ਸੁਖਵਿੰਦਰਜੀਤ ਸਿੰਘ ਮਨੌਲੀ, ਐੱਸਏਐੱਸ ਨਗਰ: ਕੈਨੇਡਾ ਦੇ ਪੱਛਮੀ ਰਾਜ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਲਈ ਹੋਈਆਂ ਮੱਧਕਾਲੀ ਚੋਣਾਂ ‘ਚ ਸੱਤਾਧਾਰੀ ਐੱਨਡੀਪੀ ਨੂੰ ਸਪਸ਼ਟ ਬਹੁਮਤ ਮਿਲ ਗਿਆ ਹੈ। 87 ਮੈਂਬਰੀ ਵਿਧਾਨ ਸਭਾ ਲਈ ਪਈਆਂ ਵੋਟਾਂ ‘ਚ ਪਿੱਛਲੀ ਵਾਰ ਦੇ ਮੁਕਾਬਲੇ ਇਸ ਵਾਰ 14 ਹੋਰ ਸੀਟਾਂ ਦੇ ਵਾਧੇ ਨਾਲ 55 ਸੀਟਾਂ ਹਾਸਲ ਮਿਲੀਆਂ ਹਨ। ਇਨ੍ਹਾਂ ਚੋਣਾਂ ‘ਚ ਜਿੱਤੇ 8 ਪੰਜਾਬੀਆਂ ‘ਚ ਜਿੰਨੀ ਸਿਮਸ, ਜਗਰੂਪ ਬਰਾੜ, ਰਵਿੰਦਰ ਰਵੀ ਕਾਹਲੋਂ, ਹੈਰੀ ਬੈਂਸ, ਰਾਜ ਚੌਹਾਨ, ਅਮਨਦੀਪ ਸਿੰਘ, ਰਚਨਾ ਸਿੰਘ ਅਤੇ ਨਿੱਕੀ ਸ਼ਰਮਾ ਦੇ ਨਾਮ ਸ਼ਾਮਲ ਹਨ।

ਹਾਕੀ ਓਲੰਪੀਅਨ ਰਵਿੰਦਰ ਸਿੰਘ ਕਾਹਲੋਂ: ਵਿਸ਼ਵ ਹਾਕੀ ਦੇ ਹਲਕਿਆਂ ‘ਚ ਰਵੀ ਕਾਹਲੋਂ ਦੇ ਨਾਮ ਨਾਲ ਪ੍ਰਸਿੱਧ ਕੈਨੇਡੀਅਨ ਹਾਕੀ ਓਲੰਪੀਅਨ ਰਵਿੰਦਰ ਸਿੰਘ ਕਾਹਲੋਂ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹੈ। ਮਈ-15, 1979 ‘ਚ ਵਿਕਟੋਰੀਆ, ਬਿਟਿਸ਼ ਕੋਲੰਬੀਆ ‘ਚ ਜਨਮੇਂ ਰਵੀ ਕਾਹਲੋਂ ਨੂੰ ਹਾਕੀ ਖੇਡਣ ਦੀ ਗੁੜਤੀ ਉਸ ਦੇ ਪਿਤਾ ਵਲੋਂ ਦਿੱਤੀ ਗਈ। ਰਵੀ ਕਾਹਲੋਂ ਨੇ 12 ਸਾਲਾ ਉਮਰ ‘ਚ ਵਿਕਟੋਰੀਆ ਹਾਕੀ ਲੀਗ ਖੇਡਣ ਸਦਕਾ ਫੀਲਡ ਹਾਕੀ ਦੇ ਮੈਦਾਨ ‘ਚ ਕਦਮ ਰੱਖਣ ਤੋਂ ਬਾਅਦ ਬੇਗਾਨੇ ਮੁਲਕ ਦੀ ਕੌਮੀ ਟੀਮ ਨਾਲ ਓਲੰਪਿਕ ਤੇ ਵਿਸ਼ਵ ਹਾਕੀ ਖੇਡਣ ਦਾ ਸਫ਼ਰ ਤੈਅ ਕੀਤਾ।

41 ਬਸੰਤਾਂ ਭੋਗ ਚੁੱਕੇ ਰਵੀ ਕਾਹਲੋਂ ਨੂੰ 1999 ‘ਚ ਕੈਨੇਡਾ ਦੀ ਜੂਨੀਅਰ ਹਾਕੀ ਟੀਮ ਵਲੋਂ ਕੌਮਾਂਤਰੀ ਫੀਲਡ ਹਾਕੀ ਖੇਡਣ ਲਈ ਬਰੇਕ ਮਿਲੀ। ਯੂਨਾਈਟਿਡ ਹਾਕੀ ਕਲੱਬ ਦੀ ਟੀਮ ਦੀ ਕੈਨੇਡੀਅਨ ਲੀਗ ‘ਚ ਪ੍ਰਤੀਨਿੱਧਤਾ ਕਰਨ ਵਾਲੇ ਰਵੀ ਕਾਹਲੋਂ ਨੂੰ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਹੱਕ ਵੀ ਹਾਸਲ ਹੋਇਆ। ਵਿਕਟੋਰੀਆ ਦੇ ਕੈਮੋਸਨ ਕਾਲਜ ਦਾ ਸਟੂਡੈਂਟ ਰਹੇ ਰਵੀ ਕਾਹਲੋਂ ਨੂੰ 2000 ‘ਚ ਕੌਮਾਂਤਰੀ ਹਾਕੀ ਖੇਡਣ ਲਈ ਸੀਨੀਅਰ ਹਾਕੀ ਟੀਮ ਦੇ ਦਸਤੇ ‘ਚ ਸ਼ਾਮਲ ਕੀਤਾ ਗਿਆ। ਇਸੇ ਸਾਲ ਰਵੀ ਕਾਹਲੋਂ ਨੇ ਬਰੱਸਲਜ਼ ‘ਚ ਮਲੇਸ਼ੀਆ ਵਿਰੁੱਧ ਪਹਿਲਾ ਕੌਮਾਂਤਰੀ ਹਾਕੀ ਮੈਚ ਖੇਡਣ ਤੋਂ ਇਲਾਵਾ ਸਿਡਨੀ-2000 ‘ਚ ਓਲੰਪਿਕ ‘ਚ ਕੈਨੇਡਾ ਦੀ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਮੈਦਾਨ ‘ਚ ਡਿਫੈਂਡਰ ਦੀ ਪੁਜ਼ੀਸ਼ਨ ‘ਤੇ ਖੇਡਣ ਵਾਲੇ ਰਵੀ ਕਾਹਲੋਂ ਨੂੰ ਈਡਨਬਰਗ-2001 ਵਿਸ਼ਵ ਹਾਕੀ ਕੱਪ ਕੁਆਲੀਫਾਇਰ ਟੂਰਨਾਮੈਂਟ ਖੇਡਣ ਦਾ ਮਾਣ ਹਾਸਲ ਹੋਇਆ। ਸਾਂਤੋ ਡੋਮਿੰਗੋ-2004 ਪੈਨ ਅਮਰੀਕਨ ਗੇਮਜ਼ ‘ਚ ਸਿਲਵਰ ਮੈਡਲ ਜਿੱਤਣ ਵਾਲੀ ਕੈਨੇਡੀਅਨ ਹਾਕੀ ਟੀਮ ਨਾਲ ਮੈਦਾਨ ‘ਚ ਨਿੱਤਰਨ ਵਾਲੇ ਰਵੀ ਕਾਹਲੋਂ ਨੂੰ ਮਾਨਚੈਸਟਰ-2002 ਕਾਮਨਵੈਲਥ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ। ਮੈਡਰਿਡ-2004 ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਖੇਡਣ ਵਾਲੇ ਰਵੀ ਕਾਹਲੋਂ ਨੂੰ ਲੰਡਨ-2004 ‘ਚ ਪੈਨ ਅਮਰੀਕਨ ਹਾਕੀ ਕੱਪ ‘ਚ ਦੂਜੇ ਰੈਂਕ ਨਾਲ ਚਾਂਦੀ ਦਾ ਤਗਮਾ ਜੇਤੂ ਵਿਦੇਸ਼ੀ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਹੋਇਆ। ਸਿਡਨੀ-2000 ਤੇ ਬੀਜਿੰਗ-2008 ਓਲੰਪਿਕ ਹਾਕੀ ‘ਚ ਕੈਨੇਡਾ ਦੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਰਵੀ ਕਾਹਲੋਂ ਨੂੰ ਰੀਓ-2007 ਪੈਨ ਅਮਰੀਕਨ ਹਾਕੀ ਗੇਮਜ਼ ‘ਚ ਚੈਂਪੀਅਨ ਨਾਮਜ਼ਦ ਹੋਈ ਹਾਕੀ ਟੀਮ ਨਾਲ ਜੇਤੂ ਮੰਚ ‘ਤੇ ਖੜ੍ਹਨ ਦਾ ਸੁਭਾਗ ਨਸੀਬ ਹੋਇਆ। ਮੈਲਬਰਨ-2006 ‘ਚ ਕਾਮਨਵੈਲਥ ਗੇਮਜ਼ ਹਾਕੀ ਖੇਡਣ ਵਾਲੇ ਰਵੀ ਕਾਹਲੋਂ ਨੇ ਬੀਜਿੰਗ-2008 ਓਲੰਪਿਕ ਖੇਡਣ ਤੋਂ ਬਾਅਦ ਆਪਣੀ ਹਾਕੀ ਸਦਾ ਲਈ ਕਿੱਲੀ ‘ਤੇ ਟੰਗ ਦਿੱਤੀ। ਕੈਨੇਡੀਅਨ ਕੁੜੀ ਲਿਲੀ ਨੂੰ ਜੀਵਨ ਸਾਥੀ ਚੁਣਨ ਵਾਲੇ ਰਵੀ ਕਾਹਲੋਂ ਨੂੰ 2013 ‘ਚ ਕੈਨੇਡੀਅਨ ਫੀਲਡ ਹਾਕੀ ਨੂੰ ਦਿੱਤੀਆਂ ਸ਼ਾਨਦਾਰ ਸੇਵਾਵਾਂ ਸਦਕਾ ‘ਡੈਲਟਾ ਸਪੋਰਟਸ ਹਾਲ ਆਫ ਫੇਮ’ ਦੇ ਸਨਮਾਨ ਨਾਲ ਨਿਵਾਜਿਆ ਗਿਆ।

ਇਕ ਪੁੱਤਰ ਨੈਵਨ ਦੇ ਪਿਓ ਰਵੀ ਕਾਹਲੋਂ ਨੇ ਰਾਜਸੀ ਪਾਰੀ ਦੀ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਨਿਊ ਡੈਮੋਕਰੈਟਿਕ ਪਾਰਟੀ ‘ਚ ਸ਼ਾਮਲ ਹੋਣ ਸਦਕਾ ਰਾਜਸੀ ਪਾਰੀ ਦਾ ਸ਼ੁਰੂਆਤ ਕੀਤੀ। ਪਰ ਸਾਲ-2017 ਦੀ ਚੋਣ ‘ਚ ਰਵੀ ਕਾਹਲੋਂ ਨੂੰ ਲਿਬਰਲ ਪਾਰਟੀ ਦੇ ਉਮੀਦਵਾਰ ਸਕੌਟ ਹੈਮਿਲਟਨ ਵਲੋਂ 9.14 ਪ੍ਰਤੀਸ਼ਤ ਪੁਆਇੰਟਾਂ ਨਾਲ ਮਾਤ ਦਿੱਤੀ ਗਈ। ਪਰ ਹੁਣ ਤਾਜ਼ਾ ਮੱਧਕਾਲੀ ਚੋਣਾਂ ‘ਚ ਰਵੀ ਕਾਹਲੋਂ ਨੇ ਐੱਨਡੀਪੀ ਵਲੋਂ ਚੋਣ ਲੜਦਿਆਂ ਡੈਲਟਾ ਤੋਂ ਜਿੱਤ ਹਾਸਲ ਕੀਤੀ ਹੈ।

