ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਗਾਇਆ ਗਿਆ ਦੋ ਰੋਜ਼ਾ ‘ਪਸ਼ੂ ਪਾਲਣ ਮੇਲਾ ਸ਼ੁੱਕਰਵਾਰ ਨੂੰ ਪਸ਼ੂ ਪਾਲਣ ਕਿੱਤਿਆਂ ਨੂੰ ਸੰਯੁਕਤ ਢੰਗ ਨਾਲ ਅਪਣਾ ਕੇ ਅਤੇ ਸਿਹਤਮੰਦ ਤੇ ਖ਼ੁਸਹਾਲ ਸਮਾਜ ਸਿਰਜਣ ਦੇ ਸੁਨੇਹੇ ਨਾਲ ਸਮਾਪਤ ਹੋ ਗਿਆ। ਮੇਲੇ ‘ਚ ਵੱਡੀ ਗਿਣਤੀ ‘ਚ ਕਿਸਾਨਾਂ ਨੇ ਆਪਣੀ ਸ਼ਮੂਲੀਅਤ ਦਰਜ ਕੀਤੀ ਅਤੇ ਨਵੀਆਂ ਤਕਨੀਕਾਂ ਸਿੱਖਣ ਵਿਚ ਆਪਣੀ ਰੁਚੀ ਵਿਖਾਈ। ਦੂਜੇ ਅਤੇ ਆਖ਼ਰੀ ਦਿਨ ਡਾ. ਅਸ਼ੋਕ ਕੁਮਾਰ ਮੋਹੰਤੀ, ਨਿਰਦੇਸ਼ਕ, ਗਾਂਵਾਂ ਸਬੰਧੀ ਕੇਂਦਰੀ ਖੋਜ ਸੰਸਥਾ, ਮੇਰਠ ਅਤੇ ਸ੍ਰੀ ਰਘੁਨਾਥ ਬੀ. ਪ੍ਰਮੁੱਖ ਪ੍ਰਬੰਧਕ, ਨਾਬਾਰਡ, ਚੰਡੀਗੜ੍ਹ ਬਤੌਰ ਪਤਵੰਤੇ ਮਹਿਮਾਨ ਪਹੁੰਚੇ।

ਡਾ. ਇੰਦਰਜੀਤ ਸਿੰਘ, ਉਪ ਕੁਲਪਤੀ, ਵੈਟਰਨਰੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਸੰਯੁਕਤ ਖੇਤੀਬਾੜੀ ਢਾਂਚੇ ਨੂੰ ਅਪਨਾਉਣ ਇਸ ਨਾਲ ਬਿਹਤਰ ਮੁਨਾਫ਼ਾ ਮਿਲਦਾ ਹੈ। ਉਨ੍ਹਾਂ ਕਿਸਾਨਾਂ ਤਕ ਪਹੁੰਚਣ ਹਿਤ ਪਸਾਰ ਗਤੀਵਿਧੀਆਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਡਾ. ਸਿੰਘ ਨੇ ਕਿਹਾ ਕਿ ਸਾਡੇ ਸਮਾਜ ਵਿਚ ਸਮਾਜਿਕ, ਵਾਤਾਵਰਣਿਕ ਅਤੇ ਆਰਥਿਕ ਕਾਰਨਾਂ ਕਰਕੇ ਖੇਤੀ ਪੱਛੜ ਰਹੀ ਹੈ ਜੋ ਕਿ ਸਮਾਜ ਲਈ ਠੀਕ ਨਹੀਂ ਹੈ। ਉਨ੍ਹਾਂ ਕਿਸਾਨੀ ਭਾਈਚਾਰੇ ਨੂੰ ਕਿਹਾ ਕਿ ਵਿਗਿਆਨੀ ਤੁਹਾਡੇ ਇਕ ਸੱਦੇ ‘ਤੇ ਤੁਹਾਡੇ ਨਾਲ ਖੜੇ੍ਹ ਹਨ ਇਸ ਲਈ ਅੱਗੇ ਵਧੋ ਤਾਂ ਜੋ ਕਿਸਾਨੀ ਸੱਭਿਆਚਾਰ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰੀਏ।

ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਸਾਡੇ ਕੁਝ ਵਿਭਾਗ ਪਸ਼ੂ ਪਾਲਣ ਸਬੰਧੀ ਸੇਵਾਵਾਂ ਦਿੰਦੇ ਹਨ ਜਦਕਿ ਕੁਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਸਿੱਖਿਅਤ ਕਰਦੇ ਹਨ। ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ ਨੇ ਆਪਣਾ ਗਿਆਨ ਤੇ ਜਾਣਕਾਰੀਆਂ ਪਸ਼ੂ ਪਾਲਕਾਂ ਨੂੰ ਦਿੱਤੀਆਂ। ਪਸ਼ੂ ਆਹਾਰ ਵਿਭਾਗ ਨੇ ਪਸ਼ੂਆਂ ਦੇ ਸੁਚੱਜੇ ਖ਼ੁਰਾਕ ਪ੍ਰਬੰਧ ਲਈ ਕਈ ਨਵੀਆਂ ਤਕਨੀਕਾਂ ਜਿਵੇਂ ਬਾਈਪਾਸ ਫੈਟ, ਪਸ਼ੂ ਚਾਟ ਅਤੇ ਧਾਤਾਂ ਦਾ ਚੂਰਾ ਆਦਿ ਵਿਕਸਿਤ ਕੀਤੀਆਂ ਹਨ। ਪਸ਼ੂ ਆਹਾਰ ਤਿਆਰ ਕਰਨ ਵਾਸਤੇ ਪਸ਼ੂ ਪਾਲਕਾਂ ਨੂੰ ਸੰਤੁਲਿਤ ਮਿਕਦਾਰ ਬਾਰੇ ਵੀ ਦੱਸਿਆ ਗਿਆ। ਪਸ਼ੂ ਪ੍ਰਜਣਨ ਵਿਭਾਗ ਨੇ ਪਸ਼ੂਆਂ ਦੇ ਨਾ ਠਹਿਰਣ, ਵਾਰ ਵਾਰ ਫਿਰ ਜਾਣ ਆਦਿ ਵਰਗੀਆਂ ਉਲਝਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਨਾਂ੍ਹ ਸਮੱਸਿਆਵਾਂ ‘ਤੇ ਕਾਬੂ ਪਾਉਣ ਵਾਸਤੇ ਜਾਗਰੂਕ ਕੀਤਾ। ਮਸਨੂਈ ਗਰਭਦਾਨ ਦੇ ਫਾਇਦਿਆਂ ਬਾਰੇ ਵੀ ਕਿਸਾਨਾਂ ਨੂੰ ਦੱਸਿਆ ਗਿਆ।

ਫਿਸ਼ਰੀਜ ਕਾਲਜ, ਵੱਲੋ ਵੱਖ-ਵੱਖ ਕਿਸਮਾਂ ਦੀਆਂ ਪਾਲਣਯੋਗ ਮੱਛੀਆਂ ਜਿਵੇਂ ਕਿ ਕਾਰਪ ਮੱਛੀ, ਕੈਟ ਮੱਛੀ, ਝੀਂਗਾ ਮੱਛੀ ਅਤੇ ਸਜਾਵਟੀ ਮੱਛੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵੱਲੋਂ ਦੁੱਧ ਦੀ ਗੁਣਵੱਤਾ ਵਧਾ ਕੇ ਮਿੱਠੀ ਤੇ ਨਮਕੀਨ ਲੱਸੀ, ਦੁੱਧ, ਪਨੀਰ, ਬਰਫੀ ਤੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ। ਪਸ਼ੂ ਉਤਪਾਦ ਤਕਨਾਲੋਜੀ ਵਿਭਾਗ ਵੱਲੋਂ ਮੀਟ ਦੇ ਉਤਪਾਦ ਤਿਆਰ ਕੀਤੇ ਗਏ। ਯੂਨੀਵਰਸਿਟੀ ਦੇ ਜਨਤਕ ਸਿਹਤ ਵਿਭਾਗ ਨੇ ਲੋਕਾਂ ਨੂੰ ਅਤੇ ਪਾਲਤੂ ਜਾਨਵਰ ਰੱਖਣ ਵਾਲੇ ਮਾਲਕਾਂ ਨੂੰ ਪਸ਼ੂਆਂ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਬਾਰੇ ਆਗਾਹ ਕੀਤਾ। ਪਸ਼ੂਆਂ ਦੀ ਸਿਹਤ ਸਮੱਸਿਆਵਾਂ ਲਈ ਕੰਮ ਕਰਦੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦੇ ਮਾਹਿਰਾਂ ਨੇ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਉਹ ਕਿਸੇ ਵੀ ਤਰ੍ਹਾ ਦੀ ਸਕੈਨਿੰਗ, ਅਪਰੇਸ਼ਨ ਸਬੰਧੀ, ਕਲੀਨੀਕਲ ਜਾਂ ਦਵਾਈ ਸਬੰਧੀ ਜਾਂਚ ਕਰਵਾ ਸਕਦੇ ਹਨ।

ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ‘ਡੇਅਰੀ ਫਾਰਮਿੰਗ’, ‘ਪਸ਼ੂਆਂ ਦੀਆਂ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਿਫਾਰਿਸ਼ਾਂ’, ਮਹੀਨੇਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਕਿਸਾਨਾਂ ਦੀ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਮੁਹਤਬਰ ਸ਼ਖ਼ਸੀਅਤਾਂ ਵੱਲੋਂ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਤਿਆਰ ਕੀਤੇ ਗਏ ਕਈ ਕਿਤਾਬਚੇ ਅਤੇ ਪ੍ਰਕਾਸ਼ਨਾਵਾਂ ਲੋਕ ਅਰਪਨ ਕੀਤੀਆਂ ਗਈਆਂ। ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ, ਦਵਾਈਆਂ, ਮਸ਼ੀਨਰੀ, ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮਹਿਕਮਿਆਂ ਤੇ ਯੂਨੀਵਰਸਿਟੀ ਨਾਲ ਜੁੜ ਕੇ ਕੰਮ ਕਰ ਰਹੀਆਂ ਜਥੇਬੰਦੀਆਂ ਦੇ 100 ਤੋਂ ਵਧੇਰੇ ਸਟਾਲ ਲੱਗੇ ਹੋਏ ਸਨ। ਇਨ੍ਹਾਂ ਸਟਾਲਾਂ ‘ਚੋਂ ਮੈਟਰੋ ਮਿਲਕ ਪੋ੍ਡਕਟਸ ਨੂੰ ਪਹਿਲਾ, ਗੁਡਵਿਲ ਹਾਈਬਿ੍ਡ ਸੀਡਜ਼ ਨੂੰ ਦੂਸਰਾ ਅਤੇ ਸੁਰਿਸ਼ੀ ਫਾਰਮਾਸਿਉਟੀਕਲ ਨੂੰ ਤੀਸਰਾ ਜਦਕਿ ਵੇਰਕਾ ਨੂੰ ਹੌਸਲਾ ਵਧਾਊ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ। ਯੂਨੀਵਰਸਿਟੀ ਸ਼ੇ੍ਣੀ ਵਿਚ ਫਾਰਮਾਕੋਲੋਜੀ ਅਤੇ ਟੌਕਸੀਕੋਲੋਜੀ ਵਿਭਾਗ ਨੂੰ ਪਹਿਲਾ, ਸੈਂਟਰ ਫਾਰ ਵਨ ਹੈਲਥ ਨੂੰ ਦੂਜਾ, ਡਾਇਰੈਕਟੋਰੇਟ ਆਫ ਲਾਈਵਸਟਾਕ ਫਾਰਮਜ਼ ਨੂੰ ਤੀਸਰਾ ਅਤੇ ਕਾਲਜ ਆਫ ਫਿਸ਼ਰੀਜ਼ ਨੂੰ ਹੌਸਲਾ ਵਧਾਊ ਇਨਾਮ ਪ੍ਰਰਾਪਤ ਹੋਇਆ। ਇਸ ਮੌਕੇ ਡਾ. ਅਸ਼ੋਕ ਕੁਮਾਰ ਮੋਹੰਤੀ, ਸ਼੍ਰੀ ਰਘੁਨਾਥ ਬੀ, ਡਾ. ਐਸ ਕੇ ਕਾਂਸਲ, ਡਾ. ਪਰਮਿੰਦਰ ਸਿੰਘ ਅਤੇ ਡਾ. ਕੇਵਲ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ। ਪਸ਼ੂ ਪਾਲਣ ਮੇਲਾ, ਪਸ਼ੂ ਪਾਲਣ ਕਿੱਤਿਆਂ ਨੂੰ ਹੋਰ ਸੁਚੱਜੇ ਅਤੇ ਆਰਥਿਕ ਮੁਨਾਫ਼ੇ ਵਾਲਾ ਕਿੱਤੇ ਬਨਾਉਣ ਦੇ ਸੁਨੇਹੇ ਨਾਲ ਸੰਪੂਰਨ ਹੋਇਆ।