ਜਾਗਰਣ ਸੰਵਾਦਦਾਤਾ, ਮਨਾਲੀ : ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਹੌਲੀ-ਹੌਲੀ ਬਰਫ਼ ਨਾਲ ਢਕਣੀਆਂ ਸ਼ੁਰੂ ਹੋ ਗਈਆਂ ਹਨ। ਸੂਬੇ ਦੇ ਲਾਹੌਲ ਸਪਿਤੀ, ਮਨਾਲੀ, ਰੋਹਤਾਂਗ ਤੇ ਅਟਲ ਸੁਰੰਗ ‘ਚ ਬਰਫਬਾਰੀ ਸ਼ੁਰੂ ਹੋ ਗਈ ਹੈ। ਬਰਫਬਾਰੀ ਦੇ ਮੱਦੇਨਜ਼ਰ ਲੇਹ ਪ੍ਰਸ਼ਾਸਨ ਨੇ ਵੀਰਵਾਰ ਨੂੰ ਮਨਾਲੀ ਆਉਣ ਵਾਲੇ ਸਾਰੇ ਵਾਹਨਾਂ ਨੂੰ ਉਪਸੀ ਵਿਖੇ ਰੋਕ ਦਿੱਤਾ ਸੀ ਜਦਕਿ ਅੱਜ ਮਨਾਲੀ ਤੋਂ ਲੇਹ ਜਾਣ ਵਾਲੇ ਵਾਹਨਾਂ ਨੂੰ ਲਾਹੌਲ ਘਾਟੀ ਦੇ ਦਰਚਾ ਵਿਖੇ ਰੋਕ ਦਿੱਤਾ ਹੈ। ਰਸਤਿਆਂ ‘ਚ ਵਾਹਨਾਂ ਦੀ ਆਵਾਜਾਈ ਮੌਸਮ ’ਤੇ ਨਿਰਭਰ ਹੋ ਗਈ ਹੈ।

ਹਿਮਾਚਲ ਪ੍ਰਦੇਸ਼ ‘ਚ ਕਿੱਥੇ-ਕਿੱਥੇ ਪੈ ਰਹੀ ਬਰਫ਼ ?

ਲਾਹੌਲ ਸਪਿਤੀ ਜ਼ਿਲ੍ਹੇ ਦੇ ਕੋਕਸਰ, ਸਿਸੂ, ਗੋਂਦਲਾ, ਪੱਟਨ ਘਾਟੀ ‘ਚ ਦੋ ਤੋਂ ਚਾਰ ਇੰਚ ਤੇ ਰੋਹਤਾਂਗ ਸੁਰੰਗ, ਕੁੰਜਮਪਾਸ, ਬਰਾਲਾਚਾ ਵਿਚ ਛੇ ਇੰਚ ਤਾਜ਼ਾ ਬਰਫਬਾਰੀ ਹੋਈ। ਅਟਲ ਸੁਰੰਗ ਰੋਹਤਾਂਗ ਦੇ ਦੱਖਣੀ ਪੋਰਟਲ ‘ਚ ਵੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਅਟਲ ਸੁਰੰਗ ਰੋਹਤਾਂਗ ਦੇ ਉੱਤਰੀ ਪੋਰਟਲ ਤੇ ਦੱਖਣੀ ਪੋਰਟਲ ‘ਚ ਬਰਫਬਾਰੀ ਕਾਰਨ ਸੁਰੰਗ ਵੱਲ ਵਾਹਨਾਂ ਦੀ ਆਵਾਜਾਈ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।

ਲਾਹੌਲ ਸਪਿਤੀ ਸਮੇਤ ਕੁੱਲੂ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਹੋ ਰਹੀ ਹੈ। ਮਨਾਲੀ ਤੋਂ ਲਾਹੌਲ ਤਕ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਨਿਰਵਿਘਨ ਹੈ ਪਰ ਲੇਹ ਸੜਕ ਅਜੇ ਵੀ ਬੰਦ ਹੈ। ਰੋਹਤਾਂਗ ਵੱਲ ਜਾਣ ਵਾਲੇ ਵਾਹਨਾਂ ਨੂੰ ਗੁਲਾਬਾ ਤਕ ਹੀ ਭੇਜਿਆ ਜਾ ਰਿਹਾ ਹੈ।

ਕੀ ਬਰਫਬਾਰੀ ਹਿਮਾਚਲ ‘ਚ ਸੈਰ-ਸਪਾਟਾ ਵਧੇਗਾ?

ਬਰਫਬਾਰੀ ਸੈਰ-ਸਪਾਟਾ ਕਾਰੋਬਾਰ ਲਈ ਸੰਜੀਵਨੀ ਦਾ ਕੰਮ ਕਰੇਗੀ ਜੋ ਜੁਲਾਈ ਤੋਂ ਮੰਦਾ ਚੱਲ ਰਿਹਾ ਹੈ। ਦੀਵਾਲੀ ਤੋਂ ਪਹਿਲਾਂ ਬਰਫਬਾਰੀ ਸੈਰ-ਸਪਾਟਾ ਕਾਰੋਬਾਰ ਨੂੰ ਹੁਲਾਰਾ ਦੇਵੇਗੀ। ਸੈਰ-ਸਪਾਟਾ ਕਾਰੋਬਾਰ ਇਸ ਹਫਤੇ ਦੇ ਅੰਤ ‘ਚ ਬਿਹਤਰ ਰਹੇਗਾ। ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਠਾਕੁਰ ਨੇ ਕਿਹਾ ਕਿ ਸੈਰ ਸਪਾਟਾ ਕਾਰੋਬਾਰੀ ਬਰਫਬਾਰੀ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਸਾਰੇ ਰਾਹਾਂ ਵਿੱਚ ਫੈਲੀ ਬਰਫ਼ ਦੀ ਪਰਤ ਮਨਾਲੀ ਦੇ ਸੈਰ-ਸਪਾਟਾ ਕਾਰੋਬਾਰ ਨੂੰ ਹੁਲਾਰਾ ਦੇਵੇਗੀ।