ਅਜੈ ਕਨੌਜੀਆ, ਕਪੂਰਥਲਾ : ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਲਈ ਪੂਰੇ ਦੇਸ਼ ‘ਚ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਚਲਾਈ ਜਾ ਰਹੀ ਹੈ। ਸ਼ੁੱਕਰਵਾਰ ਨੂੰ ਸਥਾਨਕ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਮੁਹਿੰਮ ਤਹਿਤ ਵਾਰਡ ਨੰਬਰ 30 ਅਧੀਨ ਆਉਂਦੇ ਬੂਥ ਨੰਬਰ 90 ਦੇ ਮੁਹੱਲਾ ਰੋਜ਼ ਐਵੇਨਿਊ ਵਿਖੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਸਕੱਤਰ ਦਵਿੰਦਰ ਧੀਰ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਮਿੱਟੀ ਇਕੱਠੀ ਕਰਨ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪਿਊਸ਼ ਮਨਚੰਦਾ, ਮੈਡੀਕਲ ਸੈੱਲ ਦੇ ਸੂਬਾ ਕਨਵੀਨਰ ਡਾ. ਰਣਵੀਰ ਕੌਸ਼ਲ, ਭਾਜਪਾ ਮੰਡਲ 1 ਦੇ ਪ੍ਰਧਾਨ ਰਜਿੰਦਰ ਸਿੰਘ ਧੰਜਲ, ਜ਼ਿਲ੍ਹਾ ਮੀਤ ਪ੍ਰਧਾਨ ਧਰਮਪਾਲ ਮਹਾਜਨ, ਜ਼ਿਲ੍ਹਾ ਸਕੱਤਰ ਅਸ਼ਵਨੀ ਤੁਲੀ, ਮੰਡਲ ਜਨਰਲ ਸਕੱਤਰ ਕਮਲ ਪ੍ਰਭਾਕਰ, ਮੰਡਲ ਸਕੱਤਰ ਸ਼ਾਮ ਕੁਮਾਰ ਭੁਟਾਨੀ ਤੇ ਮੰਡਲ ਦੇ ਹੋਰ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਪੂਰੇ ਮੁਹੱਲੇ ‘ਚ ਘਰ-ਘਰ ਜਾ ਕੇ ਮਿੱਟੀ ਇਕੱਠੀ ਕੀਤੀ ਗਈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪਿਯੂਸ਼ ਮਨਚੰਦਾ ਅਤੇ ਜ਼ਿਲ੍ਹਾ ਦਫ਼ਤਰ ਸਕੱਤਰ ਦਵਿੰਦਰ ਧੀਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਦੇਸ਼ ਭਰ ‘ਚ ਅੰਮਿ੍ਤ ਕਲਸ਼ ਯਾਤਰਾ ਕੱਢੀ ਜਾਵੇਗੀ ਅਤੇ ਦੇਸ਼ ਦੇ ਕੋਨੇ-ਕੋਨੇ ‘ਚੋਂ 7500 ਕਲਸ਼ਾਂ ‘ਚ ਮਿੱਟੀ ਪਾ ਕੇ ਦਿੱਲੀ ਪਹੁੰਚੇਗੀ ਅਤੇ ਇਸ ਮਿੱਟੀ ਨਾਲ ਨੈਸ਼ਨਲ ਵਾਰ ਮੈਮੋਰੀਅਲ ਨੇੜੇ ਅੰਮਿ੍ਤ ਵਾਟਿਕਾ ਬਣਾਈ ਜਾਵੇਗੀ, ਜੋ ਕਿ ਇਕ ਮਹਾਨ ਭਾਰਤ ਦਾ ਬਹੁਤ ਵੱਡਾ ਪ੍ਰਤੀਕ ਬਣੇਗਾ। ਮਨਚੰਦਾ ਨੇ ਕਿਹਾ ਕਿ ਇਸ ਮੁਹਿੰਮ ਨਾਲ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ।