ਸਟੇਟ ਬਿਊਰੋ, ਜੰਮੂ : ਪੁਣਛ ’ਚ ਅੱਤਵਾਦੀ ਹਮਲੇ ਤੋਂ ਬਾਅਦ ਤਿੰਨ ਪਿੰਡ ਵਾਸੀਆਂ ਦੀਆਂ ਸ਼ੱਕੀ ਹਾਲਾਤ ਮਿਲੀਆਂ ਲਾਸ਼ਾਂ ਕਾਰਨ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਫ਼ੌਜੀ ਪ੍ਰਸ਼ਾਸਨ ਨੇ ਇਕ ਬਿ੍ਰਗੇਡੀਅਰ, ਇਕ ਕਰਨਲ ਤੇ ਲੈਫਟੀਨੈਂਟ ਕਰਨਲ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਅਟੈਚ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਕੋਰਟ ਆਫ ਇਨਕੁਆਇਰੀ ਦੇ ਵੀ ਹੁਕਮ ਦਿੱਤੇ ਗਏ ਹਨ। ਉੱਥੇ ਹੀ ਪੁਲਿਸ ਨੇ ਵੀ ਇਸ ਮਾਮਲੇ ’ਚ ਬੇਪਛਾਣ ਲੋਕਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸੋਮਵਾਰ ਨੂੰ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਹਮਲੇ ਵਾਲੀ ਥਾਂ ਡੇਰਾ ਦੀ ਗਲੀ ਦਾ ਦੌਰਾ ਕੀਤਾ ਤੇ ਫ਼ੌਜ ਤੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਕਰ ਕੇ ਅੱਤਵਾਦੀਆਂ ਨੂੰ ਜੜ੍ਹੋਂ ਮੁਕਾਉਣ ਦੀ ਨੀਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅੱਤਵਾਦੀਆਂ ਪ੍ਰਤੀ ਸਿਫਰ ਸਹਿਣਸ਼ੀਲਤਾ ’ਤੇ ਜ਼ੋਰ ਦਿੰਦੇ ਹੋਏ ਕਿਸੇ ਵੀ ਸਥਿਤੀ ’ਚ ਆਮ ਲੋਕਾਂ ਦੇ ਜਾਨ-ਮਾਲ ਤੇ ਸਨਮਾਨ ਦੀ ਰੱਖਿਆ ਨੂੰ ਪਹਿਲ ਦੇਣ ਦਾ ਨਿਰਦੇਸ਼ ਦਿੱਤਾ। ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਜੌਰੀ-ਪੁਣਛ ਦਾ ਦੌਰਾ ਕਰ ਕੇ ਹਾਲਾਤ ਦੀ ਸਮੀਖਿਆ ਕਰਨਗੇ।

ਅੱਤਵਾਦੀਆਂ ਨੇ ਬੀਤੇ ਵੀਰਵਾਰ ਨੂੰ ਪੁਣਛ ’ਚ ਫ਼ੌਜੀ ਵਾਹਨਾਂ ’ਤੇ ਘਾਤ ਲਗਾ ਕੇ ਹਮਲਾ ਕੀਤਾ ਸੀ। ਇਸ ’ਚ ਚਾਰ ਫ਼ੌਜੀ ਸ਼ਹੀਦ ਹੋ ਗਏ ਸਨ। ਘਟਨਾ ਦੇ ਅਗਲੇ ਦਿਨ ਮੁਕਾਬਲੇ ਵਾਲੀ ਥਾਂ ਤੋਂ ਤਿੰਨ ਪਿੰਡ ਵਾਸੀਆਂ ਦੀਆਂ ਲਾਸ਼ਾਂ ਸ਼ੱਕੀ ਹਾਲਤ ’ਚ ਮਿਲੀਆਂ ਸਨ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਨੂੰ ਪੁੱਛਗਿੱਛ ਕਰਨ ਲਈ ਹਿਰਾਸਤ ’ਚ ਲਿਆ ਗਿਆ ਸੀ। ਉਨ੍ਹਾਂ ਨੇ ਉਨ੍ਹਾਂ ਚਾਰਾਂ ਦੀ ਮੌਤ ਲਈ ਸੁਰੱਖਿਆ ਬਲਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਮਿ੍ਰਤਕ ਪਿੰਡ ਵਾਸੀਆਂ ’ਚ ਇਕ ਦਾ ਭਰਾ ਬੀਐੱਸਐੱਫ ’ਚ ਕੰਮ ਕਰਦਾ ਹੈ। ਇਸ ਸਬੰਧੀ ਇੰਟਰਨੈੱਟ ਮੀਡੀਆ ’ਤੇ ਵੀ ਇਕ ਵੀਡੀਓ ਜਾਰੀ ਹੋਇਆ ਸੀ। ਮਾਮਲੇ ਨੂੰ ਤੂਲ ਫੜਦਾ ਦੇਖ ਫ਼ੌਰੀ ਤੌਰ ’ਤੇ ਸਬੰਧਤ ਆਰਆਰ ਸੈਕਟਰ ਕਮਾਂਡਰ ਬਿ੍ਰਗੇਡੀਅਰ ਪਦਮ ਅਚਾਰੀਆ ਸਮੇਤ ਇਕ ਕਰਨਲ ਤੇ ਲੈਫਟੀਨੈਂਟ ਕਰਨਲ ਨੂੰ ਅਟੈਚ ਕਰ ਦਿੱਤਾ ਗਿਆ ਹੈ। ਅਟੈਚ ਸੈਕਟਰ ਕਮਾਂਡਰ ਦੀ ਥਾਂ ’ਤੇ ਫ਼ੌਜ ਦੀ 10 ਆਰਆਰ ਸੈਕਟਰ ’ਚ ਅੱਤਵਾਦੀ ਰੋਕੂ ਮੁਹਿੰਮਾਂ ’ਚ ਜ਼ਿਕਰਯੋਗ ਭੂਮਿਕਾ ਨਿਭਾਅ ਚੁੱਕੇ ਬਿ੍ਰਗੇਡੀਅਰ ਰੈਂਕ ਦੇ ਇਕ ਅਧਿਕਾਰੀ ਨੂੰ ਤਾਇਨਾਤ ਕੀਤਾ ਗਿਆ ਹੈ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੀ ਮੌਤ ਦੀ ਜਾਂਚ ਪੂਰੀ ਤਰ੍ਹਾਂ ਨਿਰਪੱਖ ਤੇ ਪਾਰਦਰਸ਼ੀ ਬਣਾਈ ਰੱਖਣ ਲਈ ਹੀ ਅਟੈਚ ਕੀਤਾ ਗਿਆ ਹੈ।

