ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਬਿਲਡਿੰਗ ਬਰਾਂਚ ਨੂੰ ਹਦਾਇਤ ਕੀਤੀ ਹੈ ਕਿ ਉਹ ਨਕਸ਼ਿਆਂ, ਐੱਨਓਸੀ ਅਤੇ ਸੀਐੱਲਯੂ ਦੀਆਂ ਫਾਈਲਾਂ ਦਾ ਛੇਤੀ ਨਿਪਟਾਰਾ ਕਰਕੇ ਉਨ੍ਹਾਂ ਨੂੰ ਰਿਪੋਰਟ ਕਰਨ। ਸ਼ੁੱਕਰਵਾਰ ਨੂੰ ਆਰਕੀਟੈਕਟਾਂ ਤੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕਰਦੇ ਹੋਏ ਉਨ੍ਹਾਂ ਨੇ ਉਕਤ ਹਦਾਇਤ ਕੀਤੀ। ਮੀਟਿੰਗ ‘ਚ ਵਧੀਕ ਕਮਿਸ਼ਨਰ ਸ਼ਿਖਾ ਭਗਤ, ਐੱਸਟੀਪੀ, ਦੋਵੇਂ ਐੱਮਟੀਪੀ ਵਿਜੇ ਕੁਮਾਰ ਤੇ ਬਲਵਿੰਦਰ ਸਿੰਘ, ਏਟੀਪੀਜ਼ ਤੇ ਇੰਸਪੈਕਟਰ ਸ਼ਾਮਲ ਹੋਏ। ਹੁਣ ਤਕ ਦੀਆਂ ਜਿਹੜੀਆਂ ਵੀ ਫਾਈਲਾਂ ਮੌਜੂਦ ਹਨ, ਉਨ੍ਹਾਂ ਦਾ ਚਾਲੂ ਮਹੀਨੇ ਦੌਰਾਨ ਨਿਬੇੜਾ ਕਰ ਦਿੱਤਾ ਜਾਵੇ ਤਾਂ ਜੋ ਕਿਸੇ ਨੂੰ ਵੀ ਨਗਰ ਨਿਗਮ ਦੇ ਚੱਕਰ ਨਾ ਕੱਟਣੇ ਪੈਣ ਤੇ ਲੋਕਾਂ ਨੂੰ ਕੰਮ ਕਰਵਾਉਣ ‘ਚ ਕੋਈ ਪਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਕਸ਼ਾ ਪਾਸ ਕਰਵਾ ਕੇ ਹੀ ਕਮਰਸ਼ੀਅਲ ਜਾਂ ਘਰੇਲੂ ਉਸਾਰੀਆਂ ਕਰਨ। ਵਰਨਣਯੋਗ ਹੈ ਕਿ ਆਰਕੀਟੈਕਟਾਂ ਨੂੰ ਹਮੇਸ਼ਾਂ ਬਿਲਡਿੰਗ ਬਰਾਂਚ ਨਾਲ ਸ਼ਿਕਾਇਤ ਰਹਿੰਦੀ ਸੀ ਕਿ ਉਨ੍ਹਾਂ ਦੀਆਂ ਫਾਈਲਾਂ ਦਾ ਛੇਤੀ ਨਿਬੇੜਾ ਨਹੀਂ ਹੁੰਦਾ ਜਿਸ ਕਾਰਨ ਉੁਨ੍ਹਾਂ ਨੂੰ ਵਾਰ-ਵਾਰ ਨਗਰ ਨਿਗਮ ਦੇ ਚੱਕਰ ਲਾਉਣੇ ਪੈਂਦੇ ਹਨ। ਕਮਿਸ਼ਨਰ ਦੀਆਂ ਉਕਤ ਹਦਾਇਤਾਂ ਤੋਂ ਬਾਅਦ ਆਰਕੀਟੈਕਟਾਂ ਨੇ ਸੰਤੁਸ਼ਟੀ ਪ੍ਰਗਟਾਈ ਹੈ। ਉਨ੍ਹਾਂ ਨੇ ਮੀਟਿੰਗ ‘ਚ ਮੌਜੂਦ ਵਧੀਕ ਕਮਿਸ਼ਨਰ ਸ਼ਿਖਾ ਭਗਤ ਨੂੰ ਸਬੰਧਤ ਫਾਈਲਾਂ ਦਾ ਛੇਤੀ ਨਿਬੇੜਾ ਕਰਨ ਲਈ ਕਿਹਾ।