ANI, ਟੋਕੀਓ : ਮੱਧ ਜਾਪਾਨ ‘ਚ ਅੱਜ ਦੇ 7.6 ਤੀਬਰਤਾ ਦੇ ਭੂਚਾਲ ਕਾਰਨ ਉੱਠੀਆਂ ਸੁਨਾਮੀ ਦੀਆਂ ਲਹਿਰਾਂ ਕਈ ਤੱਟਵਰਤੀ ਸ਼ਹਿਰਾਂ ਤਕ ਪਹੁੰਚ ਗਈਆਂ ਹਨ। ਜਾਪਾਨ ਦੇ ਕੁਝ ਹਿੱਸਿਆਂ ‘ਚ ਉਡਾਣਾਂ ਅਤੇ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਪਰਮਾਣੂ ਬਿਜਲੀ ਪਲਾਂਟਾਂ ਨੂੰ ਅਜੇ ਤਕ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਦੌਰਾਨ ਜਾਪਾਨ ਸਥਿਤ ਭਾਰਤੀ ਦੂਤਘਰ ਨੇ ਭੂਚਾਲ ਤੇ ਸੁਨਾਮੀ ਦੀ ਚਿਤਾਵਨੀ ਤੋਂ ਬਾਅਦ ਭਾਰਤੀ ਨਾਗਰਿਕਾਂ ਲਈ ਐਮਰਜੈਂਸੀ ਸੰਪਰਕ ਨੰਬਰ ਜਾਰੀ ਕੀਤੇ ਹਨ।

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਇਕ ਟੈਲੀਵਿਜ਼ਨ ਸੰਬੋਧਨ ‘ਚ ਨਾਗਰਿਕਾਂ ਨੂੰ ਆਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਤੇ ਚਿਤਾਵਨੀ ਦਿੱਤੀ ਕਿ ਸ਼ੁਰੂਆਤੀ ਭੁਚਾਲਾਂ ਤੋਂ ਬਾਅਦ ਹੋਰ ਸ਼ਕਤੀਸ਼ਾਲੀ ਭੂਚਾਲ ਤੇ ਸੁਨਾਮੀ ਲਹਿਰਾਂ ਆ ਸਕਦੀਆਂ ਹਨ।

7.6 ਤੀਬਰਤਾ ਨਾਲ ਹਿੱਲਿਆ ਜਾਪਾਨ

ਸਮਾਚਾਰ ਏਜੰਸੀ ਰਾਇਟਰਜ਼ ਦੀ ਰਿਪੋਰਟ ਅਨੁਸਾਰ, ਸੋਮਵਾਰ ਨੂੰ ਉੱਤਰੀ-ਮੱਧ ਜਾਪਾਨ ‘ਚ 7.6 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਦੇਸ਼ ਦੀ ਮੌਸਮ ਵਿਗਿਆਨ ਏਜੰਸੀ ਨੇ ਇਸ਼ੀਕਾਵਾ ਤੇ ਟੋਯਾਮਾ ਪ੍ਰੀਫੈਕਚਰ ਲਈ ਇਕ ਹੋਰ ਭੂਚਾਲ ਦੀ ਚਿਤਾਵਨੀ ਜਾਰੀ ਕੀਤੀ ਹੈ।

ਸਥਾਨਕ ਮੀਡੀਆ ਹਾਊਸ NHK ਦੀਆਂ ਰਿਪੋਰਟਾਂ ਅਨੁਸਾਰ, ਜਪਾਨ ਦੇ ਮੁੱਖ ਕੈਬਨਿਟ ਸਕੱਤਰ ਹਯਾਸ਼ੀ ਯੋਸ਼ੀਮਾਸਾ ਨੇ ਉੱਤਰ-ਮੱਧ ਜਾਪਾਨ ‘ਚ ਆਏ 7.6 ਤੀਬਰਤਾ ਦੇ ਭੂਚਾਲ ਤੋਂ ਤੁਰੰਤ ਬਾਅਦ ਇਕ ਕਾਨਫਰੰਸ ਨੂੰ ਸੰਬੋਧਨ ਕੀਤਾ, ਜਿਸ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਦੇਸ਼ ਦੇ ਪਰਮਾਣੂ ਪਾਵਰ ਪਲਾਂਟਾਂ ‘ਚ ਕੋਈ ਨੁਕਸਾਨ ਨਹੀਂ ਹੋਇਆ ਹੈ।