ਜਾਗਰਣ ਸੰਵਾਦਦਾਤਾ, ਬਦਾਯੂੰ : ਯੂਪੀ ਦੇ ਬਦਾਯੂੰ ਵਿਚ ਧੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਪਿਤਾ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਮੰਗਲਵਾਰ ਤੜਕੇ ਸੜਕ ’ਤੇ ਖ਼ੂਨ ਵਹਾ ਦਿੱਤਾ। ਮੁਲਜ਼ਮਾਂ ਨੇ ਘਰ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਧੀ ਤੇ ਉਸ ਦੇ ਪ੍ਰੇਮੀ ਨੂੰ ਦੌੜਾ-ਦੌੜਾ ਕੇ ਫੜਿਆ, ਫਿਰ ਫਹੁੜੇ ਨਾਲ ਤਾਬੜ-ਤੋੜ ਹਮਲੇ ਕਰ ਕੇ ਦੋਵਾਂ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਲੜਕੀ ਦਾ ਪਿਤਾ ਖ਼ੂਨ ਨਾਲ ਲਿਬੜਿਆ ਫਹੁੜਾ ਲੈ ਕੇ ਥਾਣੇ ਪੁੱਜ ਗਿਆ। ਕੁਝ ਦੇਰ ਬਾਅਦ ਲੜਕੀ ਦੀ ਮਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ। ਧੀ ਨੂੰ ਬਚਾਉਣ ਦੀ ਬਜਾਏ ਉਹ ਹਮਲੇ ਲਈ ਉਕਸਾ ਰਹੀ ਸੀ। ਧੀ ਦੇ ਪ੍ਰੇਮੀ ’ਤੇ ਲਾਠੀ ਨਾਲ ਹਮਲੇ ਵੀ ਕੀਤੇ। ਦੋਹਰੇ ਕਤਲ ਕਾਂਡ ਵਿਚ ਲੜਕੀ ਦੇ ਮਾਤਾ, ਪਿਤਾ, ਦਾਦਾ ਰਾਮੌਤਾਰ ਅਤੇ ਦੋ ਨਾਬਾਲਿਗ ਭਰਾਵਾਂ ’ਤੇ ਹੱਤਿਆ, ਅਗਵਾ ਦੀ ਧਾਰਾ ਤਹਿਤ ਐੱਫਆਈਆਰ ਲਿਖੀ ਗਈ ਹੈ।

ਪਰੌਲੀ ਪਿੰਡ ਵਿਚ ਰਹਿਣ ਵਾਲੇ ਜੈਪਾਲ ਅਤੇ ਗੁਆਂਢੀ ਨੀਤੂ ’ਚ ਦੋ ਸਾਲਾਂ ਤੋਂ ਪ੍ਰੇਮ ਸਬੰਧ ਸਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੋਵਾਂ ਖੇਤੀ ਕਰਦੇ ਪਰਿਵਾਰ ਅਨੁਸੂੁਚਿਤ ਜਾਤੀ ਦੇ ਹਨ। ਪ੍ਰੇਮੀ ਜੋੜਾ ਸ਼ਾਦੀ ਕਰਨਾ ਚਾਹੁੰਦਾ ਸੀ ਪਰ ਨੀਤੂ ਦੇ ਪਿਤਾ ਮਹੇਸ਼ ਕੁਮਾਰ ਨੂੰ ਇਤਰਾਜ਼ ਸੀ। ਉਸ ਨੇ ਧੀ ਦੀ ਪੜ੍ਹਾਈ ਛੁਡਵਾ ਦਿੱਤੀ। ਇਸ ਦੇ ਬਾਵਜੂਦ ਦੋਵਾਂ ਵਿਚ ਕਈ ਵਾਰ ਤਨਾਤਨੀ ਹੋ ਚੁੱਕੀ ਸੀ। ਪੁਲਿਸ ਅਨੁਸਾਰ, ਸ਼ਨਿਚਰਵਾਰ ਨੂੰ ਜੈਪਾਲ ਤੇ ਨੀਤੂ ਨੇ ਘਰ ਛੱਡ ਕੇ ਕਿਸ ਹੋਰ ਜਗ੍ਹਾ ਜਾਣ ਦਾ ਫ਼ੈਸਲਾ ਕਰ ਲਿਆ ਸੀ। ਮੰਗਲਵਾਰ ਸਵੇਰੇ ਚਾਰ ਵਜੇ ਨੀਤੂ ਛੱਤ ਦੇ ਰਸਤੇ ਜੈਪਾਲ ਦੇ ਘਰ ਪੁੱਜੀ। ਉਹ ਦੋਵੇਂ ਘਰੋਂ ਨਿਕਲਦੇ, ਇਸ ਤੋਂ ਪਹਿਲਾਂ ਹੀ ਨੀਤੂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਭਿਣਕ ਲੱਗ ਗਈ। ਉਹ ਸਾਰੇ ਚੀਕਦੇ ਹੋਏ ਜੈਪਾਲ ਦੇ ਦਰਵਾਜ਼ੇ ’ਤੇ ਪੁੱਜੇ। ਇਸੇ ਦੌਰਾਨ ਪ੍ਰੇਮੀ ਜੋੜਾ ਦਰਵਾਜ਼ੇ ’ਚੋਂ ਨਿਕਲ ਕੇ ਭਜਿਆ ਪਰ ਪਸ਼ੂ ਬੰਨ੍ਹਣ ਵਾਲੇ ਕਿੱਲੇ ਨਾਲ ਟਕਰਾਅ ਕੇ ਡਿੱਗ ਗਏ। ਇੰਨੇ ਵਿਚ ਪਿੱਛਿਓਂ ਆਏ ਮਹੇਸ਼ ਤੇ ਹੋਰਨਾਂ ਮੁਲਜ਼ਮਾਂ ਨੇ ਜੈਪਾਲ ’ਤੇ ਲਾਠੀਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਨੀਤੂ ਬਚਾਉਣ ਆਈ ਤਾਂ ਲਾਠੀ ਮਾਰ ਕੇ ਉਸ ਦਾ ਵੀ ਸਿਰ ਖੋਲ੍ਹ ਦਿੱਤਾ। ਚੀਕ-ਚਿਹਾੜੇ ਦੌਰਾਨ ਹਮਲਾਵਰਾਂ ਨੇ ਜੈਪਾਲ ਦੇ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤ ਤਾਂ ਕਿ ਕੋਈ ਬਚਾਉਣ ਨਾ ਆ ਸਕੇ। ਇਸ ਤੋਂ ਬਾਅਦ ਦੋ ਮੁਲਜ਼ਮਾਂ ਨੇ ਜੈਪਾਲ ਦੇ ਹੱਥ ਫੜ ਕੇ ਸਿਰ ਕਿੱਲੇ ’ਤੇ ਰੱਖਿਆ ਅਤੇ ਮਹੇਸ਼ ਨਾ ਫਹੁੜੇ ਨਾਲ ਤਾਬੜਤੋੜ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਦਾ ਚਿਹਰਾ ਪੂਰੀ ਤਰ੍ਹਾਂ ਕੁਚਲ ਦਿੱਤਾ। ਮਹੇਸ਼ ਦੇ ਸਿਰ ’ਤੇ ਅਜਿਹਾ ਖੂਨ ਸਵਾਰ ਸੀ ਕਿ ਉਸ ਨੇ ਧੀ ਦੇ ਵੀ ਸਿਰ, ਛਾਤੀ, ਢਿੱਡ ’ਤੇ ਫਹੁੜੇ ਨਾਲ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ।

ਘਟਨਾ ਤੋਂ ਬਾਅਦ ਸਾਰੇ ਮੁਲਜ਼ਮ ਪਿੰਡੋਂ ਭੱਜ ਗਏ। ਕੁਝ ਦੇਰ ਬਾਅਦ ਮਹੇਸ਼ ਬਿਲਸੀ ਥਾਣੇ ਪੁੱਜਾ ਅਤੇ ਕਿਹਾ ਕਿ ਧੀ ਅਤੇ ਉਸ ਦੀ ਪ੍ਰੇਮੀ ਦੀ ਹੱਤਿਆ ਕਰ ਕੇ ਆਇਆ ਹਾਂ।