ਅਜ਼ੀਜ਼ ਬੱਸੀ, ਅੰਮਿ੍ਰਤਸਰ ਦਾ ਰਹਿਣ ਵਾਲਾ 10 ਸਾਲ ਦਾ ਇਕ ਆਮ ਬੱਚਾ ਹੈ ਜਿਸ ਦੀਆਂ ਯੋਗਤਾਵਾਂ ਅਤੇ ਟੇਲੈਂਟ ਨੇ ਉਸਨੂੰ ਡਾਂਸਿੰਗ ਅਤੇ ਐਕਟਿੰਗ ਦੇ ਖੇਤਰ ਵਿੱਚ ਇਕ ਨਵੇਂ ਮੁਕਾਮ ’ਤੇ ਪਹੁੰਚਾਇਆ ਹੈ। ਅਜ਼ੀਜ਼, ਜੋ ਅੰਮਿ੍ਰਤਸਰ ਦੇ ਡੀਏਵੀ ਇੰਟਰਨੈਸ਼ਨਲ ਸਕੂਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ, ਇੱਕ ਸ਼ੌਕੀਨ ਡਾਂਸਰ ਅਤੇ ਅਦਾਕਾਰ ਹੈ।
ਛੋਟੀ ਉਮਰ ਵਿੱਚ ਹੀ ਡਾਂਸਿੰਗ ਨੂੰ ਸ਼ੌਕ ਵਜੋਂ ਅਪਣਾਉਣ ਵਾਲੇ ਇਸ ਚੈਂਪੀਅਨ ਬੱਚੇ ਨੇ ਆਪਣੀ ਅਦਾਕਾਰੀ ਨੂੰ ਇਸ ਤਰ੍ਹਾਂ ਨਿਖਾਰਿਆ ਹੈ ਕਿ ਅੱਜ ਉਹ ਇੱਕ ਪੇਸ਼ੇਵਰ ਡਾਂਸਰ ਹੋਣ ਦੇ ਨਾਲ-ਨਾਲ ਅਦਾਕਾਰ ਵੀ ਹੈ। ਅਜ਼ੀਜ਼ ਨੇ ਪਿਛਲੇ ਕੁਝ ਸਾਲਾਂ ਦੌਰਾਨ ਅੰਮਿ੍ਰਤਸਰ ਜ਼ਿਲ੍ਹੇ ਵਿੱਚ ਵੱਖ-ਵੱਖ ਡਾਂਸ ਮੁਕਾਬਲਿਆਂ ਵਿੱਚ ਭਾਗ ਲੈ ਕੇ ਜਿੱਤ ਹਾਸਲ ਕੀਤੀ ਅਤੇ ਆਪਣੀ ਪਛਾਣ ਬਣਾਈ ਹੈ। ਭੰਗੜਾ, ਅਜ਼ੀਜ਼ ਦੀ ਤਾਕਤ ਹੈ ਅਤੇ, ਸਟੇਜ ਉੱਤੇ ਆਉਣ ’ਤੇ ਇਹ ਬੱਚਾ ਕਮਾਲ ਕਰ ਦਿੰਦਾ ਹੈ। ਇਹ ਉੱਭਰਦਾ ਸਿਤਾਰਾ ਬਾਲੀਵੁੱਡ ਦੇ ਗੀਤਾਂ ਦੇ ਨਾਲ-ਨਾਲ ਪੱਛਮੀ ਗੀਤਾਂ ਤੇ ਨੱਚਣ ਵਿੱਚ ਵੀ ਓਨਾ ਹੀ ਕਾਬਲ ਹੈ। ਲਘੂ ਫ਼ਿਲਮ ‘ਲਾਡੋ’ ਵਿੱਚ ਬਾਲ ਕਲਾਕਾਰ ਵਜੋਂ ਵੀ ਕੰਮ ਕਰ ਚੁੱਕੇ ਅਜ਼ੀਜ਼ ਬੱਸੀ ਹੁਣ ਆਉਣ ਵਾਲੀ ਫ਼ਿਲਮ ‘ਕਦੀ ਦਾਦੇ ਦੀਆਂ ਕਦੇ ਪੋਤੇ ਦੀਆਂ’ ਵਿੱਚ ਨਜ਼ਰ ਆਉਣ ਲਈ ਤਿਆਰ ਹੈ। ਸਿੰਮੀ ਚਾਹਲ ਅਤੇ ਹਰੀਸ਼ ਵਰਮਾ ਵਰਗੇ ਵੱਡੇ ਸਿਤਾਰਿਆਂ ਵਾਲੀ ਇਹ ਫਿਲਮ 14 ਜੁਲਾਈ ਨੂੰ ਰਿਲੀਜ਼ ਹੋ ਗਈ ਹੈ। ਅਜ਼ੀਜ਼ ਨੇ ਫਿਲਮ ਉਦਯੋਗ ਵਿੱਚ ਵੱਡਾ ਨਾਮ ਬਣਾਉਣ ਦਾ ਟੀਚਾ ਰੱਖਦੇ ਹੋਏ ਹੁਣ ਆਪਣੀਆਂ ਨਜ਼ਰਾਂ ਬਾਲੀਵੁੱਡ ’ਤੇ ਟਿਕਾਈਆਂ ਹਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ-ਰਾਤ ਸਖ਼ਤ ਮਿਹਨਤ ਕਰ ਰਿਹਾ ਹੈ।
ਇੱਕ ਪੱਤਰਕਾਰ ਅਤੇ ਪ੍ਰੋਫੈਸਰ ਦਾ ਪੁੱਤਰ, ਅਜ਼ੀਜ਼ ਬਹੁਤ ਛੋਟਾ ਸੀ ਜਦੋਂ ਉਸਨੇ ਨਿ੍ਰਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। ਅਜ਼ੀਜ਼ ਬੱਸੀ ਨੇ ਆਪਣੀ ਦਿਲਚਸਪੀ ਬਾਰੇ ਗੱਲ ਕਰਦਿਆਂ ਕਿਹਾ, ‘ਸੰਗੀਤ ਦੀ ਧੁਨ ਮੈਨੂੰ ਪ੍ਰੇਰਿਤ ਕਰਦੀ ਹੈ। ਮੈਂ ਬਹੁਤ ਛੋਟਾ ਸੀ ਅਤੇ ਜਦੋਂ ਵੀ ਮੈਂ ਸੰਗੀਤ ਸੁਣਦਾ ਸੀ, ਮੇਰੇ ਪੈਰ ਆਪਣੇ ਆਪ ਥਿਰਕਣ ਲੱਗ ਜਾਂਦੇ ਸਨ। ਭੰਗੜਾ ਮੇਰਾ ਜਨੂੰਨ ਹੈ ਅਤੇ ਇਹ ਮੈਨੂੰ ਕੁਦਰਤੀ ਤੌਰ ’ਤੇ ਪ੍ਰੇਰਿਤ ਕਰਦਾ ਹੈ।’
ਗੱਲਬਾਤ ਨੂੰ ਅੱਗੇ ਵਧਾਉਂਦਿਆਂ ਅਜ਼ੀਜ਼ ਨੇ ਕਿਹਾ ਕਿ, ‘ਯਕੀਨੀ ਤੌਰ ’ਤੇ ਇਹ ਸਭ ਆਸਾਨ ਨਹੀਂ ਹੈ। ਮੇਰੀ ਸਖ਼ਤ ਰੁਟੀਨ ਹੈ। ਸਕੂਲ ਜਾਣਾ, ਪੜ੍ਹਾਈ ਅਤੇ ਫਿਰ ਡਾਂਸ ਕਲਾਸਾਂ ਦੇਖਣਾ। ਹੁਣ ਮੇਰੇ ਕੋਲ ਐਕਟਿੰਗ ਦੀਆਂ ਕਲਾਸਾਂ ਵੀ ਹਨ, ਮੈਂ ਆਪਣੀ ਆਉਣ ਵਾਲੀ ਫਿਲਮ ਲਈ ਉਤਸ਼ਾਹਿਤ ਹਾਂ।’ ਅਜ਼ੀਜ਼ ਨੇ ਕਿਹਾ ਕਿ ਫਿਲਮ ਵਿਚ ਭਾਵੇਂ ਉਸ ਦੀ ਭੂਮਿਕਾ ਛੋਟੀ ਹੋਵੇਗੀ ਪਰ ਚੋਟੀ ਦੇ ਸਿਤਾਰਿਆਂ ਨਾਲ ਕੰਮ ਕਰਨਾ ਉਸ ਲਈ ਬਹੁਤ ਪ੍ਰੇਰਣਾਦਾਇਕ ਹੈ।
– ਪੁਨੀਤ ਕੌਰ ਢਿੱਲੋਂ



