ਗੋਇਲ/ਗਰਗ, ਅਮਲੋਹ/ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੇ ਨਰਸਿੰਗ ਵਿਦਿਆਰਥੀਆਂ ਦਾ ਯੂਨੀਵਰਸਿਟੀ ਅਧਿਕਾਰੀਆਂ ਨੇ ਆਪਣੇ ਨਿੱਜੀ ਸੁਰੱਖਿਆ ਮੁਲਾਜ਼ਮਾਂ ਅਤੇ ਪੁਲਿਸ ਦੀ ਮਦਦ ਨਾਲ ਮੁੱਖ ਗੇਟ ਤੋਂ ਕੱਲ੍ਹ ਧਰਨਾ ਹਟਾ ਦਿੱਤਾ ਸੀ। ਵਿਦਿਆਰਥੀਆਂ ਨੇ ਕੱਲ੍ਹ ਦੇਰ ਰਾਤ ਤੱਕ ਮੰਡੀ ਗੋਬਿੰਦਗੜ੍ਹ-ਨਾਭਾ ਮੁੱਖ ਮਾਰਗ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਸੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਆ ਕੇ ਇਨਸਾਫ਼ ਦਿਵਾਉਣ ਦਾ ਭਰੋਸਾ ਦੇਣ ਬਾਅਦ ਉਨ੍ਹਾਂ ਮੁੱਖ ਮਾਰਗ ਤੋਂ ਆਪਣਾ ਧਰਨਾ ਹਟਾ ਕੇ ਯੂਨੀਵਰਸਿਟੀ ਦੇ ਮੁੜ ਮੁੱਖ ਗੇਟ ‘ਤੇ ਲਗਾ ਦਿੱਤਾ।

ਅੱਜ ਯੂਨੀਵਰਸਿਟੀ ਅਧਿਕਾਰੀਆਂ ਨੇ ਮਾਹੌਲ ਨੂੰ ਸ਼ਾਂਤ ਕਰਨ ਲਈ ਯੂਨੀਵਰਸਿਟੀ ਵਿਚ ਅਣਮਿੱਥੇ ਸਮੇਂ ਲਈ ਛੁੱਟੀਆਂ ਦਾ ਐਲਾਨ ਕਰ ਦਿੱਤਾ ਜਿਸ ਕਾਰਨ ਨਰਸਿੰਗ ਦੇ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਵਿਦਿਆਰਥੀ ਹੋਸਟਲ ਛੱਡ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ। ਪੁਲਿਸ ਵੱਲੋਂ ਮਾਹੌਲ ਤਣਾਅ ਵਾਲਾ ਹੋਣ ਕਾਰਨ ਅੱਜ ਵੀ ਯੂਨੀਵਰਸਿਟੀ ਕੈਂਪਸ ਨਜ਼ਦੀਕ ਦਾ ਘੇਰਾ ਪੁਲਿਸ ਛਾਉਣੀ ਵਿਚ ਬਦਲਿਆ ਹੋਇਆ ਹੈ ਅਤੇ ਯੂਨੀਵਰਸਿਟੀ ਨੂੰ ਜਾਂਦੇ ਮੁੱਖ ਮਾਰਗ ’ਤੇ ਵੀ ਨਾਕੇ ਲਾ ਕੇ ਚੋਣਵੇਂ ਵਾਹਨਾਂ ਨੂੰ ਹੀ ਅੱਗੇ ਭੇਜਿਆ ਜਾ ਰਿਹਾ ਹੈ। ਵਿਦਿਆਰਥੀਆਂ ਦੇ ਅੱਜ ਗੇਟ ਅੱਗੇ ਸ਼ੁਰੂ ਹੋਏ ਧਰਨੇ ਵਿਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫ਼ਤਹਿ) ਦੇ ਕੌਮੀ ਮੀਤ ਪ੍ਰਧਾਨ ਅਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਲਖਵੀਰ ਸਿੰਘ ਖਾਲਸਾ ਵੀ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਪ੍ਰਸਾਸ਼ਨ ਅਤੇ ਸਰਕਾਰ ਨੂੰ ਤੁਰੰਤ ਮਸਲੇ ਦਾ ਹੱਲ ਕਰਨ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।

