ ਦਾ ਖਾੜਕੂ 25 ਸਾਲ ਬਾਅਦ ਵੀ ਕਿਧਰੇ ਨਹੀਂ ਵੇਖਿਆ-ਸੁਣਿਆ। ਪਤਾ ਨਹੀਂ ਵਿਦੇਸ਼ ਚਲਾ ਗਿਆ ਜਾਂ ਅਣਪਛਾਤੀ ਲਾਸ਼ ਬਣ ਗਿਆ। ਫਿਰ ਹੌਲੀ ਹੌਲੀ ਤੂਫ਼ਾਨ ਸਿੰਘ ਦਾ ਸਾਰਾ ਗਰੁੱਪ ਖ਼ਤਮ ਹੋ ਗਿਆ। ਅੱਜ ਤੂਫ਼ਾਨ ਸਿੰਘ ਦਾ ਘਰ ਬਟਾਲਾ ਸ੍ਰੀ ਹਰਗੋਬਿੰਦਪੁਰ ਸੜਕ ਦੇ ਬਿਲਕੁਲ ਨਜ਼ਦੀਕ ਹੈ ਪਿੰਡ ਖੁੱਡੀ ਚੀਮਾ। ਉਸ ਦੀ ਇਕੋ ਇਕ ਨੌਜੁਆਨ ਸ਼ਾਦੀਸ਼ੁਦਾ ਧੀ ਹੈ।

ਇਸੇ ਪਿੰਡ ਦੇ ਲਾਗੇ ਧਾਰੀਵਾਲ ਸੋਹੀਆਂ ਨਾਂ ਦਾ ਪਿੰਡ ਹੈ। ਇਥੋਂ ਦਾ ਖਾੜਕੂ ਕਸ਼ਮੀਰ ਸਿੰਘ ਉਰਫ਼ ਡਾਕਟਰ ਬਹੁਤ ਮਕਬੂਲ ਹੋਇਆ। ਇਸ ਦਾ ਜਦ ਪਿੰਡ ਭੋਟੀਵਾਲ ਵਿਖੇ ਪੁਲਿਸ ਮੁਕਾਬਲਾ ਬਣਿਆ ਤਾਂ ਐਸ.ਐਸ.ਪੀ. ਗੋਬਿੰਦ ਰਾਮ ਖ਼ੁਦ ਆਇਆ। ਡਾਕਟਰ ਦੇ ਤਿੰਨ ਸਾਥੀ ਮਾਰੇ ਗਏ ਪਰ ਡਾਕਟਰ ਦੋ ਸਾਥੀਆਂ ਸਮੇਤ ਹਾੜ੍ਹ-ਸਾਉਣ ਦੀ ਗਰਮੀ ਵਿਚ ਕੋਠੇ ਤੇ ਪਈ ਕਹੀ ਕਾਨਿਆਂ ਦੇ ਢੇਰ ਵਿਚ ਦੜਿਆ ਰਿਹਾ ਅਤੇ ਗਰਮੀ ਕਰ ਕੇ ਪੁਲਿਸ ਨੂੰ ਉਥੇ ਲੁਕੇ ਹੋਣ ਦਾ ਸ਼ੱਕ ਨਾ ਹੋਇਆ ਅਤੇ ਉਹ ਤਿੰਨੇ ਬਚ ਗਏ। ਜਦ ਗੋਬਿੰਦ ਰਾਮ ਨੂੰ ਡਾਕਟਰ ਨਾ ਲੱਭਾ ਤਾਂ ਪ੍ਰੇਸ਼ਾਨੀ ਵਿਚ ਗੁਆਂਢ ਵਿਚ ਤੁਰੇ ਜਾਂਦੇ ਇਕ ਅੰਮ੍ਰਿਤਧਾਰੀ ਸਿੰਘ ਦੇ ਪੇਟ ਵਿਚ ਗੋਲੀਆਂ ਦੀ ਬੌਛਾੜ ਲਾ ਦਿਤੀ। ਉਹ ਡਿੱਗ ਪਿਆ। ਕਿੰਨਾ ਚਿਰ ਉਸ ਦੇ ਮੂੰਹੋਂ ਆਵਾਜ਼ ਨਿਕਲਦੀ ਰਹੀ ‘ਅਫ਼ਸਰੋ ਮੈਂ ਨਿਰਦੋਸ਼ ਮਾਰ ‘ਤਾ।’ ਗੋਬਿੰਦ ਰਾਮ ਉਸ ਦੇ ਨੇੜੇ ਆ ਕੇ ਹਵਾ ਵਿਚ ਬੰਦੂਕ ਘੁਮਾਉਂਦਾ ਬੋਲਿਆ, ‘ਅਗਰ ਨਿਰਦੋਸ਼ ਮਰ ਗਿਐ ਤਾਂ ਜਾ ਕੇ ਧਰਮਰਾਜ ਨੂੰ ਦੱਸ।’ ਅਤੇ ਉਹ ਬੇਕਸੂਰ ਵੇਖਦਿਆਂ ਵੇਖਦਿਆਂ ਠੰਢਾ ਹੋ ਗਿਆ।

