ਇਸਲਾਮਾਬਾਦ— ਬੀਤੇ ਦਿਨੀਂ ਕਸ਼ਮੀਰ ਦੇ ਪੁੰਛ ਜ਼ਿਲੇ ਦੇ ਕ੍ਰਿਸ਼ਨਾ ਘਾਟੀ ‘ਚ ਭਾਰਤੀ ਫੌਜ ਦੇ ਦੋ ਜਵਾਨਾਂ ਦੀਆਂ ਲਾਸ਼ਾਂ ਨਾਲ ਬਹੁਤ ਹੀ ਬੇਰਹਿਮੀ ਵਰਤੀ ਗਈ। ਇਸ ਘਟਨਾ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਖਿੱਚੋਤਾਣ ਹੋਰ ਵਧ ਗਈ ਹੈ। ਓਧਰ ਇਸ ਘਟਨਾ ਨੂੰ ਲੈ ਕੇ ਹੋ ਰਹੀ ਬਿਆਨਬਾਜ਼ੀ ‘ਤੇ ਪਾਕਿਸਤਾਨ ਨੇ ਹੁਣ ਭਾਰਤ ਨੂੰ ਹੀ ਨਸੀਹਤ ਦੇ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨਫੀਸ ਜ਼ਕਾਰੀਆ ਨੇ ਭਾਰਤ ਦੇ ਬਿਆਨਾਂ ਨੂੰ ਉਕਸਾਉਣ ਵਾਲਾ ਕਰਾਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਅਜਿਹੀ ਬਿਆਨਬਾਜ਼ੀ ਨਾਲ ਖੇਤਰੀ ਮਾਹੌਲ ਖਰਾਬ ਹੋਵੇਗਾ।–
ਨਫੀਸ ਨੇ ਕਿਹਾ ਕਿ ਪਾਕਿਸਤਾਨ ਸਪੱਸ਼ਟ ਕਰ ਚੁੱਕਾ ਹੈ ਕਿ ਭਾਰਤੀ ਫੌਜੀਆਂ ਦੀਆਂ ਲਾਸ਼ਾਂ ਨਾਲ ਕਿਸੇ ਤਰ੍ਹਾਂ ਦੀ ਬੇਰਹਿਮੀ ਨਹੀਂ ਕੀਤੀ ਗਈ। ਨਫੀਸ ਨੇ ਦਾਅਵਾ ਕੀਤਾ ਕਿ ਭਾਰਤ ਸੰਯੁਕਤ ਰਾਸ਼ਟਰ ਦੇ ਸਾਹਮਣੇ ਕੋਈ ਵੀ ਦੋਸ਼ ਲਾਉਣ ਦਾ ਹਰ ਹੱਕ ਗੁਆ ਚੁੱਕਾ ਹੈ, ਕਿਉਂਕਿ ਉਸ ਨੇ ਕਦੇ ਵੀ ਵਿਸ਼ਵ ਬਾਡੀ ਦਾ ਪਾਲਣ ਨਹੀਂ ਕੀਤਾ ਹੈ। ਨਫੀਸ ਨੇ ਇਹ ਵੀ ਦੋਸ਼ ਲਾਇਆ ਕਿ ਭਾਰਤ, ਕਸ਼ਮੀਰ ‘ਚ ਆਪਣੇ ਅੱਤਿਆਚਾਰਾਂ ਤੋਂ ਧਿਆਨ ਹਟਾਉਣ ਲਈ ਹੀ ਪਾਕਿਸਤਾਨ ਵਿਰੁੱਧ ਬਿਆਨਬਾਜ਼ੀ ਕਰਦਾ ਹੈ।