ਨਵੀਂ ਦਿੱਲੀ (ਪੀਟੀਆਈ) : ਅਯੁੱਧਿਆ ’ਚ ਰਾਮਲੱਲਾ ਦੇ ਵਿਗ੍ਰਹਿ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਕਾਂਗਰਸੀ ਆਗੂਆਂ ਵਲੋਂ ਸੱਦਾ ਠੁਕਰਾਏ ਜਾਣ ਦੇ ਬਾਅਦ ਸਿਆਸੀ ਘਮਸਾਨ ਤੇਜ਼ ਹੋ ਗਿਆ ਹੈ। ਕਾਂਗਰਸ ਨੇ ਸ਼ੁੱਕਰਵਾਰ ਨੂੰ ਭਾਜਪਾ ’ਤੇ ਨਿਸ਼ਾਨਾ ਬੰਨ੍ਹਦੇ ਹੋਏ ਕਿਹਾ ਕਿ ਹਾਕਮ ਪਾਰਟੀ ਨੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਇਕ ਸਿਆਸੀ ਪ੍ਰੋਗਰਾਮ ਬਣਾ ਦਿੱਤਾ ਹੈ, ਜਿਹੜਾ ਸ਼ੰਕਰਾਚਾਰੀਆ ਦੀ ਸਲਾਹ ਦੇ ਬਿਨਾਂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਜਪਾ ਨੇ ਸੋਮਨਾਥ ਤੋਂ ਲੈ ਕੇ ਭਗਵਾਨ ਰਾਮ ਨੂੰ ਮਿਥ ਦੱਸਣ ਤੱਕ ਦੇ ਕਈ ਮੌਕਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਸੱਦਾ ਠੁਕਰਾਉਣਾ ਕਾਂਗਰਸ ਦਾ ਪੁਰਾਣਾ ਰੁਝਾਨ ਹੈ।

ਕਾਂਗਰਸ ਦੇ ਹੈੱਡਕੁਆਰਟਰ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਪਾਰਟੀ ਦੇ ਮੀਡੀਆ ਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਦੋਸ਼ ਲਗਾਇਆ ਕਿ ਪ੍ਰਾਣ ਪ੍ਰਤਿਸ਼ਠਾ ਸਮਾਗਮ ਧਾਰਮਿਕ ਪ੍ਰਕਿਰਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਧਰਮ ਇਕ ਨਿੱਜੀ ਮਾਮਲਾ ਹੈ ਤੇ ਕੋਈ ਵੀ ਦਰਸ਼ਨ ਲਈ ਅਯੁੱਧਿਆ ਜਾਣ ਲਈ ਸੁਤੰਤਰ ਹੈ। ਪਰ ਜਿਸ ਸੱਦੇ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ, ਉਹ 22 ਜਨਵਰੀ ਦੇ ਪ੍ਰੋਗਰਾਮ ਲਈ ਸੀ, ਜਿਸਦਾ ਵੱਡੇ ਪੱਧਰ ’ਤੇ ਸਿਆਸੀਕਰਨ ਹੋ ਰਿਹਾ ਹੈ। ਖੇੜਾ ਨੇ ਪੁੱਛਿਆ, ਕੀ ਇਹ ਸ਼ੰਕਰਾਚਾਰੀਆ ਦੀ ਸਲਾਹ ’ਤੇ ਧਾਰਮਿਕ ਪ੍ਰਕਿਰਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ? ਸ਼ੰਕਰਾਚਾਰੀਆ ਨੇ ਕਿਹਾ ਹੈ ਕਿ ਅਧੂੁਰੇ ਮੰਦਰ ਦਾ ਪ੍ਰਤਿਸ਼ਠਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਇਕ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਆਪਣੇ ਤੇ ਭਗਵਾਨ ਦਰਮਿਆਨ ਵਿਚੋਲੀਆ ਬਣਨਾ ਕਿਉਂ ਬਰਦਾਸ਼ਤ ਕਰਾਂਗਾ?

ਉਨ੍ਹਾਂ ਕਿਹਾ ਕਿ ਪਹਿਲਾ ਸਵਾਲ ਹੈ ਕਿ ਕੀ ਕੋਈ ਭਗਵਾਨ ਦੇ ਮੰਦਰ ’ਚ ਸੱਦਾ ਮਿਲਣ ਦੇ ਬਾਅਦ ਜਾਂਦਾ ਹੈ? ਭਾਵੇਂ ਉਹ ਮੰਦਰ ਹੋਵੇ, ਚਰਚ ਹੋਵੇ ਜਾਂ ਮਸਜਿਦ, ਕੀ ਅਸੀਂ ਸੱਦੇ ਦਾ ਇੰਤਜ਼ਾਰ ਕਰਾਂਗੇ। ਇਹ ਕੌਣ ਤੈਅ ਕਰੇਗਾ ਕਿ ਕਿਸ ਤਰੀਕ ਨੂੰ ਤੇ ਕਿਸ ਵਰਗ ਦੇ ਲੋਕ ਜਾਣਗੇ? ਕੀ ਇਹ ਫ਼ੈਸਲਾ ਕੋਈ ਸਿਆਸੀ ਪਾਰਟੀ ਕਰੇਗੀ? ਖੇੜਾ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਆਈਟੀ ਸੈੱਲ ਨੇ ਸ਼ੰਕਰਾਚਾਰੀਆ ਦੇ ਖਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸਦੀ ਤਰੀਕ ਕਿਵੇਂ ਤੈਅ ਕੀਤੀ ਗਈ। ਤਰੀਕ ਦੀ ਚੋਣ ਨਹੀਂ ਹੋਈ। ਚੋਣ ਦੇਖ ਕੇ ਤਰੀਕ ਤੈਅ ਕੀਤੀ ਗਈ ਹੈ। ਇਕ ਵਿਅਕਤੀ ਦੇ ਸਿਆਸੀ ਤਮਾਸ਼ੇ ਲਈ, ਅਸੀਂ ਆਪਣੀ ਆਸਥਾ ਤੇ ਭਗਵਾਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਖੇੜਾ ਨੇ ਦਾਅਵਾ ਕੀਤਾ ਕਿ ਧਾਰਮਿਕ ਆਗੂ ਰਾਮਨੌਮੀ ’ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਨਾ ਚਾਹੁੰਦੇ ਸਨ।