ਫ਼ੌਜ, ਪੁਲਿਸ ਤੇ ਖ਼ੁਫ਼ੀਆ ਏਜੰਸੀਆਂ ਨਾਲ ਕੀਤੀ ਬੈਠਕ

ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਸੋਮਵਾਰ ਨੂੰ ਉੱਤਰੀ ਕਮਾਨ ਮੁਖੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨਾਲ ਰਾਜੌਰੀ ਪੁੱਜੇ। ਉਨ੍ਹਾਂ ਨੇ ਨਗਰੋਟਾ ਸਥਿਤ ਫ਼ੌਜ ਦੀ 16 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਸੰਦੀਪ ਜੈਨ ਤੇ ਹੋਰ ਸੀਨੀਅਰ ਫ਼ੌਜੀ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਣਛ ’ਚ ਡੇਰਾ ਦੀ ਗਲੀ ਦਾ ਦੌਰਾਨ ਕੀਤਾ। ਉਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਇਲਾਵਾ ਸਬੰਧਤ ਫ਼ੌਜੀ ਯੂਨਿਟ ਦਾ ਵੀ ਦੌਰਾ ਕੀਤਾ। ਫ਼ੌਜੀ ਅਧਿਕਾਰੀਆਂ ਨਾਲ ਪੂਰੇ ਘਟਨਾ ਚੱਕਰ ’ਤੇ ਚਰਚਾ ਕੀਤੀ। ਉਨ੍ਹਾਂ ਨੇ ਅੱਤਵਾਦੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ।

ਅੱਤਵਾਦੀਆਂ ਤੇ ਓਜੀਡਬਲਯੂ ਖ਼ਿਲਾਫ਼ ਮੁਹਿੰਮ ਚਲਾਓ

ਫ਼ੌਜ ਮੁਖੀ ਨੇ ਰਾਜੌਰੀ-ਪੁਣਛ ’ਚ ਸਰਗਰਮ ਅੱਤਵਾਦੀਆਂ ਤੇ ਉਨ੍ਹਾਂ ਦੇ ਓਵਰ ਗਰਾਊਂਡ ਵਰਕਰਾਂ (ਓਜੀਡਬਲਯੂ) ਖ਼ਿਲਾਫ਼ ਯਕੀਨੀ ਤਰੀਕੇ ਨਾਲ ਮੁਹਿੰਮ ਚਲਾਉਣ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਸੂਚਨਾ ਨੂੰ ਹਲਕੇ ’ਚ ਨਾ ਲਿਆ ਜਾਵੇ। ਹਰੇਕ ਸੂਚਨਾ ਦਾ ਅਨੁਮਾਨ ਲਗਾਇਆ ਜਾਵੇ ਤੇ ਸਬੰਧਤ ਸੁਰੱਖਿਆ ਏਜੰਸੀਆਂ ਨਾਲ ਉਨ੍ਹਾਂ ਦਾ ਫ਼ੌਰੀ ਤੌਰ ’ਤੇ ਸਾਂਝੀਆਂ ਹੋਣੀ ਚਾਹੀਦੀ ਹੈ। ਪੁਲਿਸ ਤੇ ਹੋਰ ਸੁਰੱਖਿਆ ਬਲਾਂ ਨਾਲ ਪੂਰਾ ਤਾਲਮੇਲ ਬਣਾਈ ਰੱਖਦੇ ਹੋਏ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।