ਬੀਤੀ ਰਾਤ ਕਰੀਬ 11 ਵਜੇ ਮੁੱਖ ਮਾਰਗ ਉਪਰ ਧਰਨਾ ਦੇ ਰਹੇ ਵਿਦਿਆਰਥੀਆਂ ਪਾਸ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਵੀ ਸਾਥੀਆਂ ਸਮੇਤ ਪਹੁੰਚੇ ਅਤੇ ਮੌਕੇ ‘ਤੇ ਮੌਜੂਦਾ ਜ਼ਿਲ੍ਹਾ ਪੁਲਿਸ ਮੁਖੀ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਸ਼ਾਂਤਮਈ ਧਰਨੇ ’ਤੇ ਲਾਠੀਚਾਰਜ ਕਰ ਕੇ ਦਰਜਨ ਦੇ ਕਰੀਬ ਵਿਦਿਆਰਥੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਅਤੇ ਇਕ ਵਿਦਿਆਰਥੀ ਦੇ ਸਿਰ ਵਿਚ ਵੀ ਟਾਂਕੇ ਲੱਗੇ ਹਨ, ਉਨ੍ਹਾਂ ਉਪ ਪੁਲਿਸ ਕਪਤਾਨ ਅਤੇ ਥਾਣਾ ਮੁਖੀ ਖਿਲਾਫ਼ ਵੀ ਕਾਰਵਾਈ ਮੰਗੀ। ਐੱਸਐੱਸਪੀ ਨੇ ਮਾਮਲੇ ਦੀ ਜਾਂਚ ਕਰਵਾ ਕੇ ਇਨਸਾਫ਼ ਦਾ ਭਰੋਸਾ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਲਾਠੀਚਾਰਜ਼ ਨਹੀਂ ਕੀਤਾ। ਤਣਾਅਪੂਰਨ ਮਾਹੌਲ ਨੂੰ ਦੇਖਦੇ ਹੋਏ ਆਈਜੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਬੀਤੀ ਰਾਤ ਹਾਲਾਤ ਦਾ ਜਾਇਜ਼ਾ ਲਿਆ ਗਿਆ।

ਅੱਜ ਇਹ ਚਰਚਾ ਪੂਰੇ ਜ਼ੋਰਾਂ ’ਤੇ ਰਹੀ ਕਿ ਕਲ੍ਹ ਵਾਲੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਕਈ ਵਿਦਿਆਰਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ ਪਰ ਇਸ ਸਬੰਧੀ ਥਾਣਾ ਅਮਲੋਹ ਦੇ ਮੁਖੀ ਰਣਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਖ਼ਿਲਾਫ਼ ਮੁੱਕਦਮਾ ਦਰਜ ਨਹੀਂ ਕੀਤਾ ਗਿਆ। ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਵਿਦਿਆਰਥੀ ਤੋਂ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਯੂਨੀਵਰਸਟੀ ਦੇ ਕੁਝ ਕਰਮਚਾਰੀਆਂ ਖ਼ਿਲਾਫ਼ ਸ਼ਿਕਾਇਤ ਵੀ ਪ੍ਰਾਪਤ ਕੀਤੀ ਹੈ। ਮਾਮਲਾ ਹੱਲ ਕਰਨ ਲਈ ਫਤਹਿਗੜ੍ਹ ਸਾਹਿਬ ਦੇ ਡੀਸੀ ਅਤੇ ਹੋਰ ਅਧਿਕਾਰੀ ਦੇਰ ਸ਼ਾਮ ਤੱਕ ਮੀਟਿੰਗ ਕਰਦੇ ਰਹੇ।