Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਨਕਲੀ ਕਰੰਸੀ ਨੋਟਾਂ ਤੋਂ ਬਾਅਦ ਹੁਣ ‘ਨਕਲੀ ਸਿੱਕੇ’ ਬਣਾਉਣ ਦੀਆਂ ਫੈਕਟਰੀਆਂ ਚੱਲ ਰਹੀਆਂ ਨੇ ਭਾਰਤ ‘ਚ

By uscreative Published 4 min read

ਭਾਰਤ ‘ਚ ਮੁੰਬਈ, ਅਲੀਪੁਰ (ਕੋਲਕਾਤਾ), ਸੈਫਾਬਾਦ (ਹੈਦਰਾਬਾਦ), ਸ਼ੇਰਲਾਪੱਲੀ (ਹੈਦਰਾਬਾਦ) ਅਤੇ ਨੋਇਡਾ (ਉੱਤਰ ਪ੍ਰਦੇਸ਼) ‘ਚ ਸਥਿਤ ਭਾਰਤ ਸਰਕਾਰ ਦੀਆਂ ਟਕਸਾਲਾਂ ‘ਚ ਹੀ ਸਿੱਕਿਆਂ ਦੀ ਢਲਾਈ ਹੁੰਦੀ ਹੈ ਪਰ ਹੁਣ ਨਕਲੀ ‘ਕਾਗਜ਼ੀ ਕਰੰਸੀ’ ਵਾਂਗ ਹੀ ਅਪਰਾਧੀ ਅਨਸਰ ਨਕਲੀ ‘ਸਿੱਕਿਆਂ’ ਦੀਆਂ ਫੈਕਟਰੀਆਂ ਵੀ ਲਗਾਉਣ ਲੱਗ ਪਏ ਹਨ।

ਹੁਣੇ-ਹੁਣੇ ਪੁਲਸ ਨੇ ਦਿੱਲੀ ਦੇ ਬਾਹਰਲੇ ਇਲਾਕੇ ‘ਚ ਸਥਿਤ ਬਵਾਨਾ ਇੰਡਸਟਰੀਅਲ ਏਰੀਏ ‘ਚ 5 ਅਤੇ 10 ਰੁਪਏ ਮੁੱਲ ਦੇ ਅਸਲੀ ਸਿੱਕਿਆਂ ਨਾਲ ਹੂ-ਬ-ਹੂ ਮੇਲ ਖਾਂਦੇ ਨਕਲੀ ਸਿੱਕੇ ਬਣਾਉਣ ਦੀ ਇਕ ਫੈਕਟਰੀ ਦਾ ਪਤਾ ਲਗਾ ਕੇ ਉਥੋਂ ਲਗਭਗ 6 ਲੱਖ ਰੁਪਏ ਤੋਂ ਜ਼ਿਆਦਾ ਰਕਮ ਦੇ ਇਕ ਲੱਖ ਨਕਲੀ ਸਿੱਕੇ ਬਰਾਮਦ ਕੀਤੇ ਹਨ।

ਇਸ ਫੈਕਟਰੀ ਦਾ ਖੁਲਾਸਾ 2 ਅਕਤੂਬਰ ਨੂੰ ਹੋਇਆ, ਜਦੋਂ ਰੋਹਿਣੀ ‘ਚ ਇਕ ਪੁਲਸ ਚੌਕੀ ‘ਤੇ ਗੱਡੀਆਂ ਦੀ ਜਾਂਚ ਦੌਰਾਨ ਨਰੇਸ਼ ਕੁਮਾਰ ਨਾਮੀ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਪੁੱਛਗਿੱਛ ਲਈ ਰੋਕਿਆ ਗਿਆ ਅਤੇ ਉਸ ਦੀ ਕਾਰ ‘ਚੋਂ ਕੁਲ 40 ਹਜ਼ਾਰ ਰੁਪਏ ਮੁੱਲ ਦੇ ਨਕਲੀ ਸਿੱਕਿਆਂ ਦੇ 20 ਪੈਕੇਟ ਬਰਾਮਦ ਕੀਤੇ ਗਏ। ਉਹ 2014 ਤੋਂ ਕਮੀਸ਼ਨ ‘ਤੇ ਨਕਲੀ ਸਿੱਕਿਆਂ ਦੇ ਡਿਸਟ੍ਰੀਬਿਊਟਰ ਵਜੋਂ ਕੰਮ ਕਰਦਾ ਆ ਰਿਹਾ ਸੀ।

ਫੈਕਟਰੀ ਦੇ ਮੈਨੇਜਰ ਰਾਜੇਸ਼ ਕੁਮਾਰ ਨੂੰ ਵੀ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ ਅਤੇ ਇਸ ਧੰਦੇ ਦੇ ਮਾਸਟਰਮਾਈਂਡ ਭਰਾਵਾਂ ਰਾਜੂ ਤੇ ਸੋਨੂੰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਸ ਨੇ ਛਾਪਾ ਮਾਰ ਕੇ ਨਕਲੀ ਸਿੱਕੇ ਬਣਾਉਣ ਲਈ ਇਸਤੇਮਾਲ ਹੋਣ ਵਾਲੀਆਂ ਮਸ਼ੀਨਾਂ, ਡਾਈਆਂ, ਵੱਖ-ਵੱਖ ਤਰ੍ਹਾਂ ਦੇ ਪਾਈਪ, ਪਾਲਿਸ਼, ਧਾਤੂ ਅਤੇ ਹੋਰ ਕੈਮੀਕਲ ਆਦਿ ਜ਼ਬਤ ਕਰ ਕੇ ਇਸ ਗੱਲ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਕਿ ਦੋਸ਼ੀ ਇਨ੍ਹਾਂ ਸਿੱਕਿਆਂ ਨੂੰ ਬਣਾਉਣ ਲਈ ਕੱਚਾ ਮਾਲ ਕਿਥੋਂ ਲੈਂਦੇ ਸਨ?

ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਆਊਟਰ) ਐੱਮ. ਐੱਨ. ਤਿਵਾੜੀ ਦਾ ਕਹਿਣਾ ਹੈ ਕਿ ”ਇਨ੍ਹਾਂ ਸਿੱਕਿਆਂ ਨੂੰ ਬਣਾਉਣ ਲਈ ਉਹੀ ਸਮੱਗਰੀ ਇਸਤੇਮਾਲ ਕੀਤੀ ਗਈ ਜੋ ਅਸਲੀ ਸਿੱਕੇ ਬਣਾਉਣ ਲਈ ਵਰਤੀ ਜਾਂਦੀ ਹੈ।”

”ਇਨ੍ਹਾਂ ਦੀ ਰੰਗਤ ਅਤੇ ਸਟੈਂਪਿੰਗ ਵੀ ਬਿਲਕੁਲ ਅਸਲੀ ਸਿੱਕਿਆਂ ਵਰਗੀ ਹੈ, ਜਿਸ ਕਾਰਨ ਅਸਲੀ ਤੇ ਨਕਲੀ ਸਿੱਕਿਆਂ ‘ਚ ਫਰਕ ਕਰ ਸਕਣਾ ਲਗਭਗ ਅਸੰਭਵ ਹੈ। ਰਾਜੂ ਤੇ ਸੋਨੂੰ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਇਸ ਗੱਲ ਦਾ ਪਤਾ ਲੱਗ ਸਕੇਗਾ ਕਿ ਇਨ੍ਹਾਂ ਸਿੱਕਿਆਂ ਦੇ ਨਿਰਮਾਣ ‘ਤੇ ਕਿੰਨੀ ਲਾਗਤ ਆਉਂਦੀ ਸੀ।”

ਬਵਾਨਾ ਇੰਡਸਟਰੀਅਲ ਏਰੀਏ ਦੇ ਇਕ ਬੇਸਮੈਂਟ ‘ਚ ਇਹ ਫੈਕਟਰੀ ਦੋਸ਼ੀਆਂ ਨੇ 4 ਮਹੀਨੇ ਪਹਿਲਾਂ ਹੀ ਸ਼ੁਰੂ ਕੀਤੀ ਸੀ, ਜਿਥੇ ਇਨ੍ਹਾਂ ਨੇ ਭਾਰੀ ਮਸ਼ੀਨਾਂ ਲਗਾਈਆਂ ਹੋਈਆਂ ਸਨ ਅਤੇ ਇਸ ਮਿਆਦ ਦੌਰਾਨ ਉਹ ਸ਼ਾਇਦ 10 ਲੱਖ ਰੁਪਏ ਦੇ ਨਕਲੀ ਸਿੱਕੇ ਟੋਲ ਬੂਥਾਂ, ਕਰਿਆਨਾ ਵਪਾਰੀਆਂ, ਪੈਟਰੋਲ ਪੰਪਾਂ, ਸਬਜ਼ੀ ਵਪਾਰੀਆਂ ਆਦਿ ਦੇ ਜ਼ਰੀਏ ਬਾਜ਼ਾਰ ‘ਚ ਭੇਜ ਚੁੱਕੇ ਹਨ।