ਹਾਕੀ ਓਲੰਪੀਅਨ ਰਵੀ ਕਾਹਲੋਂ ਨੂੰ ਦੋ ਵਾਰ ਮਿਲਣ ਦਾ ਮੌਕਾ ਨਸੀਬ ਹੋਇਆ ਹੈ। ਇਕ ਵਾਰ ਜਲੰਧਰ ‘ਚ ਉਹ ਕੈਨੇਡਾ ਦੀ ਹਾਕੀ ਟੀਮ ਨਾਲ ਸੁਰਜੀਤ ਹਾਕੀ ਖੇਡਣ ਆਇਆ ਸੀ ਤੇ ਦੂਜੀ ਵਾਰ ਉਹ ਇਸੇ ਵਿਦੇਸ਼ੀ ਹਾਕੀ ਟੀਮ ਨਾਲ ਪੰਜਾਬ ਪੁਲਿਸ ਦੀ ਟੀਮ ਵਿਰੁੱਧ ਰੋਪੜ ‘ਚ ਖੇਡਿਆ ਸੀ। ਰਵੀ ਕਾਹਲੋਂ ਤੋਂ ਇਲਾਵਾ ਪੰਜਾਬ ਦੇ ਦੋ ਹੋਰ ਹਾਕੀ ਖਿਡਾਰੀ ਬਿੰਦੀ ਸਿੰਘ ਕੁਲਾਰ ਤੇ ਹਰਭਜਨ ਸਿੰਘ ਰਾਏ ਵੀ ਕੈਨੇਡਾ ਦੀ ਹਾਕੀ ਟੀਮ ਦੇ ਦਸਤੇ ‘ਚ ਸ਼ਾਮਲ ਸਨ। ਰਵੀ ਕਾਹਲੋਂ ਨਾਲ ਦੋਵੇਂ ਮੁਲਾਕਾਤਾਂ ‘ਚ ਭਾਰਤੀ ਤੇ ਵਿਦੇਸ਼ੀ ਹਾਕੀ ਸਬੰਧੀ ਕੀਤੀਆਂ ਗੱਲਾਂ ਅਜੇ ਵੀ ਯਾਦਗਾਰੀ ਪਲਾਂ ‘ਚ ਸ਼ੁਮਾਰ ਹਨ। ਇਸ ਸਮੇਂ ਰਵੀ ਕਾਹਲੋਂ ਭਾਵੇਂ ਦੂਜੀ ਪਾਰੀ ‘ਚ ਰਾਜਸੀ ਸੀੜ੍ਹੀ ਚੜ੍ਹ ਚੁੱਕਾ ਹੈ ਪਰ ਕੌਮਾਂਤਰੀ ਹਾਕੀ ਖਿਡਾਰੀ ਵਜੋਂ ਪੜਚੋਲ ਕਰਨ ਤੋਂ ਬਾਅਦ ਇਹੋ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਉਸ ਅੰਦਰ ਹਾਕੀ ਖੇਡ ਲਟ-ਲਟ ਕਰਕੇ ਬਲਦੀ ਪ੍ਰਤੀਤ ਹੁੰਦੀ ਸੀ। ਰਵੀ ਕਾਹਲੋਂ ਨੂੰ ਖੇਡਦਿਆਂ ਵੇਖ ਇੰਜ ਲੱਗਦਾ ਸੀ ਕਿ ਉਸ ਨੇ ਜਨਮ ਹੀ ਹਾਕੀ ਖੇਡਣ ਲਈ ਲਿਆ ਸੀ। ਅੰਤ ‘ਚ ਇਹੋ ਕਿਹਾ ਜਾ ਸਕਦਾ ਹੈ ਕਿ ਕੌਮੀ ਤੇ ਕੌਮਾਂਤਰੀ ਹਾਕੀ ‘ਚ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਰਾਜਸੀ ਖੇਤਰ ‘ਚ ਵੀ ਸਫ਼ਲਤਾ ਰਵੀ ਕਾਹਲੋਂ ਦੇ ਕਦਮ ਜ਼ਰੂਰ ਚੁੰਮੇਗੀ।