ਕੁਲਵਿੰਦਰ ਸਿੰਘ ਰਾਏ, ਖੰਨਾ : ਦੋਰਾਹਾ ਪੁਲਿਸ ਨੇ ਜੀਟੀ ਰੋਡ ’ਤੇ ਨਾਕੇ ਦੌਰਾਨ ਇੱਕ ਵਰਨਾ ਕਾਰ ਸਵਾਰ ਦੋ ਵਿਅਕਤੀਆਂ ਨੂੰ 13 ਲੱਖ 70 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਘਰੋਂ ਇੱਕ ਕਲਰ ਪਿ੍ਰੰਟਰ, ਰਾਇਲ ਤੇ ਕਰੰਸੀ ਪਿ੍ਰੰਟਿੰਗ ਪੇਪਰ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ ਵਾਸੀ ਪਿੰਡ ਭੱਟੀਕੇ, ਜ਼ਿਲ੍ਹਾ ਅੰਮ੍ਰਿਤਸਰ, ਹਾਲ ਵਾਸੀ ਪਟਿਆਲਾ ਤੇ ਮਨਿੰਦਰਪਾਲ ਸਿੰਘ ਉਰਫ਼ ਸੋਢੀ ਵਾਸੀ ਪਿੰਡ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਡੀਐੱਸਪੀ ਪਾਇਲ ਨਿਖਿਲ ਗਰਗ ਨੇ ਦੱਸਿਆ ਕਿ ਪੁਲਿਸ ਟੀਮ ਨੇ ਸ਼ੱਕੀ ਵਾਹਨਾਂ ਦੀ ਚੈਕਿੰਗ ਲਈ ਜੀਟੀ ਰੋਡ ’ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਖੰਨਾ ਸਾਈਡ ਤੋਂ ਲੁਧਿਆਣਾ ਵੱਲ ਜਾ ਰਹੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ’ਚੋਂ ਭਾਰੀ ਮਾਤਰਾ ’ਚ ਜਾਅਲੀ ਕਰੰਸੀ ਬਰਾਮਦ ਹੋਈ। ਪੁਲਿਸ ਨੇ ਕਾਰ ’ਚੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਰ ’ਚੋਂ 9 ਲੱਖ 50 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਪਟਿਆਲਾ ਸਥਿਤ ਘਰ ਤੋਂ 4 ਲੱਖ 20 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ। ਪੁਲਿਸ ਨੇ ਘਰ ’ਚੋਂ ਕਲਰ ਪਿ੍ਰੰਟਰ, ਸਿਆਹੀ ਤੇ ਕਰੰਸੀ ਛਾਪਣ ਵਾਲੇ ਕਾਗਜ਼ ਵੀ ਬਰਾਮਦ ਕੀਤੇ ਹਨ। ਡੀਐੱਸਪੀ ਨਿਖਿਲ ਗਰਗ ਨੇ ਦੱਸਿਆ ਕਿ ਗੁਰਦੀਪ ਸਿੰਘ ਇਸ ਕੇਸ ਦਾ ਮਾਸਟਰ ਮਾਈਂਡ ਹੈ, ਜਿਸ ਖ਼ਲਿਾਫ਼ ਪਹਿਲਾਂ ਵੀ ਜਾਅਲੀ ਕਰੰਸੀ ਛਾਪਣ ਦੇ 4 ਕੇਸ ਦਰਜ ਹਨ। ਪੁਲਿਸ ਅਨੁਸਾਰ ਇਨ੍ਹਾਂ ਦੋਵਾਂ ਨੇ ਕਰੀਬ ਡੇਢ ਲੱਖ ਰੁਪਏ ਦੀ ਜਾਅਲੀ ਕਰੰਸੀ ਬਾਜ਼ਾਰ ’ਚ ਚਲਾਈ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਖ਼ੁਲਾਸੇ ਹੋਣਗੇ।