ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਸਖਤ ਹੁਕਮਾਂ ਤੇ ਸਰਕਾਰ ਵੱਲੋਂ ਕੀਤੀ ਸਖਤੀ ਦੇ ਬਾਵਜੂਦ ਪਰਾਲੀ ਸਾੜਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਵੇਂ ਕਿ ਵੱਡੀ ਗਿਣਤੀ ‘ਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ‘ਤੋਂ ਪਰਹੇਜ ਕੀਤਾ ਤੇ ਪਰਾਲੀ ਨੂੰ ਗੱਠਾਂ ਬਣਾ ਕੇ ਬਾਹਰ ਕੱਿਢਆ ਪਰ ਫਿਰ ਵੀ ਕੁਝ ਕਿਸਾਨਾਂ ਵੱਲੋਂ ਪਰਾਲੀ ਨੂੰ ਖੇਤਾਂ ‘ਚ ਹੀ ਸਾੜਿਆ ਜਾ ਰਿਹਾ ਹੈ।

ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਦਿਨ ਿਛਪਦੇ ਸਾਰ ਹੀ ਹੰਬੜਾਂ ਰੋਡ ਤੇ ਸਥਿਤ ਪਿੰਡ ਭੈਣੀ ਅਰਾਈਆਂ ਨੇੜੇ ਵੱਡੀ ਤਦਾਦ ‘ਚ ਪਰਾਲੀ ਸਾੜੀ ਜਾ ਰਹੀ ਸੀ, ਜਿਸ ਨਾਲ ਅੱਗ ਦੇ ਵੱਡੇ-ਵੱਡੇ ਭਾਂਬੜਾਂ ਦੌਰਾਨ ਸਿੱਧਵਾਂ ਬੇਟ-ਹੰਬੜਾਂ ਸੜਕ ਦਾ ਪੂਰਾ ਏਰੀਆ ਧੂੰਏ ਨਾਲ ਭਰ ਗਿਆ ਜਿਸ ਨਾਲ ਸੜਕੀ ਆਵਾਜਾਈ ਵੀ ਪ੍ਰਭਾਵਿਤ ਰਹੀ। ਗਨੀਮਤ ਇਹ ਰਹੀ ਕਿ ਇਸ ਧੂੰਏ ਦਰਮਿਆਨ ਕੋਈ ਹਾਦਸਾ ਵਾਪਰਨ ਤੋਂ ਬਚਾਅ ਰਿਹਾ। ਸੜਕ ਤੋਂ ਗੁਜ਼ਰ ਰਹੇ ਕਿਸੇ ਵਿਅਕਤੀ ਵੱਲੋਂ ਅੱਗ ਲਗਾਏ ਜਾਣ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਗਈ।

ਆਮ ਲੋਕਾਂ ਤਕ ਦਾ ਇਸ ਦੀ ਖਬਰ ਪੁੱਜੀ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਨਾ ਪੁੱਜਾ। ਸਰਕਾਰ ਵੱਲੋਂ ਕੀਤੇ ਜਾ ਰਹੇ ਪਰਾਲੀ ਨੂੰ ਨਾ ਸਾੜਨ ਦੇ ਉਪਰਾਲੇ ਨਾ-ਕਾਫੀ ਸਾਬਤ ਹੋ ਰਹੇ ਹਨ ਜਿਸ ਕਾਰਨ ਕਈ ਕਿਸਾਨ ਅਜੇ ਵੀ ਪਰਾਲੀ ਨੂੰ ਸਾੜ ਰਹੇ ਹਨ।