ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਲੁਧਿਆਣਾ ਵਿਖੇ ਨਸ਼ਾ ਤਸਕਰੀ ਕਰਨ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਸ਼ਾਤਰ ਵਿਅਕਤੀ ਵੱਲੋਂ ਦੇਸੀ ਘਿਉ ਦੀਆਂ ਪਿੰਨੀਆਂ ਵਿਚ ਲਕੋ ਕੇ ਕੈਨੇਡਾ ਭੇਜੀ ਰਹੀ ਅਫ਼ੀਮ ਕੋਰੀਅਰ ਮੈਨੇਜਰ ਦੀ ਸੂਝ-ਬੂਝ ਨਾਲ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਕੋਰੀਅਰ ਕਰਵਾਉਣ ਵਾਲੇ ਦੀ ਭਾਲ ਆਰੰਭ ਦਿੱਤੀ ਹੈ।

ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਨਾ ਦਿੰਦਿਆਂ ਡੀਐੱਚਐੱਲ ਐਕਸਪ੍ਰੈੱਸ ਇੰਡੀਆ ਕੋਰੀਅਰ ਕੰਪਨੀ ਦੇ ਮੈਨੇਜਰ ਸਲਾਊਦੀਨ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਕੋਲ ਜਸਵੀਰ ਸਿੰਘ ਵਾਸੀ ਗਿੱਲ ਵਿਅਕਤੀ ਆਇਆ ਜਿਸ ਨੇ ਆਪਣਾ ਕੋਰੀਅਰ ਕੈਨੇਡਾ ਭੇਜੇ ਜਾਣ ਦੀ ਗੱਲ ਆਖੀ ਤਾਂ ਉਨ੍ਹਾਂ ਕੋਰੀਅਰ ਬੁੱਕ ਕਰ ਦਿੱਤਾ ਅਤੇ ਪਾਰਸਲ ਦੀ ਜਾਂਚ ਕੀਤੀ। ਖ਼ਾਨ ਨੇ ਦੱਸਿਆ ਕਿ ਜਾਂਚ ਦੌਰਾਨ ਉਸ ਨੂੰ ਪਾਰਸਲ ’ਚ ਕਿਸੇ ਨਸ਼ੀਲੇ ਪਦਾਰਥ ਦੇ ਮੌਜੂਦ ਹੋਣ ਦਾ ਸ਼ੱਕ ਹੋਇਆ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੀ ਮੌਜੂਦਗੀ ਵਿਚ ਪਾਰਸਲ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਦੋ ਟੀ ਸ਼ਰਟਾਂ, ਦੋ ਜੈਕੇਟਾਂ ਅਤੇ ਇਕ ਦੇਸੀ ਘਿਉ ਦੀਆਂ ਪਿੰਨੀਆਂ ਦਾ ਡੱਬਾ ਸੀ। ਜਿਉਂ ਹੀ ਪਿੰਨੀਆਂ ਨੂੰ ਤੋੜ ਕੇ ਦੇਖਿਆ ਤਾਂ ਉਨ੍ਹਾਂ ਵਿੱਚੋਂ 208 ਗ੍ਰਾਮ ਅਫ਼ੀਮ ਬਰਾਮਦ ਹੋਈ ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ।

ਸੰਪਰਕ ਕੀਤੇ ਜਾਣ ’ਤੇ ਥਾਣਾ ਸਾਹਨੇਵਾਲ ਦੇ ਮੁੱਖ ਅਫ਼ਸਰ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੋਰੀਅਰ ਕੰਪਨੀ ਦੇ ਮੈਨੇਜਰ ਵੱਲੋਂ ਦਿੱਤੀ ਗਈ ਇਤਲਾਹ ’ਤੇ ਪੁਲਿਸ ਦੀ ਮੌਜੂਦਗੀ ’ਚ ਪਾਰਸਲ ’ਚੋਂ ਪਿੰਨੀਆਂ ਅਤੇ ਪਿੰਨੀਆਂ ਵਿੱਚੋਂ 208 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ ਜਿਸ ਦੇ ਸਬੰਧ ’ਚ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।