ਪ੍ਰੈੱਸ ਕਾਨਫਰੰਸ ’ਚ ਮੌਜੂਦ ਕਾਂਗਰਸ ਦੇ ਇੰਟਰਨੈੱਟ ਮੀਡੀਆ ਵਿਭਾਗ ਦੀ ਮੁਖੀ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ ਕਿ ਭਾਜਪਾ ਨੇ ਲੋਕਾਂ ਨੂੰ ਜਾਤੀ, ਧਰਮ ਤੇ ਭਾਸ਼ਾ ਦੇ ਆਧਾਰ ’ਤੇ ਵੰਡਿਆ ਹੈ। ਪਰ ਹੁਣ ਉਹ ਸਨਾਤਨ ਧਰਮ ਨੂੰ ਵੰਡ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਿੱਜੀ ਆਸਥਾ ਨੂੰ ਸਰਬ ਉੱਚ ਮੰਨਦੀ ਹੈ। ਸ਼੍ਰੀਨੇਤ ਨੇ ਕਿਹਾ ਕਿ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੇ ਪਹਿਲਾਂ ਹੀ ਤੈਅ ਕਰ ਲਿਆ ਹੈ ਕਿ ਉਹ 15 ਜਨਵਰੀ ਨੂੰ ਦਰਸ਼ਨ ਲਈ ਅਯੁੱਧਿਆ ਜਾਣਗੇ। ਦੱਸਣਯੋਗ ਹੈ ਕਿ ਕਾਂਗਰਸੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਲੋਕਸਭਾ ’ਚ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਬੁੱਧਵਾਰ ਨੂੁੰ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਸ਼ਾਮਲ ਹੋਣ ਦੇ ਸੱਦੇ ਨੂੰ ਨਾਮਨਜ਼ੂਰ ਕਰ ਦਿੱਤਾ ਸੀ ਤੇ ਭਾਜਪਾ ਤੇ ਆਰਐੱਸਐੱਸ ’ਤੇ ਚੋਣ ਲਾਭ ਲਈ ਇਸਨੂੰ ਸਿਆਸੀ ਪ੍ਰੋਗਰਾਮ ਬਣਾਉਣ ਦਾ ਦੋਸ਼ ਲਗਾਇਆ ਸੀ।

ਖੜਗੇ ਬੋਲੇ, ਸ਼ਰਧਾਲੂ ਕਿਸੇ ਵੀ ਦਿਨ ਅਯੁੱਧਿਆ ਜਾ ਸਕਦੇ ਹਨ

ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਗਵਾਨ ਰਾਮ ’ਚ ਆਸਥਾ ਰੱਖਣ ਵਾਲਾ ਕੋਈ ਵੀ ਵਿਅਕਤੀ ਕਿਸੇ ਵੀ ਦਿਨ ਅਯੁੱਧਿਆ ਦੀ ਯਾਤਰਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਕ ਸਾਜ਼ਿਸ਼ ਦੇ ਤਹਿਤ 22 ਜਨਵਰੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸੱਦਾ ਨਾਮਨਜ਼ੂਰ ਕਰਨ ਦੇ ਫ਼ੈਸਲੇ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ’ਤੇ ਹਮਲਾ ਕਰ ਰਹੀ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਨੇ ਕਦੇ ਕਿਸੇ ਧਰਮ ਜਾਂ ਗੁਰੂ ਦਾ ਅਪਮਾਨ ਨਹੀਂ ਕੀਤਾ ਤੇ ਉਹ ਭਾਜਪਾ ਦਾ ਧਿਆਨ ਭਟਕਾਉਣ ਵਾਲੀ ਸਿਆਸਤ ’ਚ ਨਹੀਂ ਫਸੇਗੀ ਤੇ ਮਹਿੰਗਾਈ ਤੇ ਬੇਰੁਜ਼ਗਾਰੀ ਵਰਗੇ ਲੋਕਾਂ ਨਾਲ ਜੁੜੇ ਮੁੱਦੇ ਚੁੱਕਦੀ ਰਹੇਗੀ। ਖੜਗੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿੱਥੋਂ ਤੱਕ ਸਮਾਗਮ ’ਚ ਸ਼ਾਮਲ ਹੋਣ ਦੀ ਗੱਲ ਹੈ, ਜਿਨ੍ਹਾਂ ਲੋਕਾਂ ਦੀ ਆਸਥਾ ਹੈ, ਉਹ ਕੱਲ੍ਹ ਜਾਂ ਪਰਸੋਂ ਜਾ ਸਕਦੇ ਹਨ। ਮੈਂ ਛੇ ਜਨਵਰੀ ਨੂੰ ਹੀ ਇਹ ਸਪਸ਼ਟ ਕਰ ਦਿੱਤਾ ਹੈ। ਸਾਡੇ ’ਤੇ ਹਮਲਾ ਕਰਨਾ ਸਹੀ ਨਹੀਂ ਹੈ। ਇਹ ਭਾਜਪਾ ਦੀ ਸਾਜ਼ਿਸ਼ ਹੈ।