ਇਸ ਮੁਕਾਬਲੇ ਦੀ ਮੁਖ਼ਬਰ ਡਾਕਟਰ ਗਰੁੱਪ ਨੂਰੀ ਨਾਂ ਦੀ ਔਰਤ ਨੂੰ ਮੰਨਦਾ ਸੀ। ਸੋ ਉਸੇ ਰਾਤ ਡਾਕਟਰ ਨੇ ਸਾਥੀਆਂ ਸਮੇਤ ਨੂਰੀ ਨੂੰ ਘਰੋਂ ਆ ਦਬੋਚਿਆ ਅਤੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਘਰਦਿਆਂ ਨੂੰ ਫੜਾ ਦਿਤੀਆਂ। ਨੂਰੀ ਕੋਲੋਂ ਸਾਰੇ ਮੁਕਾਬਲੇ ਦੀ ਹਕੀਕਤ ਸੁਣ ਕੇ ਨੂਰੀ ਨੂੰ ਉੱਚੇ ਸਫ਼ੇਦੇ ਦੇ ਰੁੱਖ ਨਾਲ ਲਟਕਾ ਦਿਤਾ ਅਤੇ ਸ੍ਰੀਰ ਦੇ ਹੇਠਲੇ ਹਿੱਸੇ ਤੇ ਅਨੇਕਾਂ ਗੋਲੀਆਂ ਮਾਰ ਕੇ ਛਾਨਣੀ ਕਰ ਦਿਤਾ। ਉਸੇ ਪਿੰਡ ਦੇ ਦੋ ਹੋਰ ਮੁਖਬਰ ਕੈਲਾ ਮਸੀਹ ਅਤੇ ਨਿੰਦਰ ਮਸੀਹ ਦੋਵੇਂ ਪਿਉ-ਪੁੱਤਰ ਘਰੋਂ ਕੱਢ ਕੇ ਬਾਹਰ ਮਾਰੇ ਪਰ ਉਨ੍ਹਾਂ ਦੇ ਘਰਦਿਆਂ ਨੂੰ ਕੁੱਝ ਨਾ ਕਿਹਾ।

18 ਕੁ ਸਾਲ ਬਾਅਦ ਖੁੱਡੀ ਚੀਮਾਂ ਦੀ ਪੰਚਾਇਤ ਕਿਸੇ ਕੰਮ ਲਈ ਸ੍ਰੀ ਹਰਗੋਬਿੰਦਪੁਰ ਥਾਣੇ ਗਈ। ਉਥੇ ਮੌਜੂਦ ਥਾਣੇਦਾਰ ਮਹਿੰਗਾ ਸਿੰਘ, ਜੋ ਕਿ 90 ਦੇ ਦਹਾਕੇ ਵਿਚ ਇਸ ਥਾਣੇ ਵਿਚ ਰਹਿ ਚੁੱਕਾ ਸੀ, ਨੇ ਪੰਚਾਇਤ ਨੂੰ ਸੰਬੋਧਨ ਹੋ ਕੇ ਵਿਅੰਗ ਵਿਚ ਕਿਹਾ ‘ਕੌਣ ਕਹਿੰਦਾ ਹੈ ਅਤਿਵਾਦ ਖ਼ਤਮ ਹੋ ਗਿਆ ਹੈ? ਅਤਿਵਾਦ ਦੀ ਮਾਂ ਅਜੇ ਜਿਊਂਦੀ ਹੈ।’ ਕਿਉਂਕਿ ਇਕ ਸਾਬਕਾ ਖਾੜਕੂ ਵੀ ਪੰਚਾਇਤ ਨਾਲ ਥਾਣੇ ਗਿਆ ਸੀ ਤੇ ਮਹਿੰਗਾ ਸਿੰਘ, ਖੁੱਡੀ ਚੀਮਾ ਵਿਚ ਖਾੜਕੂਵਾਦ ਲਿਆਉਣ ਦਾ ਜ਼ਿੰਮੇਵਾਰ ਉਸੇ ਖਾੜਕੂ ਨੂੰ ਮੰਨਦਾ ਸੀ ਭਾਵੇਂ ਉਹ ਬਜ਼ੁਰਗ ਹੋ ਚੁੱਕਾ ਸੀ। ਅੱਜ ਉਹ ਸਾਬਕਾ ਖਾੜਕੂ, ਜੋ ਕਿ ਤਕਦੀਰ ਨਾਲ ਹੀ ਸਮਝੋ, ਪੁਲਿਸ ਦੀ ਗੋਲੀ ਤੋਂ ਬੱਚ ਗਿਆ ਹੈ ਜੀਵਨ ਬਤੀਤ ਕਰ ਰਿਹਾ ਹੈ। ਆਉ ਅਰਦਾਸ ਕਰੀਏ ਕਿ ਪੰਜਾਬ ਵਿਚ ਉਹ ਕਾਲੇ ਦਿਨ ਮੁੜ ਕਦੀ ਨਾ ਪਰਤਣ ਅਤੇ ਸਰਬੱਤ ਦਾ ਭਲਾ ਹੋਵੇ।ਕੁਲਬੀਰ ਸਿੰਘ ਅਜੂਬਾ ਸੰਪਰਕ : 81461-26040

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.