ਸਟਾਫ ਰਿਪੋਰਟਰ, ਰੂਪਨਗਰ : ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰਰੀਤੀ ਯਾਦਵ ਦੀ ਅਗਵਾਈ ਵਿਚ ਲਾਏ ਜਾਂਦੇ ਹਫਤਾਵਰੀ ਪਲੇਸਮੈਂਟ ਕੈਂਪਾਂ ਤਹਿਤ ਸੇਵਾ ਕੇਂਦਰ ਦੀ ਕੰਪਨੀ ਦੇ ਨਿਯੋਜਕਾਂ ਵੱਲੋਂ ਪਲੇਸਮੈਂਟ ਕੈਂਪ ਲਾਇਆ ਗਿਆ, ਜਿਸ ਵਿਚ 24 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਸੇਵਾ ਕੇਂਦਰ ਦੀ ਕੰਪਨੀ ਦੇ ਨਿਯੋਜਕਾਂ ਵੱਲੋਂ ਡਾਟਾ ਐਂਟਰੀ ਆਪ੍ਰਰੇਟਰ ਦੀ ਅਸਾਮੀ ਲਈ ਗ੍ਰੈਜੂਏਟ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਇਸ ਪਲੇਸਮੈਂਟ ਕੈਂਪ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦੀ ਅੰਗਰੇਜ਼ੀ/ਪੰਜਾਬੀ ਟਾਈਪਿੰਗ ਦੀ ਸਪੀਡ 20 ਅੱਖਰ ਪ੍ਰਤੀ ਮਿੰਟ ਦਾ ਟਾਈਪ ਟੈਸਟ ਵੀ ਲਿਆ ਗਿਆ ਅਤੇ ਉਨ੍ਹਾਂ ਕੋਲ 1 ਸਾਲ ਦਾ ਕੰਪਿਊਟਰ ਕੋਰਸ ਕੀਤਾ ਹੋਣਾ ਲਾਜ਼ਮੀ ਸੀ। ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਦੇ ਕੰਮ ਦਾ ਸਥਾਨ ਜ਼ਿਲ੍ਹਾ ਰੂਪਨਗਰ ਵਿੱਚ ਮੋਰਿੰਡਾ, ਸ੍ਰੀ ਚਮਕੌਰ ਸਾਹਿਬ, ਰੋਪੜ, ਸ੍ਰੀ ਅਨੰਦਪੁਰ ਸਾਹਿਬ, ਨੂਰਪੁਰਬੇਦੀ, ਨੰਗਲ ਹੋਵੇਗਾ ਅਤੇ ਉਮੀਦਵਾਰ ਦੀ ਤਨਖਾਹ ਡੀਸੀ ਦਰ ਅਨੁਸਾਰ 9500 ਰੁਪਏ ਪ੍ਰਤੀ ਮਹੀਨਾ ਹੋਵੇਗੀ। ਇਸ ਕੈਂਪ ਵਿੱਚ 18 ਸਾਲ ਤੋਂ 35 ਸਾਲ ਤਕ ਦੋਵੇਂ ਲੜਕੇ ਅਤੇ ਲੜਕੀਆਂ ਹਿੱਸਾ ਲੈ ਸਕਦੇ ਸਨ। ਇਸ ਕੈਂਪ ਵਿੱਚ 114 ਉਮੀਦਵਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 24 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ। ਪਲੇਸਮੈਂਟ ਅਫਸਰ ਮੀਨਾਕਸ਼ੀ ਬੇਦੀ ਨੇ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕਰਵਾਏ ਜਾਂਦੇ ਇਨ੍ਹਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਹਿੱਸਾ ਲੈਣ। ਇਸ ਸਬੰਧੀ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 85570-10066 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।