ਰਾਜੇਸ਼ ਕੁਮਾਰ ਅਨੁਸਾਰ ਰਾਜੂ ਅਤੇ ਸੋਨੂੰ ਆਪਣੇ ਡਿਸਟ੍ਰੀਬਿਊਟਰਾਂ ਨੂੰ ਚੰਗਾ ਖਾਸਾ ਕਮਿਸ਼ਨ ਦਿੰਦੇ ਸਨ। ਇਨ੍ਹਾਂ ਲੋਕਾਂ ਨੇ ਬਹੁਤ ਮੋਟੀਆਂ ਤਨਖਾਹਾਂ ਦਾ ਲਾਲਚ ਦੇ ਕੇ 10 ਕਾਰੀਗਰਾਂ ਨੂੰ ਪਿਛਲੇ 4 ਮਹੀਨਿਆਂ ਤੋਂ ਆਪਣੀ ਫੈਕਟਰੀ ‘ਚ ਲਗਭਗ ਬੰਧਕਾਂ ਵਾਂਗ ਰੱਖਿਆ ਹੋਇਆ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮਿਲਣ ਨਹੀਂ ਦਿੱਤਾ ਜਾਂਦਾ ਸੀ। ਇਹ ਕਾਰੀਗਰ ਲਗਾਤਾਰ ਨਕਲੀ ਸਿੱਕਿਆਂ ਦੀ ਢਲਾਈ ਕਰਦੇ ਰਹਿੰਦੇ ਸਨ ਪਰ ਲੋਕਾਂ ਨੂੰ ਇਹ ਦੱਸਿਆ ਗਿਆ ਸੀ ਕਿ ਉਥੇ ਨਟ-ਬੋਲਟ ਬਣਾਏ ਜਾਂਦੇ ਹਨ।

ਜ਼ਿਕਰਯੋਗ ਹੈ ਕਿ 1, 2, 5 ਅਤੇ 10 ਰੁਪਏ ਦੀ ਕਾਗਜ਼ੀ ਕਰੰਸੀ ਦੀ ਛਪਾਈ ਘਟਣ ਨਾਲ ਬਾਜ਼ਾਰ ‘ਚ ਉਕਤ ਰਕਮ ਦੇ ਸਿੱਕਿਆਂ ਦੀ ਮੰਗ ਬਹੁਤ ਵਧ ਗਈ ਹੈ ਪਰ ਸਰਕਾਰ ਵਲੋਂ ਕਾਫੀ ਮਾਤਰਾ ‘ਚ ਸਪਲਾਈ ਨਾ ਕਰ ਸਕਣ ਕਰ ਕੇ ਸਮਾਜ ਵਿਰੋਧੀ ਅਨਸਰ ਜਾਅਲੀ ਕਾਗਜ਼ੀ ਕਰੰਸੀ ਦੇ ਨਾਲ-ਨਾਲ ਜਾਅਲੀ ਸਿੱਕਿਆਂ ਦੇ ਨਿਰਮਾਣ ‘ਚ ਵੀ ਕੁੱਦ ਪਏ ਹਨ। ਛੋਟੀ ਰਕਮ ਹੋਣ ਕਰਕੇ ਇਨ੍ਹਾਂ ਦੀ ਪ੍ਰਮਾਣਿਕਤਾ ਵੱਲ ਲੋਕ ਆਮ ਤੌਰ ‘ਤੇ ਧਿਆਨ ਹੀ ਨਹੀਂ ਦਿੰਦੇ ਅਤੇ ਇਹ ਆਸਾਨੀ ਨਾਲ ਬਾਜ਼ਾਰ ‘ਚ ‘ਚਲ’ ਵੀ ਜਾਂਦੇ ਹਨ।

ਅਜੇ ਤਾਂ ਸਿਰਫ ਨਕਲੀ ਸਿੱਕਿਆਂ ਦੀ ਇਕ ਫੈਕਟਰੀ ਦਾ ਹੀ ਪਤਾ ਲੱਗਾ ਹੈ। ਹੋ ਸਕਦਾ ਹੈ ਕਿ ਅਜਿਹੀਆਂ ਹੋਰ ਫੈਕਟਰੀਆਂ ਵੀ ਭਾਰਤ ‘ਚ ਚਲ ਰਹੀਆਂ ਹੋਣ, ਜੋ ਭਾਰਤੀ ਅਰਥਚਾਰੇ ਦੀਆਂ ਜੜ੍ਹਾਂ ਪੁੱਟ ਰਹੀਆਂ ਹੋਣ।

ਇਹ ਸਥਿਤੀ ਜਿਥੇ ਭਾਰਤ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ, ਉਥੇ ਹੀ ਅਫਸੋਸ ਵਾਲੀ ਗੱਲ ਵੀ ਹੈ ਕਿ ਸਰਕਾਰ ਨਾ ਸਿਰਫ ਦੇਸ਼ ‘ਚ ਛੋਟੀ ਰਕਮ ਦੇ ਨੋਟਾਂ ਤੇ ਸਿੱਕਿਆਂ ਦੀ ਲਗਾਤਾਰ ਚਲੀ ਆ ਰਹੀ ਘਾਟ ਦੂਰ ਕਰਨ ‘ਚ ਨਾਕਾਮ ਹੈ, ਸਗੋਂ ਇਨ੍ਹਾਂ ਦੀ ਕਾਲਾਬਾਜ਼ਾਰੀ ਅਤੇ ਨਾਜਾਇਜ਼ ਨਿਰਮਾਣ ਨੂੰ ਰੋਕਣ ‘ਚ ਵੀ ਨਾਕਾਮ ਸਿੱਧ ਹੋ ਰਹੀ ਹੈ। –

—ਵਿਜੇ ਕੁਮਾਰ

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp