Ad-Time-For-Vacation.png

ਦੂਸ਼ਣਬਾਜ਼ੀ ਡਰੱਗ ਅਤੇ ਗੈਂਗਵਾਰ ਦੀ ਸਮੱਸਿਆ ਦਾ ਹੱਲ ਨਹੀਂ

ਇੱਕ ਕਵਾਹਤ ਹੈ ਕਿ ਇੱਕ ਭਲਾਮਾਣਸ ਵਿਅਕਤੀ ਆਪਣੇ ਲੇਲੇ ਨੂੰ ਕੁੱਛੜ ਚੁੱਕੀ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਨੌਜਵਾਨ ਉਸਨੂੰ ਦੇਖ ਕੇ ਕਹਿੰਦਾ ਹੈ ਕਿ, “ਤੂੰ ਕੁੱਤੇ ਨੂੰ ਚੁੱਕ ਕੇ ਕਿਧਰ ਲਿਜਾ ਰਿਹੈਂ” ਤਾਂ ਉਸਨੇ ਕਿਹਾ ਕਿ, “ਇਹ ਕੁੱਤਾ ਨਹੀਂ ਇਹ ਲੇਲਾ ਹੈ, ਇਹ ਮੇਰੀ ਭੇਡ ਦਾ ਬੱਚਾ ਹੈ।” ਨੌਜਵਾਨ ਨੇ ਕਿਹਾ, “ਮੰਨਣਾ ਮੰਨ, ਹੈ ਤਾਂ ਇਹ ਕੁੱਤਾ ਹੀ।” ਉਹ ਸੋਚਦਾ ਜਾਂਦਾ ਹੈ ਕਿ ਇਹਨੂੰ ਭੁਲੇਖਾ ਲੱਗਾ ਹੋਵੇਗਾ ਇਹ ਲੇਲੇ ਨੂੰ ਕੁੱਤਾ ਦੱਸੀ ਜਾ ਰਿਹੈ। ਥੋੜ੍ਹੀ ਦੂਰ ਉਹ ਹੋਰ ਜਾਂਦਾ ਹੈ ਉਸਨੂੰ ਫਿਰ ਇੱਕ ਨੌਜਵਾਨ ਮਿਲਦਾ ਹੈ ਉਹ ਵੀ ਇਹੀ ਕਹਿੰਦਾ ਹੈ ਕਿ, “ ਕੁੱਤੇ ਨੂੰ ਚੁੱਕ ਕਿੱਧਰ ਲਿਜਾ ਰਿਹੈਂ।” ਉਸਨੇ ਕਿਹਾ, “ਨਹੀਂ ਇਹ ਮੇਰਾ ਲੇਲਾ ਹੈ ਕੁੱਤਾ ਨਹੀਂ।” ਉਹ ਹੱਸਣ ਲੱਗ ਜਾਂਦਾ ਹੈ ਕਿ ਕੁੱਤੇ ਨੂੰ ਲੇਲਾ ਦੱਸ ਰਿਹਾ ਹੈ। ਉਹ ਰਸਤੇ ਵਿੱਚ ਲੇਲੇ ਨੂੰ ਚੰਗੀ ਤਰ੍ਹਾਂ ਦੇਖਦਾ ਹੈ ਤੇ ਮਨੋਂ ਮਨ ਸੋਚਦਾ ਹੈ ਕਿ ਹੈ ਤਾਂ ਲੇਲਾ ਹੀ, ਇਹ ਮੇਰੇ ਨਾਲ ਕੀ ਹੋ ਰਿਹੈ। ਉਹ ਥੋੜ੍ਹੀ ਦੂਰ ਹੋਰ ਜਾਂਦਾ ਹੈ ਤਾਂ ਤੀਸਰਾ ਵਿਅਕਤੀ ਮਿਲਦਾ ਹੈ ਉਹ ਵੀ ਉਹੀ ਦੁਹਰਾਉਂਦਾ ਹੈ ਕਿ, “ਕੁੱਤੇ ਨੂੰ ਕਿੱਥੇ ਲੈ ਕੇ ਜਾ ਰਿਹਾ ਹੈਂ।” ਉਹ ਲੇਲੇ ਨੂੰ ਦੇਖਦਾ ਹੈ ਤੇ ਦੁਚਿੱਤੀ ਜਿਹੀ ਵਿੱਚ ਪੈ ਜਾਂਦਾ ਹੈ ਕਿ ਹੋ ਸਕਦਾ ਇਹ ਕੁੱਤਾ ਹੋਵੇ ਪਰ ਉਹਦਾ ਮਨ ਨਹੀਂ ਮੰਨਦਾ। ਉਹ ਫਿਰ ਤੁਰ ਪੈਂਦਾ ਹੈ ਤਾਂ ਫਿਰ ਇੱਕ ਵਿਅਕਤੀ ਮਿਲਦਾ ਹੈ ਉਹ ਵੀ ਉਹੀ ਕਹਿੰਦਾ ਹੈ ਜੋ ਪਹਿਲੇ ਤਿੰਨਾਂ ਨੇ ਕਿਹਾ ਕਿ ਇਹ ਕੁੱਤਾ ਹੈ ਹੁਣ ਉਸਦਾ ਯਕੀਨ ਬੱਝ ਜਾਂਦਾ ਹੈ ਕਿ ਇਹ ਕੁੱਤਾ ਹੀ ਹੋਵੇਗਾ ਜਦੋਂ ਐਨੇ ਲੋਕ ਇਹ ਕਹਿ ਰਹੇ ਹਨ ਤਾਂ ਉਹ ਲੇਲੇ ਨੂੰ ਕੁੱਤਾ ਸਮਝ ਕੇ ਸੁੱਟ ਦਿੰਦਾ ਹੈ। ਅਸਲ ਵਿੱਚ ਉਹ ਚਾਰ ਠੱਗ ਸਨ ਜੋ ਭਲੇਮਾਣਸ ਵਿਅਕਤੀ ਦਾ ਲੇਲਾ ਹਾਸਲ ਕਰਨਾ ਚਾਹੁੰਦੇ ਸਨ ਉਹਨਾਂ ਨੇ ਇਹ ਤਰਕੀਬ ਬਣਾਈ ਕਿ ਉਹ ਆਪਣੇ ਆਪ ਉਹ ਲੇਲੇ ਨੂੰ ਕੁੱਤਾ ਸਮਝ ਕੇ ਸੁੱਟਣ ਲਈ ਮਜ਼ਬੂਰ ਹੋ ਜਾਵੇ। ਠੱਗਾਂ ਨੇ ਸਾਹਮਣੇ ਤੋਂ ਠੱਗੀ ਵੀ ਨਹੀਂ ਮਾਰੀ ਪਰ ਹਾਲਾਤ ਅਜਿਹੇ ਪੈਦਾ ਕੀਤੇ ਕਿ ਉਹਨੂੰ ਆਪਣੇ ਆਪ ਤੇ ਯਕੀਨ ਨਹੀਂ ਰਿਹਾ। ਇਹੀ ਹਾਲ ਸਾਡੇ ਕਨੇਡੀਅਨ ਮਾਪਿਆਂ ਦਾ ਹੈ ਜਿਨ੍ਹਾਂ ਦੇ ਬੱਚੇ ਡਰੱਗ ਜਾਂ ਗੈਂਗ ਵਾਰ ਵਿੱਚ ਸ਼ਾਮਲ ਹੋ ਗਏ ਹਨ ਉਹਨਾਂ ਦਾ ਚਾਰੇ ਪਾਸੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮਾਪਿਆਂ ਦਾ ਕਸੂਰ ਹੈ। ਉਹ ਆਪਣੇ ਬੱਚਿਆਂ ਨੂੰ ਚੰਗੀ ਪ੍ਰਵਰਿਸ਼ ਨਹੀਂ ਦੇ ਰਹੇ, ਉਹ ਕੰਮ ਜ਼ਿਆਦਾ ਕਰਦੇ ਹਨ, ਵੱਡੇ ਵੱਡੇ ਘਰ ਬਣਾ ਰਹੇ ਹਨ, ਸਮਾਂ ਨਹੀਂ ਦੇ ਰਹੇ। ਹੁਣ ਕਿਤੇ ਨਾ ਕਿਤੇ ਉਹ ਵੀ ਆਪਣੇ ਆਪ ਨੂੰ ਕਸੂਰਵਾਰ ਠਹਿਰਾਉਣ ਲੱਗ ਪਏ ਹਨ। ਜਾਂ ਉਹ ਮਾਪੇ ਜਿਨ੍ਹਾਂ ਦੇ ਬੱਚੇ ਅਜੇ ਛੋਟੇ ਹਨ ਜਾਂ ਇਸ ਉਮਰ ਨੂੰ ਪਾਰ ਕਰ ਗਏ ਹਨ ਉਹ ਵੀ ਪੀੜਤ ਮਾਪਿਆਂ ਦਾ ਸਾਥ ਨਾ ਦੇ ਕੇ ਆਪਣੇ ਆਪ ਨੂੰ ਵਧੀਆ ਸਮਝ ਕੇ ਸਰਕਾਰ ਦਾ ਪੱਖ ਪੂਰ ਜਾਂਦੇ ਹਨ। ਇਸ ਮੁੱਦੇ ਦੇ ਹੋਰ ਬਹੁਤ ਸਾਰੇ ਪਹਿਲੂ ਹਨ ਜਿਨ੍ਹਾਂ ਨੂੰ ਘੋਖਣਾ, ਪਰਖਣਾ ਤੇ ਚੀਰ-ਫਾੜ ਕਰਨੀ ਬਹੁਤ ਜਰੂਰੀ ਹੈ।
ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤਾਂ ਕੁੱਝ ਸਵਾਲ ਪੈਦਾ ਹੁੰਦੇ ਹਨ। ਕੀ ਡਰੱਗ ਦੀ ਸਮੱਸਿਆ ਹੈ ? ਜੇ ਸਮੱਸਿਆ ਹੈ ਤਾਂ ਕਿਉਂ ਹੈ ? ਇਸਦੇ ਪਿੱਛੇ ਕੀ ਹੈ ? ਇਹ ਕਦੋਂ ਸ਼ੁਰੂ ਹੋਈ ? ਇਸਨੂੰ ਪੈਦਾ ਕਰਨ ਵਿੱਚ ਕਿਸਦਾ ਹੱਥ ਹੈ ? ਕੀ ਮਾਪੇ ਆਪਣੇ ਬੱਚਿਆਂ ਨੂੰ ਵਰ੍ਹਦੀ ਅੱਗ ਵਿੱਚ ਝੋਕਣਾ ਚਾਹੁੰਦੇ ਹਨ ? ਕੀ ਡਰੱਗ ਉਹਨਾਂ ਦੇ ਘਰਾਂ ਵਿੱਚ ਪੈਦਾ ਹੁੰਦੀ ਹੈ ? ਕੀ ਕਾਨੂੰਨਨ ਮਾਪੇ ਬੱਚਿਆਂ ਤੇ ਸਖ਼ਤੀ ਕਰ ਸਕਦੇ ਹਨ ? ਕੀ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਲੰਬੀ ਤੇ ਤੰਦਰੁਸਤ ਜ਼ਿੰਦਗੀ ਜਿਊਣ ? ਕੀ ਮਾਪੇ ਹੀ ਬੱਚਿਆਂ ਨੂੰ ਸਭ ਕੁੱਝ ਦਿੰਦੇ ਹਨ ਉਹ ਬਾਹਰੀ ਸਮਾਜ ਵਿੱਚੋਂ ਕੁੱਝ ਹਾਸਲ ਨਹੀਂ ਕਰਦੇ ? ਐਹੋ ਜਿਹੇ ਹੋਰ ਵੀ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਤੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਸਾਡੇ ਲੋਕਾਂ ਨੇ ਬਾਹਰੋਂ ਆ ਕੇ ਸਖ਼ਤ ਮਿਹਨਤਾਂ ਕਰਕੇ ਆਪਣੇ ਤੇ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਇਸ ਦੇਸ਼ ਨੂੰ ਆਪਣਾ ਰੈਣ ਬਸੇਰਾ ਬਣਾਇਆ ਹੈ। ਜਿਸ ਸਦਕਾ ਅੱਜ ਸਾਡੇ ਲੋਕ ਹਰ ਖਿੱਤੇ ਵਿੱਚ ਆਪਣੀ ਥਾਂ ਬਣਾਈ ਬੈਠੇ ਹਨ ਚਾਹੇ ਰਾਜਨੀਤਕ ਸਫਾਂ ਹੋਣ, ਸਰਕਾਰੀ ਅਫ਼ਸਰ ਹੋਣ, ਡਾਕਟਰ, ਇੰਜ਼ਨੀਅਰ, ਸਮਾਜਿਕ ਰੁਤਬਾ ਹੋਵੇ ਜਾਂ ਖਿਡਾਰੀ ਹੋਣ। ਉਹ ਕਿਹੜੀ ਥਾਂ ਹੈ ਜਿੱਥੇ ਭਾਰਤੀ ਲੋਕਾਂ ਨੇ ਦੁਨੀਆਂ ਵਿੱਚ ਮਾਣ ਨਾ ਖੱਟਿਆ ਹੋਵੇ ਪਰ ਕੁੱਝ ਕੁ ਜਵਾਨ ਬੱਚੇ ਆਪਣੇ ਰਾਹ ਤੋਂ ਭਟਕ ਕੇ ਦਿਖਾਵੇ ਦੀ ਚਕਾਚੌਂਧ ਵਿੱਚ ਗੈਂਗਵਾਰ ਜਾਂ ਡਰੱਗ ਦੇ ਧੰਦੇ ਵਿੱਚ ਵੀ ਫਸ ਚੁੱਕੇ ਹਨ ਇਸਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਹਿਲਾਂ ਪਹਿਲ ਇਹ ਸਮੱਸਿਆ ਵੈਨਕੂਵਰ ਦੇ ਇਲਾਕੇ ਦੀ ਕਹੀ ਜਾਂਦੀ ਸੀ ਹੁਣ ਹੌਲ਼ੀ ਹੌਲ਼ੀ ਸਾਰੇ ਕੈਨੇਡਾ ਵਿੱਚ ਫੈਲ ਰਹੀ ਹੈ। ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਇਹ ਸਮੱਸਿਆ ਲੋਕਲ ਸਮੱਸਿਆ ਹੈ ? ਨਹੀਂ ਇਹ ਇਕੱਲੀ ਵੈਨਕੂਵਰ, ਸਰ੍ਹੀ ਜਾਂ ਕੈਨੇਡਾ ਦੀ ਸਮੱਸਿਆ ਨਹੀਂ ਸਗੋਂ ਇਹ ਤਾਂ ਦੁਨੀਆਂ ਭਰ ਦੀ ਚਿੰਤਾ ਦਾ ਵਿਸ਼ਾ ਹੈ ਤੇ ਇਹ ਦਿਨੋਦਿਨ ਵੱਧ ਵੀ ਰਹੀ ਹੈ। ਇਹ ਮੈਂ ਨਹੀਂ ਸਗੋਂ ਸਮਾਜ ਵਿੱਚ ਵੱਧ ਰਹੀਆਂ ਹਿੰਸਕ ਘਟਨਾਵਾਂ ਦੇ ਅੰਕੜੇ ਦੱਸ ਰਹੇ ਹਨ ਕਿ ਹਰੇਕ ਸਾਲ ਡਰੱਗ ਨਾਲ ਜੁੜੀਆਂ ਘਟਨਾਵਾਂ ਜਾਂ ਗੋਲੀ ਚੱਲਣ ਦੀਆਂ ਵਾਰਦਾਤਾਂ ਜਾਂ ਮਰ ਰਹੇ ਲੋਕਾਂ ਦੀ ਗਿਣਤੀ ਪਿਛਲੇ ਸਾਲਾਂ ਨਾਲੋਂ ਕਿਤੇ ਜ਼ਿਆਦਾ ਪ੍ਰਤੀਸ਼ਤ ਵੱਧ ਰਹੀ ਹੈ ਜਿਵੇਂ ਕਿ ਬੀ. ਸੀ. ਜਾਂ ਸਰ੍ਹੀ ਸ਼ਹਿਰ ਦੇ ਕੁੱਝ ਅੰਕੜੇ ਇਹ ਦਰਸਾਉਂਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ 2015 ਵਿੱਚ ਬੀ.ਸੀ ਵਿੱਚ 97 ਕਤਲ ਹੋਏ, 2016 ਵਿੱਚ 87 ਕਤਲ ਹੋਏ ਤੇ 114 ਵਾਰੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ।ਜਿਸਦਾ ਰੇਟ ਪਿਛਲੇ ਸਾਲਾਂ ਨਾਲੋਂ 4.8% ਵਧਿਆ ਸੀ। ਸਰ੍ਹੀ ਵਿੱਚ 2015 ਵਿੱਚ 88 ਵਾਰ ਗੋਲੀ ਚੱਲੀ ਇਸੇ ਤਰ੍ਹਾਂ 2016 ਵਿੱਚ 61 ਵਾਰੀ ਤੇ 2017 ਵਿੱਚ 59 ਵਾਰੀ ਗੋਲੀ ਚੱਲਣ ਦੀਆਂ ਘਟਨਾਵਾਂ ਹੋਈਆਂ ਅਤੇ ਲੋਅਰ ਮੇਨਲੈਂਡ ਵੈਨਕੂਵਰ ਦੇ ਇਲਾਕੇ ਵਿੱਚ 21 ਕਤਲ ਹੋਏ।ਬੀ. ਸੀ. ਵਿੱਚ 2017 ‘ਚ ਜਿਣਸੀ ਹਮਲੇ ਔਰਤਾਂ ਪ੍ਰਤੀ ਹੋਣ ਜਾਂ ਬੱਚਿਆਂ ਪ੍ਰਤੀ ਇਹਨਾਂ ਦੀ ਗਿਣਤੀ 3,125 ਸੀ। ਇੱਕ ਵੀ ਮਨੁੱਖ ਦਾ ਅਣਆਈ ਮੌਤ ਮਰਨਾ ਆਪਣੀ ਬਹੁਤ ਕੀਮਤ ਰੱਖਦਾ ਹੈ, ਪਰ ਅਜਿਹੀਆਂ ਅਨੇਕਾਂ ਘਟਨਾਵਾਂ ਨਾਲ ਦਿਲ ਨੂੰ ਠੇਸ ਪਹੁੰਚਦੀ ਹੈ।ਉਹ ਕੈਨੇਡਾ ਜਿਸ ਨੂੰ ਦੁਨੀਆਂ ਭਰ ਵਿੱਚ ਸ਼ਾਂਤੀ ਦਾ ਪੁੰਜ ਕਹਿ ਕੇ ਬੁਲਾਇਆ ਜਾਂਦਾ ਹੈ। ਮਾਪਿਆਂ ਦੇ ਸੰਦਰਭ ਵਿੱਚ ਉੱਠੇ ਸਵਾਲ ਕੀ ਮਾਪੇ ਜੋ ਬੱਚਿਆਂ ਨੂੰ ਵਧੀਆ ਜ਼ਿੰਦਗੀ ਪ੍ਰਦਾਨ ਕਰਨ ਲਈ ਆਪਣੀ ਤਨੋ, ਮਨੋ, ਧਨੋ ਹਰ ਪੱਖੋਂ ਹਰ ਸੰਭਵ ਕੋਸ਼ਿਸ਼ ਕਰਕੇ ਸਾਰੀ ਜ਼ਿੰਦਗੀ ਸਖ਼ਤ ਮਿਹਨਤ ਕਰਦੇ ਹਨ। ਕੀ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਲਾਡਾਂ ਨਾਲ ਪਾਲ਼ੇ ਬੱਚੇ 30-35 ਸਾਲ ਦੀ ਉਮਰ ਵਿੱਚ ਅਪੜਨ ਤੋਂ ਪਹਿਲਾਂ ਹੀ ਗੋਲ਼ੀ ਨਾਲ ਜਾਂ ਡਰੱਗ ਖਾ ਕੇ ਮਰ ਜਾਣ ? ਜਦਕਿ ਸਾਡੇ ਸਭਿਆਚਾਰ ਵਿੱਚ ਅਸੀਂ ਬੱਚਿਆਂ ਦੇ ਬਹੁਤ ਨੇੜੇ ਰਹਿੰਦੇ ਹਾਂ ਕਿਉਂਕਿ ਅਸੀਂ ਉਹਨਾਂ ਨੂੰ ਆਪਣੇ ਬੁਢਾਪੇ ਦਾ ਸਹਾਰਾ ਸਮਝਦੇ ਹਾਂ। ਅਗਲੇ ਸਵਾਲ ਦਾ ਉੱਤਰ ਕਿ ਡਰੱਗ ਇੱਥੇ ਕਿੱਥੋਂ ਆ ਰਹੀ ਹੈ ? ਮਾਪੇ ਡਰੱਗ ਬਣਾ ਕੇ ਤਾਂ ਬੱਚਿਆਂ ਨੂੰ ਦੇ ਨਹੀਂ ਰਹੇ। ਕਿਤੋਂ ਤਾਂ ਆ ਰਹੀ ਹੈ ਤੇ ਆ ਵੀ ਸਾਡੇ ਇਸ ਲੋਕਤੰਤਰੀ ਢਾਂਚੇ ਦੀਆਂ ਚੋਰ ਮੋਰੀਆਂ ਦੇ ਥਾਣੀਂ ਹੀ। ਕੀ ਸਾਡਾ ਸਿਸਟਮ ਐਨਾ ਫੇਲ੍ਹ ਹੋ ਚੁੱਕਿਆ ਹੈ ਕਿ ਜਵਾਨ ਬੱਚਿਆਂ ਦੀ ਮੌਤ ਦਾ ਸਮਾਨ ਸ਼ਰੇਆਮ ਏਅਰ ਪੋਰਟਾਂ, ਬੌਰਡਰਾਂ ਤੇ ਪੋਰਟਾਂ ਤੋਂ ਧੜਾਧੜ ਲੰਘ ਰਿਹਾ ਹੈ ਉਦੋਂ ਪੁਲੀਸ ਵਰਗੇ ਮਹਿਕਮੇ ਕਿੱਥੇ ਹੁੰਦੇ ਹਨ ਜਿਹੜੇ ਮਾਪਿਆਂ ਤੇ ਦੂਸ਼ਨਬਾਜ਼ੀ ਕਰਨ ਵਿੱਚ ਰੁੱਝੇ ਹੋਏ ਹਨ। ਜਦੋਂ ਕਦੇ ਵੀ ਕੋਈ ਵਿਅਕਤੀ ਗੈਂਗਵਾਰ ਵਿੱਚ ਮਾਰਿਆ ਜਾਂਦਾ ਹੈ ਉਦੋਂ ਪੁਲੀਸ ਕਹਿੰਦੀ ਹੈ ਕਿ ਉਹ ਉਸਨੂੰ ਜਾਣਦੀ ਸੀ। ਜਦੋਂ ਕਦੇ ਮਾਪਿਆਂ ਜਾਂ ਮੀਡੀਏ ਨੇ ਇਹ ਸਵਾਲ ਕੀਤਾ ਕਿ ਜੇ ਜਾਣਦੇ ਸੀ ਤਾਂ ਫੜਿਆ ਕਿਉਂ ਨਹੀਂ ਤਦ ਉਹ ਕਹਿੰਦੇ ਹਨ ਕਿ ਸਾਡੇ ਕੋਲ਼ ਉਸਨੂੰ ਗ੍ਰਿਫਤਾਰ ਕਰਨ ਲਈ ਤੱਥ ਨਹੀਂ ਸਨ ਜਾਂ ਉਹ ਕੋਰਟ ਜਾ ਕੇ ਛੁੱਟ ਜਾਂਦੇ ਹਨ।ਤਾਂ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਪੁਲੀਸ ਆਪਣੇ ਦਾਇਰੇ ਵਿੱਚ ਰਹਿ ਕੇ ਹੀ ਕੰੰਮ ਕਰ ਸਕਦੀ ਹੈ ਪਰ ਉਸਨੂੰ ਮਾਪਿਆਂ ਤੇ ਦੂਸ਼ਣ ਲਾਉਣ ਦੀ ਜ਼ਿੰਮੇਵਾਰੀ ਕਿਸਨੇ ਦਿੱਤੀ ਹੈ।ਸੋਚਣ ਵਾਲੀ ਗੱਲ ਹੈ ਕਿ ਅਗਰ ਕੋਰਟਾਂ, ਕਚਹਿਰੀਆਂ, ਪੁਲੀਸ ਜਾਂ ਸਰਕਾਰਾਂ ਦੇ ਹੱਥ ਖੜੇ ਹਨ ਤਾਂ ਫਿਰ ਮਾਪਿਆਂ ਕੋਲ ਕਿਹੜੀ ਜਾਦੂ ਦੀ ਛੜੀ ਹੈ ਜਿਸ ਨਾਲ ਉਹ ਇਸ ਗੈਂਗਵਾਰ ਨੂੰ ਠੱਲ ਪਾ ਸਕਦੇ ਹਨ।ਮਾਪਿਆਂ ਨੂੰ ਜ਼ੁੰਮੇਵਾਰ ਠਹਿਰਾਉਣ ਤੋਂ ਪਹਿਲਾਂ ਉਹ ਇਹ ਕਿਉਂ ਭੁੱਲ ਜਾਂਦੇ ਹਨ ਕਿ ਜੋ 18 ਸਾਲ ਤੱਕ ਮਾਪੇ ਇਸ ਡਰ ਵਿੱਚ ਰਹਿੰਦੇ ਹਨ ਕਿ ਜੇ ਅਸੀਂ ਬੱਚਿਆਂ ਤੇ ਸਖ਼ਤੀ ਕੀਤੀ ਤਾਂ ਮਨਿਸਟਰੀ ਉਹਨਾਂ ਦੇ ਬੱਚੇ ਚੁੱਕ ਕੇ ਲੈ ਜਾਵੇਗੀ ਤੇ ਉਹਨਾਂ ਨੂੰ ਫੋਸਟਰ ਹੋਮਾਂ ਵਿੱਚ ਭੇਜ ਦਿੱਤਾ ਜਾਵੇਗਾ ਜਿੱਥੋਂ ਅੱਜ ਕੱਲ ਸਦਮੇ ਨਾਲ ਮਾਨਸਿਕ ਰੋਗੀ ਪੀੜਤ ਬੱਚੇ ਹਸਪਤਾਲਾਂ ਵਿੱਚ ਭਰਤੀ ਹੋ ਰਹੇ ਹਨ ਮਾਨਸਿਕ ਰੋਗਾਂ ਦੇ ਡਾਕਟਰਾਂ, ਨਰਸਾਂ ਤੇ ਹਸਪਤਾਲਾਂ ਦੀ ਮੰਗ ਦਿਨੋ ਦਿਨ ਵਧ ਰਹੀ ਹੈ। ਫੋਸਟਰ ਹੋਮਾਂ ਵਿੱਚ ਬੱਚਿਆਂ ਨੂੰ ਭੁੱਖੇ ਰੱਖਣਾ, ਕੁੱਟ ਮਾਰ ਕਰਨਾ, ਕਮਰਿਆਂ ਵਿੱਚ ਬੰਦ ਕਰਨਾ, ਬੱਚਿਆ ਦੀਆਂ ਆਪਸੀ ਲੜਾਈਆਂ ਝਗੜੇ, ਗਾਲ੍ਹਾਂ ਦੁੱਪੜ, ਜਿਣਸੀ ਸ਼ੋਸ਼ਣ ਆਦਿ ਖਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਆਮ ਹੀ ਬਣਦੀਆਂ ਰਹਿੰਦੀਆਂ ਹਨ। 18 ਸਾਲ ਦੀ ਉਮਰ ਤੋਂ ਬਾਅਦ ਜੇ ਬੱਚੇ ਕਿਤੇ ਫੜ੍ਹੇ ਜਾਣ ਤਾਂ ਪੁਲੀਸ ਉਹਨਾਂ ਦਾ ਅਤਾ ਪਤਾ ਨਹੀਂ ਦੱਸਦੀ ਕਿਉਂਕਿ ਉਹ ਬਾਲਗ ਹੋ ਗਏ ਹਨ ਅਤੇ ਕਾਨੂੰਨਨ ਉਹਨਾਂ ਦੀ ਨਿੱਜੀ ਜ਼ਿੰਦਗੀ ਦਾ ਠੱਪਾ ਲੱਗ ਜਾਂਦਾ ਹੈ। ਉਹਨਾਂ ਬੱਚਿਆਂ ਨੂੰ ਮਾਂ ਬਾਪ ਦਾ ਪਿਆਰ ਨਹੀਂ ਮਿਲਦਾ ਅਤੇ ਉਹ ਫਿਰ ਦਿਸ਼ਾਹੀਣ ਹੋ ਕੇ ਸਮਾਜ ਵਿੱਚ ਵਿਚਰਦੇ ਹਨ।ਅਗਲਾ ਸਵਾਲ ਸੀ ਕਿ ਸਭ ਕੁੱਝ ਬੱਚਿਆਂ ਨੂੰ ਮਾਪੇ ਹੀ ਦਿੰਦੇ ਹਨ, ਬਾਹਰੀ ਸਮਾਜ ਦਾ ਕੋਈ ਰੋਲ ਨਹੀਂ। ਪੰਜ ਸਾਲ ਤੋਂ ਬਾਅਦ ਬੱਚਾ ਸਕੂਲ ਜਾਂਦਾ ਹੈ, ਉਹ ਆਧਿਆਪਕਾਂ ਤੇ, ਨਾਲ ਦੇ ਵਿਦਿਆਰਥੀਆਂ ਤੋਂ ਬਹੁਤ ਕੁੱਝ ਸਿੱਖਦਾ ਹੈ। ਸਕੂਲ ਭੇਜਣ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਬੱਚਾ ਬਾਹਰ ਦੇ ਖੁਸ਼ਗਵਾਰ ਵਾਤਾਵਰਣ ਵਿੱਚ ਰਹੇ ਅਤੇ ਇਸ ਸਮਾਜ ਵਿੱਚ ਰਹਿਣਾ, ਮਿਲਣਾ, ਵਰਤਣਾ ਸਿੱਖੇ ਅਤੇ ਇਸ ਸਮਾਜ ਨੂੰ ਵਧੀਆ ਬਣਾਉਣ ਲਈ ਆਪਣਾ ਯੋਗਦਾਨ ਵੀ ਜਰੂਰ ਪਾ ਸਕੇ। ਅਸੀਂ ਇੱਥੋਂ ਦੇ ਆਧਿਆਪਕਾਂ ਤੇ ਉਂਗਲ ਨਹੀਂ ਕਰ ਸਕਦੇ। ਉਹ ਬੱਚਿਆਂ ਨੂੰ ਸਕੂਲ ਤੋਂ ਬਾਅਦ ਵੀ ਸਮਾਂ ਦੇ ਰਹੇ ਹਨ। ਕੁੱਝ ਸਵਾਲ ਇੱਥੇ ਵੀ ਪੈਦਾ ਹੋ ਰਹੇ ਹਨ ਕੀ ਆਧਿਆਪਕ ਖੁਸ਼ ਹਨ ? ਪਿਛਲੇ ਦਸਾਂ ਸਾਲਾਂ ਵਿੱਚ ਜਦੋਂ ਇਹ ਡਰੱਗ ਦੀ ਸਮੱਸਿਆ ਜੋਰ ਫੜਦੀ ਹੈ ਉਦੋਂ ਆਧਿਆਪਕਾਂ ਦੀਆਂ ਜ਼ਾਇਜ਼ ਮੰਗਾਂ ਦੇ ਵਿਰੋਧ ਵਿੱਚ ਬੀ. ਸੀ. ਸਰਕਾਰ ਕੋਰਟਾਂ ਵਿੱਚ ਪੈਸਾ ਬਰਬਾਦ ਕਰਦੀ ਰਹੀ ਤੇ ਆਧਿਆਪਕਾਂ ਨੂੰ ਅਸੰਤੁਸ਼ਟੀ ਦੇ ਦੌਰ ਵਿੱਚੋਂ ਲੰਘਣਾ ਪਿਆ। ਸਰਕਾਰ ਨੇ ਪਹਿਲੇ ਕੰਟਰੈਕਟ ਨੂੰ ਪਾੜ ਕੇ ਕਲਾਸ ਸਾਈਜ਼ ਵੱਡੇ ਕਰ ਦਿੱਤੇ ਅਤੇ ਸਪੈਸ਼ਲ ਨੀਡ ਬੱਚਿਆਂ ਨੂੰ ਆਮ ਕਲਾਸਾਂ ਵਿੱਚ ਹੀ ਭੇਜ ਦਿੱਤਾ। ਕੀ ਆਧਿਆਪਕਾਂ ਤੇ ਇਹ ਪ੍ਰੈਸ਼ਰ ਨਹੀਂ ਸੀ ? ਆਖਰ ਸੁਪਰੀਮ ਕੋਰਟ ਨੇ ਆਧਿਆਪਕਾਂ ਦੇ ਪੱਖ ਵਿੱਚ ਫੈਸਲਾ ਦਿੱਤਾ। ਕੀ ਇਹ ਗੱਲ ਸੋਚਣ ਲਈ ਮਜ਼ਬੂਰ ਨਹੀਂ ਕਰ ਰਹੀ ਕਿ ਇਹਨਾਂ ਸਾਲਾਂ ਦੇ ਦੌਰਾਨ ਬੱਚਿਆਂ ਦੀ ਮਾਨਸਿਕ ਸਥਿਤੀ ਤੇ ਵੱਡਾ ਅਸਰ ਹੋਇਆ ਹੋਵੇਗਾ ? ਪਰ ਇਹਨਾਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਸਰਕਾਰਾਂ ਆਪਣੇ ਆਪ ਨੂੰ ਬਰੀ ਕਰ ਲੈਂਦੀਆਂ ਹਨ ਕਿ ਲੋਕਾਂ ਨੇ ਤਾਂ ਭੁੱਲ ਹੀ ਜਾਣਾ ਹੈ।ਇਲਜ਼ਾਮ ਹੈ ਕਿ ਮਾਪੇ ਵੱਡੇ ਘਰ ਬਣਾਉਣ ਦੀ ਹੋੜ ਵਿੱਚ ਲੱਗੇ ਹੁੰਦੇ ਹਨ ਇਸ ਲਈ ਉਹ ਇਧਰ ਧਿਆਨ ਨਹੀਂ ਦੇ ਰਹੇ। ਇਹ ਵੀ ਕਹਿਣਾ ਗਲਤ ਨਹੀਂ ਹੈ ਸਾਡੇ ਬੱਚਿਆਂ ਨਾਲ ਸੌਕਰ, ਵਾਲੀਵਾਲ, ਬਾਸਕਿਟਵਾਲ, ਹਾਕੀ ਤੇ ਰੈਸਲਿੰਗ ਦੇ ਗਰਾਊਂਡ ਭਰੇ ਪਏ ਹਨ। ਸਭਿਆਚਾਰ ਨਾਲ ਜੋੜਨ ਲਈ ਮਾਪੇ ਹਰ ਰੋਜ਼ ਗਿੱਧੇ ਭੰਗੜਿਆਂ ਦੀਆਂ ਕਲਾਸਾਂ ਵਿੱਚ ਲੈ ਕੇ ਤੁਰੇ ਹੋਏ ਹੁੰਦੇ ਹਨ ਤੇ ਸਾਡੇ ਬੱਚਿਆਂ ਨੇ ਇੰਟਰ ਨੈਸ਼ਨਲ ਪੱਧਰ ਤੇ ਮੱਲਾਂ ਵੀ ਮਾਰੀਆਂ ਹਨ।ਉਹ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਕੰਮ ਕਰਨਾ ਵੀ ਮਾਪਿਆਂ ਦੀ ਲੋੜ ਹੈ ਉਸ ਬਿਨ੍ਹਾ ਉਹਨਾਂ ਨੇ ਜੀਵਨ ਗੁਜ਼ਰ ਕਿਵੇਂ ਕਰਨਾ ਹੈ। ਦੂਸਰੇ ਪਾਸੇ ਦੇਖਿਆ ਜਾਵੇ, ਮਹਿੰਗਾਈ ਦਿਨੋ ਦਿਨ ਵੱਧ ਰਹੀ ਹੈ, ਹਰ ਚੀਜ਼ ਤੇ ਵਾਧੂ ਟੈਕਸ ਠੋਕੇ ਜਾ ਰਹੇ ਹਨ, ਪਾਣੀ, ਬਿਜਲੀ, ਗੈਸ ਦੇ ਬਿੱਲ ਲੋਕਾਂ ਦੀ ਪਹੁੰਚ ਤੋਂ ਦੂਰ ਹੋਈ ਜਾ ਰਹੇ ਹਨ, ਗੈਸ ਦੀ ਕੀਮਤ 1992 ਵਿੱਚ 28 ਸੈਂਟ ਸੀ ਜਿਹੜੀ ਅੱਜ ਵੱਧ ਕੇ 1.50 ਡਾਲਰ ਹੋ ਚੁੱਕੀ ਹੈ। ਮੈਡੀਕਲ ਤੇ ਐਜ਼ੂਕੇਸ਼ਨ ਦੀਆਂ ਸਹੂਲਤਾਂ ਤੇ ਕੱਟ ਤੇ ਕੱਟ ਲਾਏ ਜਾ ਰਹੇ ਹਨ।ਦਵਾਈਆਂ ਦੀਆਂ ਕੀਮਤਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ 250 ਤੋਂ 300 ਪ੍ਰਤੀਸ਼ਤ ਦੇ ਲਾਭ ਨਾਲ ਲੋਕਾਂ ਤੋਂ ਹਾਸਲ ਕਰ ਰਹੀਆਂ ਹਨ। ੀਛਭਛ ਦਾ ਰੇਟ ਹਰ ਸਾਲ ਵਧ ਰਿਹਾ ਹੈ। ਗਰੋਸਰੀ ਲੈਣੀ ਮੁਸ਼ਕਲ ਹੋ ਰਹੀ ਹੈ। 1992 ਵਿੱਚ ਦੁੱਧ ਦੀ ਗੇਲਣ ਇੱਕ ਡਾਲਰ ਸੀ ਜਿਹੜੀ ਹੁਣ ਵੱਧ ਕੇ ਪੰਜ ਡਾਲਰ ਹੈ। ਘਰਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਲੋਕਾਂ ਨੂੰ ਕਿਰਾਇਆ ਦੇਣਾ ਔਖਾ ਹੋ ਰਿਹਾ ਹੈ। ਛੋਟੀ ਤੋਂ ਛੋਟੀ ਲੋੜ ਪੂਰੀ ਕਰਨੀ ਅਸੰਭਵ ਹੋ ਰਹੀ ਹੈ। ਪਰ ਤਨਖ਼ਾਹ 1992 ਵਿੱਚ ਪ੍ਰਤੀ ਘੰਟਾ 6 ਡਾਲਰ ਸੀ ਤੇ 2018 ਵਿੱਚ ਘੱਟੋ ਘੱਟ ਤਨਖ਼ਾਹ 11.35 ਡਾਲਰ ਪ੍ਰਤੀ ਘੰਟਾ ਹੈ। ਜੇ ਅਸੀਂ ਇਸ ਆਮਦਨ ਤੇ ਖਰਚਿਆਂ ਦੇ ਅਨੁਪਾਤ ਨੂੰ ਦੇਖਦੇ ਹਾਂ ਤਾਂ ਲੋਕਾਂ ਦੇ ਜੀਣ ਦਾ ਮਿਆਰ ਘੱਟ ਰਿਹਾ ਹੈ ਤੇ ਉਹਨਾਂ ਵਿੱਚ ਪਿਆਰ ਦੀ ਥਾਂ ਤੇ ਪੈਸੇ ਦੀ ਦੌੜ ਵੱਲ ਆਕਰਸ਼ਿਤ ਹੋਣਾ ਸੁਭਾਵਕ ਹੀ ਹੈ। ਇੱਥੇ ਇਹ ਵੀ ਸੋਚਣਾ ਪਵੇਗਾ ਕਿ ਬੱਚਿਆਂ ਦੇ ਡਰੱਗਾਂ ਵਿੱਚ ਪੈਣ ਦੇ ਕੀ ਇਹੀ ਆਰਥਿਕ ਕਾਰਣ ਤਾਂ ਨਹੀਂ। ਉਹ ਮਾਪਿਆਂ ਨੂੰ ਹਰਵਕਤ 12-12, 16-16 ਘੰਟੇ ਕੰਮਾਂ ਤੇ ਲਟਾਪੀਂਘ ਹੋਏ ਦੇਖਦੇ ਹਨ ਤੇ ਉਹ ਇਹ ਸੌਖਾ ਤੇ ਅਸਾਨ ਐਸ਼ ਪ੍ਰਸਤੀ ਵਾਲਾ ਤਰੀਕਾ ਲੱਭਦੇ ਹੋਣ ਕਿ ਦਿਨਾਂ ਵਿੱਚ ਮਿਲੀਅਨਏਅਰ ਹੋ ਕੇ ਵਿਹਲੇ ਹੋ ਕੇ ਐਸ਼ ਲੁੱਟਣਗੇ। ਪੁਲੀਸ ਦਾ ਵੀ ਇਹੀ ਕਹਿਣਾ ਹੈ ਕਿ 10-12 ਸਾਲ ਤੋਂ ਲੈ ਕੇ ਬੱਚੇ ਇੱਧਰ ਪੈ ਰਹੇ ਹਨ। 10-12 ਸਾਲ ਦੇ ਅਣਭੋਲ ਬੱਚੇ ਨੂੰ ਕਿੰਨੀ ਕੁ ਸੋਝੀ ਹੋ ਸਕਦੀ ਹੈ ਪਰ ਜਦੋਂ ਉਹਨਾਂ ਨੂੰ ਬਹੁਤੇ ਸਾਰੇ ਡਾਲਰਾਂ ਦੇ ਢੇਰ ਦਿਖਾ ਕੇ, ਅਮੀਰੀ ਦੇ ਸੁਪਨਿਆਂ ਵਿੱਚ ਵਰਗ਼ਲ਼ਾ ਕੇ, ਐਸ਼ ਪ੍ਰਸਤੀ ਦੀ ਜ਼ਿੰਦਗੀ ਦੀ ਚਕਾਚੌਂਧ ਨਾਲ ਅੰਨ੍ਹੇ ਕਰ ਦਿੱਤਾ ਜਾਂਦਾ ਹੈ ਤਾਂ ਉਹ ਸਹਿਜੇ ਹੀ ਮਗਰ ਲੱਗ ਜਾਂਦੇ ਹਨ।ਉਦੋਂ ਉਹਨਾਂ ਨੂੰ ਆਉਣ ਵਾਲੇ ਖਤਰਿਆਂ ਦਾ ਇਲਮ ਨਹੀਂ ਹੁੰਦਾ ਬਾਅਦ ਵਿੱਚ ਉਹਨਾਂ ਨੂੰ ਡਰਾ ਧਮਕਾ ਕੇ ਡਰੱਗ ਦਾ ਧੰਦਾ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਜਦੋਂ ਦਲਦਲ ਵਿੱਚ ਫਸ ਗਏ ਫਿਰ ਉਹ ਬੇਬਸ ਹੋ ਜਾਂਦੇ ਹਨ। ਫਿਰ ਤਾਂ ਉਹ ਗੋਲ਼ੀ ਦਾ ਹੀ ਸਾਹਮਣਾ ਕਰਦੇ ਹਨ ਚਾਹੇ ਪੁਲੀਸ ਦੀ ਹੋਵੇ ਜਾਂ ਆਪਸ ਦੀ ਜਾਂ ਕਿਸੇ ਜੇਲ਼੍ਹ ਦੀ ਹਵਾ ਫੱਕ ਰਹੇ ਹੋਣਗੇ। ਬਹੁਤੇ ਮਾਪਿਆਂ ਨੂੰ ਇਹ ਗਰੋਹ ਪਤਾ ਨਹੀਂ ਲੱਗਣ ਦਿੰਦੇ, ਇਹ ਚੋਰੀ ਦਾ ਕੰਮ ਹੈ ਉਹ ਇਹ ਲਾਲਚ ਦੇ ਕੇ ਲਾਉਂਦੇ ਹਨ ਕਿ ਥੋੜ੍ਹਾ ਚਿਰ ਕਰ ਲੈ, ਪੈਸੇ ਬਣਾ ਲੈ ਫਿਰ ਨਿਕਲ ਜਾਵੀਂ।
ਡਰੱਗ ਇੱਕ ਇਹੋ ਜਿਹਾ ਨਸ਼ਾ ਹੈ ਜਿਸਨੂੰ ਖਾ ਕੇ ਮਨੁੱਖ ਅਵਚੇਤਨ ਸਥਿਤੀ ਵਿੱਚ ਵਿਚਰਨ ਲੱਗਦਾ ਹੈ ਤੇ ਕੁਝ ਸਮੇਂ ਲਈ ਉਹ ਆਪਣੀ ਸਾਧਾਰਣ ਜ਼ਿੰਦਗੀ ਤੋਂ ਵਿਹਲ ਲੈ ਸਕਦਾ ਹੈ। ਡਰੱਗ ਕੁਝ ਪੌਦਿਆਂ ਤੋਂ ਪ੍ਰਾਪਤ ਹੋਣ ਵਾਲਾ ਇੱਕ ਰਸ ਹੀ ਹੈ। ਦੁਨੀਆਂ ਭਰ ਵਿੱਚ ਡਰੱਗ ਉਦੋਂ ਦੀ ਮੌਜੂਦ ਹੈ ਜਦੋਂ ਤੋਂ ਇੱਥੇ ਬਨਸਪਤੀ ਮੌਜੂਦ ਹੋਵੇਗੀ ਪਰ ਜਦੋਂ ਕਿਸੇ ਚੀਜ਼ ਤੇ ਰੋਕ ਲਾ ਦਿੱਤੀ ਜਾਂਦੀ ਹੈ ਤੇ ਉਹ ਚੋਰੀ ਬਲੈਕ ਵਿੱਚ ਮਿਲਣ ਲੱਗਦੀ ਹੈ ਤਾਂ ਇਸ ਨਾਲ ਸਮੱਸਿਆ ਖੜ੍ਹੀ ਹੁੰਦੀ ਹੈ। ਅਸੀਂ ਪੰਜਾਬੀ ਲੋਕ ਜਾਣਦੇ ਹਾਂ ਕਿ ਸਾਡੇ ਖੂਹਾਂ, ਖੇਤਾਂ, ਸੜਕਾਂ, ਤਬੇਲਿਆਂ ਵਿੱਚ ਭੰਗ (ਸੁੱਖਾ) ਆਮ ਹੀ ਅੱਜ ਤੱਕ ਖੜ੍ਹੀ ਮਿਲਦੀ ਹੈ, ਕਦੇ ਕਿਸੇ ਦਾ ਵੀ ਉਹਨੂੰ ਖਾਣ ਵੱਲ ਧਿਆਨ ਹੀ ਨਹੀਂ ਆਇਆ ਪਰ ਜਦੋਂ ਕੈਨੇਡਾ ਵਿੱਚ ਇਸਦੀ ਵਿਕਰੀ ਚੋਰੀ ਹੋਣ ਲੱਗੀ ਤਾਂ ਪਿਛਲੇ ਸਮੇਂ ਵਿੱਚ ਲੱਗਦਾ ਸੀ ਕਿ ਸਾਰੀ ਦੀ ਸਾਰੀ ਪੁਲੀਸ ਭੰਗ ਦੇ ਤਸਕਰਾਂ ਤੇ ਹੀ ਕੇਂਦਰਤ ਹੋ ਕੇ ਭੰਗ ਦੇ ਬੂਟੇ ਫੜਨ ਵਿੱਚ ਹੀ ਸਮਾਂ ਤੇ ਪੈਸਾ ਝੋਕ ਰਹੀ ਹੈ, ਸ਼ੁਕਰ ਹੋਇਆ ਕਿ ਇਸ ਨੂੰ ਕਾਨੂੰਨੀ ਵਿਕਣ ਲਾ ਦਿੱਤਾ ਹੈ। ਅਸਲ ਵਿੱਚ ਡਰੱਗ ਖਾਣ ਜਾਂ ਵੇਚਣ ਤੱਕ ਹੀ ਸੀਮਤ ਨਹੀਂ ਹੁੰਦੀ ਸਗੋਂ ਇਸ ਨਾਲ 80% ਜੁਰਮ ਜਿਵੇਂ ਕਤਲ, ਚੋਰੀ, ਡਾਕਾ, ਅਗਵਾ ਕਰਨ ਦੀਆਂ ਘਟਨਾਵਾਂ, ਵੇਸਵਾਪਣ ਆਦਿ ਡਰੱਗ ਦੇ ਧੰਦੇ ਨਾਲ ਜੁੜੀਆਂ ਮਨੁੱਖਤਾ ਮਾਰੂ ਇਲਾਮਤਾਂ ਹਨ। ਜਦੋਂ ਕੋਈ ਵੀ ਚੀਜ਼ ਬਲੈਕ ਵਿੱਚ ਵਿਕਣ ਲੱਗਦੀ ਹੈ ਤਾਂ ਇਸ ਦੇ ਪਿੱਛੇ ਦੁਨੀਆਂ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਅਮੀਰ ਇਜ਼ਾਰੇਦਾਰ ਜਿਹੜੇ ਦੁਨੀਆਂ ਦੀ ਸਾਰੀ ਸੰਪਤੀ ਸਿਰਫ ਤੇ ਸਿਰਫ ਆਪਣੇ ਹੱਥਾਂ ਵਿੱਚ ਕਰਨੀ ਚਾਹੁੰਦੇ ਹਨ ਉਹ ਪਹਿਲਾਂ ਲੋਕਾਂ ਨੂੰ ਇਹੋ ਜਿਹੇ ਨਸ਼ਿਆਂ ਤੇ ਲਾਉਂਦੇ ਹਨ ਤੇ ਫਿਰ ਜਦੋਂ ਉਹਨਾਂ ਦੀ ਆਦਤ ਬਣ ਜਾਂਦੀ ਹੈ ਤਾਂ ਉਸਨੂੰ ਆਪਣੇ ਕੋਲ ਜਮ੍ਹਾਂ ਕਰਕੇ ਬਲੈਕ ਵਿੱਚ ਹੱਥੋਂ ਹੱਥੀ ਵੇਚਦੇ ਹਨ। ਇਹ ਡਰੱਗ ਮਾਫੀਆ ਕੁੱਝ ਸਿਆਸਤਦਾਨਾਂ ਨੂੰ ਵੀ ਆਪਣੇ ਹੱਥ ਹੇਠ ਰੱਖਦਾ ਹੈ। ਇਹਨਾਂ ਦੇ ਹੀ ਹੱਥ ਵਸ ਹੈ ਕਿ ਕਿਸ ਦੇਸ਼ ਦੀ ਸਰਕਾਰ ਬਣਾਉਣੀ ਹੈ ਤੇ ਡੇਗਣੀ ਹੈ, ਵੱਡੇ ਵੱਡੇ ਫੰਡ ਦੇ ਕੇ ਇਹ ਸਰਕਾਰਾਂ ਨੂੰ ਕਠਪੁਤਲੀਆਂ ਬਣਾ ਕੇ ਨਚਾਉਂਦੇ ਹਨ। ਉਹਨਾਂ ਨੂੰ ਵੀ ਸਤ੍ਹਾ ਖੁੱਸਣ ਦਾ ਡਰ ਹੁੰਦਾ ਹੈ ਸੋ ਇਸ ਵਿੱਚ ਨੁਕਸਾਨ ਲੋਕਾਂ ਦਾ ਹੁੰਦਾ ਹੈ ਇਸ ਕਰਕੇ ਸਰਕਾਰਾਂ ਵੀ ਨਹੀਂ ਗੌਲ਼ਦੀਆਂ, ਮਤਲਬ ਕਿ ਇਹ ਸਾਰੇ ਰਲ਼ ਮਿਲ ਕੇ ਢਕੀ ਰਿੱਝੀ ਖਾਂਦੇ ਹਨ। ਇਤਿਹਾਸ ਗਵਾਹ ਹੈ ਕਿ 18 ਵੀਂ ਸਦੀ ਵਿੱਚ ਚੀਨ ਵਿੱਚ ਬਸਤੀਵਾਦੀਆਂ ਨੇ ਆਪਣੇ ਲਾਭ ਲਈ ਦੋ ਅਫ਼ੀਮ ਦੀਆਂ ਜੰਗਾਂ ਲੜੀਆਂ।ਏਸੇ ਤਰ੍ਹਾਂ 1984 ਦੇ ਇਰਦ ਗਿਰਦ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਸਨ ਕਿ ਪ੍ਰੈਜ਼ੀਡੈਂਟ ਰੀਗਨ ਦੇ ਸਮੇਂ ਨਿਕਾਰਾਗੁਆ ਦੀ ਨਵੀਂ ਬਣੀ ਲੋਕ ਰਾਇ ਸਰਕਾਰ ਨੂੰ ਡੇਗਣ ਲਈ ਸੀ. ਆਈ. ਏ ਵਲੋਂ ਡਰੱਗ ਦਾ ਇਸਤੇਮਾਲ ਕੀਤਾ ਗਿਆ। ਇੰਡੀਆ ਵਿੱਚ ਤਾਂ ਹਰੇਕ ਪਾਰਟੀ ਸ਼ਰਾਬ ਜਾਂ ਡਰੱਗ ਨੂੰ ਵਰਤ ਕੇ ਹੀ ਜਿੱਤਦੀ ਹੈ। ਡਰੱਗ ਦੇ ਗੈਰਕਾਨੂੰਨੀ ਹੋਣ ਕਰਕੇ ਇਸਦਾ ਲਾਭ ਬਹੁਤ ਹੁੰਦਾ ਹੈ ਅਰਥਾਤ ਪੈਸੇ ਦੇ ਜੋਰ ਤੇ ਪਾਵਰ ਹਥਿਆਉਣੀ ਸੌਖੀ ਹੈ।ਦੁਨੀਆਂ ਭਰ ਵਿੱਚ ਅਨੇਕਾਂ ਹੀ ਵੱਡੇ ਵੱਡੇ ਗੈਂਗ ਹਨ, ਉਹਨਾਂ ਦੀਆਂ ਆਪਣੀਆਂ ਸਰਕਾਰਾਂ ਹਨ, ਉਹ ਜੋ ਕੁੱਝ ਕਰਨਾ ਚਾਹੁੰਦੇ ਹਨ ਕਰਦੇ ਹਨ, ਉਹਨਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ। ਸਰਕਾਰਾਂ ਦੀ ਦੇਖ ਰੇਖ ਵਿੱਚ ਹੀ ਇਸਦਾ ਆਯਾਤ-ਨਿਰਯਾਤ ਦਾ ਵਿਉਪਾਰ ਹੁੰਦਾ ਹੈ।ਜਿਨ੍ਹਾਂ ਨੂੰ ਫੜਿਆ ਜਾਂਦਾ ਹੈ ਉਹ ਗਲ਼ੀਆਂ ਵਿੱਚ ਨਿੱਕੀਆਂ ਨਿੱਕੀਆਂ ਪੁੜੀਆਂ ਵੇਚਣ ਵਾਲੇ ਹਨ। ਕੈਨੇਡਾ ਵਿੱਚ ਵੱਡੇ ਵੱਡੇ ਸੰਗਠਿਤ ਗੈਂਗ ਵੀ ਹਨ।ਇਹ ਇਕੱਲੇ ਬੀ. ਸੀ. ਵਿੱਚ 102 ਗੈਂਗ ਕੰਮ ਕਰਦੇ ਹਨ ਤੇ ਜਿਨ੍ਹਾਂ ਵਿੱਚ 1027 ਮੁੰਡੇ ਕੰਮ ਕਰ ਰਹੇ ਹਨ।
ਜਦੋਂ ਅਸੀਂ ਆਰਥਿਕ ਕਾਰਣਾਂ ਦੀ ਗੱਲ ਕਰਦੇ ਹਾਂ ਉੱਥੇ ਸਮਾਜਿਕ ਕਾਰਣਾਂ ਦੀ ਗੱਲ ਕਰਨਾ ਵੀ ਜਰੂਰੀ ਹੈ।ਇਤਿਹਾਸ ਵੱਲ ਨਜ਼ਰ ਮਾਰਿਆਂ ਸਪੱਸ਼ਟ ਹੁੰਦਾ ਹੈ ਕਿ 19ਵੀਂ ਸਦੀ ਦੇ ਸ਼ੁਰੂ ਵਿੱਚ ਭਾਰਤੀ ਲੋਕ ਜਦੋਂ ਕੈਨੇਡਾ ਆਏ ਤਾਂ ਉਹਨਾਂ ਨੂੰ ਰੰਗ, ਨਸਲ ਦੇ ਅਧਾਰ ਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੈਨੇਡੀਅਨ ਕਮਿਊਨਿਟੀ ਵਿੱਚ ਇਸ ਗੱਲ ਨਾਲ ਤਰੇੜ ਪਾਈ ਗਈ ਕਿ ਇਹ ਘੱਟ ਤਨਖ਼ਾਹ ਤੇ ਕੰਮ ਕਰਦੇ ਹਨ। ਕਾਮਾਗਾਟਾਮਾਰੂ ਦੀ ਮਿਸਾਲ ਸਾਡੇ ਸਾਹਮਣੇ ਹੈ ਪਰ ਗ਼ਦਰੀ ਬਾਬਿਆਂ ਦੀ ਮਨੁੱਖਤਾਵਾਦੀ ਸਹੀ ਤੇ ਸਪੱਸ਼ਟ ਸੋਚ ਹੋਣ ਕਰਕੇ ਉਹਨਾਂ ਨੇ ਆਪਣੇ ਹੱਕਾਂ ਦੀ ਲੜਾਈ ਲੜੀ ਤੇ ਪਰਿਵਾਰਾਂ ਨੂੰ ਇਕੱਠੇ ਕਰਨ ਵਰਗੇ ਕਾਨੂੰਨ ਵੀ ਲਾਗੂ ਕਰਵਾਏ। ਇਸੇ ਲੜੀ ਤਹਿਤ 70ਵਿਆਂ ਵਿੱਚ ਵੀ ਭਾਰਤੀ ਕਮਿਊਨਿਟੀ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ। ਉਦੋਂ ਕੁੱਝ ਨਸਲੀ ਅਨਸਰ ਭਾਰਤੀ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੋੜ ਜਾਂਦੇ ਸਨ ਤੇ ਉਹਨਾਂ ਤੇ ਨਸਲੀ ਅਵਾਜ਼ੇ ਕਸਦੇ ਸਨ। ਲੋਕਾਂ ਨੇ ਬੀ. ਸੀ., ਕੈਨੇਡਾ ਤੇ ਸਿਟੀ ਸਰਕਾਰ ਅਤੇ ਪੁਲੀਸ ਕੋਲ ਵਥੇਰੀਆਂ ਸ਼ਕਾਇਤਾਂ ਕੀਤੀਆਂ ਪਰ ਬੇਅਰਥ। ਸਗੋਂ ਭਾਰਤੀਆਂ ਤੇ ਦੂਸ਼ਣ ਲਾਏ ਜਾਂਦੇ ਸਨ ਕਿ ਇਨ੍ਹਾਂ ਦੇ ਖਾਣਿਆਂ ਚੋਂ ਸਮੈੱਲ ਆਉਂਦੀ ਹੈ, ਇਹ ਸਾਡੇ ਵਰਗੇ ਕੱਪੜੇ ਨਹੀਂ ਪਾਉਂਦੇ ਹਨ ਆਦਿ।ਉਦੋਂ ਵੀ ਸਰਕਾਰਾਂ ਪੁਲੀਸ ਸਭ ਚੁੱਪ ਸਨ ਹਰ ਰੋਜ਼ ਦਾ ਡਰਾਮਾ ਦੇਖ ਰਹੇ ਸਨ ਪਰ ਜਦੋਂ ਈਸਟ ਇੰਡੀਅਨ ਡੀਫੈਂਸ ਕਮੇਟੀ ਦੀ ਅਗਵਾਈ ਵਿੱਚ ਕਮਿਊਨਿਟੀ ਇੱਕਮੁੱਠ ਹੋਈ ਤੇ ਨਸਲਵਾਦ ਦਾ ਮੁਕਾਬਲਾ ਆਹਮੋ ਸਾਹਮਣੇ ਨਸਲੀ ਲੋਕਾਂ ਨਾਲ ਦੋ ਹੱਥ ਕਰਕੇ ਕੀਤਾ ਤਾਂ ਸਰਕਾਰਾਂ ਤੇ ਪੁਲੀਸ ਵੀ ਹਰਕਤ ਵਿੱਚ ਆਈ ਸੀ। ਗ਼ਦਰੀ ਬਾਬਿਆਂ ਵੇਲੇ ਵੀ ਤੇ 70ਵਿਆਂ ਵਿੱਚ ਵੀ ਸਰਕਾਰਾਂ ਵਲੋਂ ਕਮਿਊਨਿਟੀ ਨੂੰ ਦੋਫਾੜ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਸਨ। ਹੁਣ ਵੀ ਮਾਪਿਆਂ ਸਿਰ ਦੋਸ਼ ਮੜ੍ਹ ਕੇ ਕਮਿਊਨਿਟੀ ਨੂੰ ਦੋਫਾੜ ਕੀਤਾ ਜਾ ਰਿਹਾ ਹੈ।ਅਸਲ ਵਿੱਚ ਜਦੋਂ ਲੋਕਾਂ ਨੂੰ ਮੁੱਦੇ ਤੋਂ ਭਟਕਾਉਣਾ ਹੋਵੇ ਤਾਂ ਇਹ ਹਥਿਆਰ ਸੱਤਾਧਾਰੀਆਂ ਦੀ ਲੋੜ ਹੁੰਦੀ ਹੈ ਜੋ ਹੋ ਰਿਹਾ ਹੈ।
80ਵਿਆਂ ਵਿੱਚ ਗੈਂਗ ਕਲਚਰ ਹੋਂਦ ਵਿੱਚ ਆਇਆ, ਉਦੋਂ ਸਕੂਲਾਂ ਵਿੱਚ ਬੱਚਿਆਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਸਮੇਂ ਘੱਟ ਗਿਣਤੀ ਬੱਚਿਆਂ ਨੂੰ ਰੰਗ, ਨਸਲ ਦੇ ਅਧਾਰ ਤੇ ਦੂਜੇ ਦਰਜ਼ੇ ਦੇ ਸ਼ਹਿਰੀ ਹੋਣ ਦਾ ਖਿਤਾਬ ਦਿੱਤਾ ਜਾ ਰਿਹਾ ਸੀ ਤਾਂ ਉਹਨਾਂ ਆਪਣੇ ਬਚਾਅ ਲਈ ਆਪਣੇ ਆਪਣੇ ਪਿਛੋਕੜ ਨਾਲ ਸਬੰਧਤ ਗੈਂਗ ਬਣਾਏ ਸਨ ਮਸਲਨ ਪੰਜਾਬੀਆਂ ਦਾ ਗੈਂਗ, ਵੀਅਤਨਾਮੀਆਂ ਦਾ ਗੈਂਗ ਆਦਿ। ਕਈ ਵਾਰ ਇਸ ਤਰ੍ਹਾਂ ਨੌਜਵਾਨ ਪੀੜ੍ਹੀ ਗਲਤ ਰਸਤੇ ਅਪਣਾ ਲੈਂਦੀ ਹੈ।ਇਸ ਦਾ ਸਾਰਾ ਫਾਇਦਾ ਡਰੱਗ ਡੀਲਰਾਂ ਨੇ ਲੈ ਲਿਆ। ਸੋ ਇਨ੍ਹਾਂ ਸਮਾਜਿਕ ਕਾਰਣਾਂ ਦਾ ਹੱਥ ਗੈਂਗਵਾਰ ਨੂੰ ਅੱਗੇ ਲਿਜਾਣ ਦਾ ਸੀ। ਇਸਦੇ ਨਾਲ ਨਾਲ ਸਾਡੇ ਗਵਾਂਢੀ ਦੇਸ਼ ਵਿੱਚ ਗੰਨ ਕਲਚਰ ਦਾ ਆਮ ਹੀ ਬੋਲਬਾਲਾ ਹੈ ਜਿਸਦਾ ਪ੍ਰਭਾਵ ਪੈਣਾ ਵੀ ਕੁਦਰਤੀ ਹੈ।ਅਮਰੀਕਾ ਵਿੱਚ ਤਾਂ ਹੁਣ ਲਗਾਤਾਰ ਹੀ ਇੱਕਾ ਦੁੱਕਾ ਨਹੀਂ ਸਗੋਂ ਕਿੰਨੇ ਕਿੰਨੇ ਲੋਕਾਂ ਦੇ ਸਮੂਹਕ ਕਤਲ ਕੀਤੇ ਜਾ ਰਹੇ ਹਨ।ਸਭਿਆਚਾਰਕ ਤੌਰ ਤੇ ਵੀ ਗਾਣਿਆਂ ਵਿੱਚ ਅੰਗਰੇਜ਼ੀ ਦੇ ਗਾਣੇ ਹੋਣ ਜਾਂ ਪੰਜਾਬੀ ਦੇ ਉਹਨਾਂ ਵਿੱਚ ਵੀ ਗੰਨ ਕਲਚਰ ਨੂੰ ਉਭਾਰਿਆ ਜਾ ਰਿਹਾ ਹੈ ਕਿਉਂਕਿ ਅਮਰੀਕਾ ਨੇ ਤਾਂ ਆਪਣੇ ਹਥਿਆਰ ਵੇਚਣੇ ਹਨ ਤੇ ਸਾਰੀ ਦੁਨੀਆਂ ਤੇ ਰੋਹਬ ਜਮਾਉਣਾ ਹੈ ਉਹਨਾਂ ਨੂੰ ਕੀ ਫਰਕ ਪੈਂਦਾ ਹੈ ਕਿ ਦੁਨੀਆਂ ਦੀ ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ। ਜ਼ਿਆਦਾਤਰ ਹਥਿਆਰ ਤੇ ਡਰੱਗ ਅਮਰੀਕਾ ਦੇ ਰਸਤਿਆਂ ਵਿੱਚੋਂ ਹੀ ਕੈਨੇਡਾ ਪਹੁੰਚਦੇ ਹਨ।ਦੂਸਰਾ ਪੱਖ ਹੈ ਕਿ ਡਰੱਗ ਵਿਕ ਰਹੀ ਹੈ, ਲੋਕ ਖ੍ਰੀਦ ਰਹੇ ਹਨ, ਖਾ ਰਹੇ ਹਨ, ਤੇ ਧੜਾਧੜ ਮਰ ਵੀ ਰਹੇ ਹਨ। ਦੇਖਣ ਵਿੱਚ ਆ ਰਿਹਾ ਹੈ ਕਿ ਤੁਸੀਂ ਇੱਕ ਫੋਨ ਕਾਲ ਕਰੋ ਡਰੱਗ ਤੁਹਾਡੇ ਘਰ ਪਹੁੰਚ ਜਾਂਦੀ ਹੈ, ਕਿੰਨਾ ਸੌਖਾ ਕੰਮ ਹੈ ਮੌਤ ਦੇ ਰੂਬਰੂ ਹੋਣ ਦਾ। ਜਿਸਦੇ ਸਰਕਾਰੀ ਅੰਕੜੇ ਸਾਡੇ ਸਾਹਮਣੇ ਹਨ ਕਿ ਬੀ. ਸੀ. ਵਿੱਚ ਗੈਰਕਾਨੂੰਨੀ ਡਰੱਗ ਖਾ ਕੇ 2014 ਵਿੱਚ 369 ਲੋਕ ਮਰੇ, ਫਿਰ 2015 ਵਿੱਚ ਇਹ ਗਿਣਤੀ 518 ਹੋ ਗਈ, 2016 ਵਿੱਚ 993 ਤੇ 2017 ਵਿੱਚ 1422 ਹੋ ਗਈ ਜਿਹੜੀ ਪਿਛਲੇ ਸਾਲ ਨਾਲੋਂ 43% ਵੱਧ ਸੀ। ਜੇ ਨਾ ਠੱਲ ਪਈ ਤਾਂ 2018 ਵਿੱਚ ਇਹ ਹੋਰ ਵੱਧਣ ਦੀ ਸੰਭਾਵਨਾ ਹੈ ਕਿਉਂਕਿ ਸਰਕਾਰਾਂ ਜਾਂ ਪੁਲੀਸ ਵਲੋਂ ਮਾਪਿਆਂ ਤੇ ਦੂਸ਼ਨ ਲਾਉਣ ਤੋਂ ਬਿਨ੍ਹਾਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਕੁੱਝ ਕੁ ਕਲੀਨਿਕ ਖੋਹਲੇ ਗਏ ਹਨ ਜਿਨ੍ਹਾਂ ਵਿੱਚ ਸੁਰਖਿੱਅਤ ਟੀਕੇ ਜਾਂ ਸੂਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਮੌਤਾਂ ਦੀ ਗਿਣਤੀ ਦੇ ਹਿਸਾਬ ਨਾਲ ਇਹ ਕਾਫੀ ਨਹੀਂ। ਇਸਦਾ ਕਾਰਣ ਕੀ ਹੈ ? ਬਿਨ੍ਹਾਂ ਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਡਰੱਗ ਹੁਣ ਕੁੱਝ ਲੋਕਾਂ ਦੀ ਲੋੜ ਬਣ ਗਈ ਹੈ, ਉਹ ਉਸਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ ਤੇ ਕੁਛ ਲੋਕ ਉਹਨਾਂ ਦੀ ਮੰਗ ਨੂੰ ਪੂਰਾ ਕਰਨ ਲਈ ਗੈਰਕਾਨੂੰਨੀ ਤੌਰ ਤੇ ਉਸ ਵਿੱਚ ਮਿਲਾਵਟ ਕਰਕੇ ਵੱਧ ਤੋਂ ਵੱਧ ਮੁਨਾਫ਼ਾ ਖੱਟਣ ਲਈ ਉਸਦੀ ਮਿਕਦਾਰ ਵਧਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਓ ਤੇ ਲਾ ਰਹੇ ਹਨ। ਉਸ ਵਿੱਚ ਅਜਿਹੇ ਰਸਾਇਣਕ ਤੱਤ ਪਾ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਕੁਆਲਿਟੀ ਤੇ ਮਿਕਦਾਰ ਦਾ ਕੋਈ ਪਤਾ ਨਹੀਂ ਹੁੰਦਾ। ਇਹ ਕਿਸੇ ਪ੍ਰਯੋਗਸ਼ਾਲਾ ਦੀ ਬਜਾਇ ਇਸਨੂੰ ਘਰਾਂ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਜਿੱਥੇ ਕੈਨੇਡਾ ਵਿੱਚ ਹਰ ਚੀਜ਼ ਪਾਸ ਹੋ ਕੇ ਲੈਵਲ ਲੱਗ ਕੇ ਮਾਰਕਿਟ ਵਿੱਚ ਆਉਂਦੀ ਹੈ ਪਰ ਇਹ ਮੌਤ ਦਾ ਸਮਾਨ ਹਰ ਗਲ਼ੀ, ਮੁਹੱਲੇ, ਸ਼ਹਿਰ ਕਸਬੇ ਦੀ ਹਰ ਨੁੱਕਰ ਤੇ ਅਤੇ ਇਸਦੇ ਵਿਉਪਾਰੀ ਸਿਟੀ ਹਾਲਾਂ, ਪੁਲੀਸ ਸਟੇਸ਼ਨਾਂ ਤੇ ਕੋਰਟਾਂ ਦੇ ਇਰਦ ਗਿਰਦ ਵਿਕਰੀ ਕਰਦੇ ਦੇਖੇ ਜਾ ਸਕਦੇ ਹਨ। ਜਿੱਥੇ ਇਹ ਨੌਜਵਾਨੀ ਤੇ ਲੈਰ੍ਹੀ ਉਮਰ ਦੇ ਮੁੰਡਿਆਂ ਨੂੰ ਨਿਗਲ ਰਹੀ ਹੈ ਉੱਥੇ ਬਹੁਤ ਸਾਰੀਆਂ ਨਾਬਾਲਗ ਲੜਕੀਆਂ ਵੀ ਇਸ ਡਰੱਗ ਗੈਂਗਵਾਰ ਵਿੱਚ ਸ਼ਾਮਲ ਹੋ ਰਹੀਆਂ ਹਨ, ਜਿਨ੍ਹਾਂ ਦਾ ਸਰੀਰਕ ਸ਼ੋਸ਼ਣ ਹੋ ਰਿਹਾ ਹੈ ਤੇ ਬਾਅਦ ਵਿੱਚ ਉਹ ਵੇਸਵਾ ਦਾ ਧੰਦਾ ਅਪਣਾਉਣ ਲਈ ਮਜ਼ਬੂਰ ਹੋ ਜਾਂਦੀਆਂ ਹਨ। ਉਹ ਇਹਨਾਂ ਨੂੰ ਤਾਂ ਵਰਤਦੇ ਹਨ ਕਿ ਛੋਟੇ ਬੱਚੇ ਅਤੇ ਬੱਚੀਆਂ ਸ਼ੱਕ ਦੇ ਘੇਰੇ ਵਿੱਚ ਘੱਟ ਆਉਂਦੇ ਹਨ।
ਜਿਹੜੇ ਛੋਟੇ ਬੱਚਿਆਂ ਨੇ ਅਜੇ ਵੱਧਣਾ ਫੁੱਲਣਾ ਹੈ ਉਹਨਾਂ ਤੇ ਇਹ ਡਰੱਗ ਜਾਨਲੇਵਾ ਪ੍ਰਭਾਵ ਪਾਉਂਦੇ ਹਨ। ਇਹਨਾਂ ਦੇ ਸੇਵਨ ਨਾਲ ਦਿਲ, ਦਿਮਾਗ ਤੇ ਹੋਰ ਮਹੱਤਵਪੂਰਨ ਅੰਗ ਨੁਕਸਾਨੇ ਜਾਂਦੇ ਹਨ। ਕਹਿੰਦੇ ਹਨ ਕਿ ਕੋਕੀਨ ਦੇ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਵੱਧ ਜਾਂਦੀ ਹੈ। ਬੱਚੇ ਖੇਡਾਂ, ਕਸਰਤ ਤੇ ਸਰੀਰਕ ਕੰਮਾਂ ਵਲੋਂ ਅਵੇਸਲੇ ਹੋ ਜਾਂਦੇ ਹਨ। ਆਪਣੀ ਜ਼ਿੰਦਗੀ ਦੇ ਸਹੀ ਫੈਸਲੇ ਨਹੀਂ ਲੈ ਸਕਦੇ। ਹਰ ਵਕਤ ਕਰੋਧਤ ਹੁੰਦੇ ਰਹਿੰਦੇ ਹਨ। ਕਈ ਵਾਰ ਐਹੋ ਜਿਹੇ ਖਤਰੇ ਸਹੇੜਦੇ ਹਨ ਜਿਨ੍ਹਾਂ ਨਾਲ ਦੂਜਿਆਂ ਨੂੰ ਤਾਂ ਤਕਲੀਫ ਹੁੰਦੀ ਹੀ ਹੈ ਪਰ ਉਹ ਆਪਣੇ ਆਪ ਨੂੰ ਵੀ ਬਹੁਤ ਤਕਲੀਫ ਦਿੰਦੇ ਹਨ।ਡਰੱਗ ਖਾਣ ਵਾਲੇ ਡਰੱਗ ਤਸਕਰਾਂ ਤੇ ਨਿਰਭਰ ਹੋ ਜਾਂਦੇ ਹਨ ਫਿਰ ਉਹ ਮਾੜੇ ਤੋਂ ਮਾੜਾ ਕੰਮ ਕਰਕੇ ਵੀ ਆਪਣੀ ਲਤ ਪੂਰੀ ਕਰਨੀ ਚਾਹੁੰਦੇ ਹਨ। ਜੇ ਛੱਡਣਾ ਚਾਹੁਣ ਤਾਂ ਪਸੀਨੇ ਨਾਲ ਭਿੱਜ ਜਾਂਦੇ ਹਨ, ਸਰੀਰ ਕੰਬਣ ਲੱਗਦਾ ਹੈ ਤੇ ਉਲਟੀਆਂ ਲੱਗ ਜਾਂਦੀਆਂ ਹਨ। ਇਹ ਇੱਕ ਹੋਰ ਮੁਸ਼ਕਲ ਦੀ ਘੜੀ ਹੈ ਜਿਸ ਤੋਂ ਡਰ ਕੇ ਉਹ ਲਗਾਤਾਰ ਇਸ ਨੂੰ ਖਾਣਾ ਪਸੰਦ ਕਰਦੇ ਹਨ ਤੇ ਨਿਕਲ ਨਹੀਂ ਸਕਦੇ। ਉਹ ਪੜਨੋਂ ਹੱਟ ਜਾਂਦੇ ਹਨ, ਚਿੰਤਾ ਤੇ ਨਾਂਹਵਾਚਕ ਖਿਆਲ ਉਨ੍ਹਾਂ ਦੇ ਮਨਾਂ ਵਿੱਚ ਉਤਪੰਨ ਹੋ ਜਾਂਦੇ ਹਨ, ਪੁਰਾਣੇ ਦੋਸਤਾਂ ਨਾਲੋਂ ਟੁੱਟ ਜਾਂਦੇ ਹਨ, ਕਲਾਸ ਵਿੱਚ ਸੌਂ ਜਾਂਦੇ, ਕਿਸੇ ਗੱਲ ਵੱਲ ਤਵੱਜੋ ਨਹੀਂ ਦੇ ਸਕਦੇ, ਖੰਘਦੇ ਰਹਿਣਾ, ਨੱਕ ਦਾ ਵਗਣਾ ਆਦਿ ਵਰਗੀਆਂ ਅਲਾਮਤਾਂ ਸੁਸਾਇਟੀ ਵਿੱਚ ਸ਼ਰਮਿੰਦਾ ਕਰਦੀਆਂ ਹਨ ਤੇ ਉਹ ਦੂਸਰਿਆਂ ਤੋਂ ਵੱਖ ਹੋ ਕੇ ਲੜਾਈਆਂ ਝਗੜਿਆਂ ਦੇ ਰਾਹ ਪੈ ਜਾਂਦੇ ਹਨ। ਬੱਚਿਆਂ ਨੂੰ ਇਸ ਤੋਂ ਬਚਾਉਣ ਲਈ ਇੱਕੋ ਇੱਕ ਢੰਗ ਡਰੱਗ ਨੂੰ ਕਾਨੂੰਨੀ (ਲੀਗਲ) ਕਰਨਾ ਹੀ ਹੈ। ਬਹੁਤੀ ਵਾਰ ਇਹੀ ਡਰੱਗਜ਼ ਸਾਨੂੰ ਡਾਕਟਰ ਲਿਖ ਕੇ ਦਿੰਦਾ ਹੈ ਜਦੋਂ ਅਸੀਂ ਬਿਮਾਰ ਹਾਂ। ਪਰ ਉਸਦੀ ਮਿਕਦਾਰ ਡਾਕਟਰ ਨੂੰ ਪਤਾ ਹੈ ਕਿ ਸਾਡਾ ਸਰੀਰ ਕਿੰਨਾ ਇਸਨੂੰ ਝੱਲ ਸਕਦਾ ਹੈ ਇਸ ਕਰਕੇ ਨੁਕਸਾਨ ਨਹੀਂ ਹੁੰਦਾ। ਅੰਕੜੇ ਦੱਸਦੇ ਹਨ ਕਿ ਗੈਰਕਾਨੂੰਨੀ ਡਰੱਗ ਖਾ ਕੇ 1422 ਲੋਕ ਪਿਛਲੇ ਸਾਲ ਮਰੇ, ਉਹਨਾਂ ਵਿੱਚੋਂ 90% ਲੋਕ ਇਸ ਅਣਆਈ ਮੌਤ ਮਰਨ ਸਮੇਂ ਆਪਣੇ ਬੈਡਰੂਮ ਵਿੱਚ ਇਕੱਲੇ ਸਨ ਇਸਦਾ ਕਾਰਣ ਇਸਦੀ ਗੈਰਕਾਨੂੰਨੀ ਵਿਕਰੀ ਹੈ। ਅਗਰ ਇਹ ਕਾਨੂੰਨ ਦੇ ਦਾਇਰੇ ਵਿੱਚ ਆ ਜਾਂਦੀ ਹੈ ਤਾਂ ਅਸਲੀ ਰੂਪ ਵਿੱਚ ਦਵਾਈਆਂ ਵਾਂਗ ਲੈਵਲ ਲੱਗ ਕੇ ਮਿਲੇਗੀ। ਇਸ ਨਾਲ ਬਹੁਤ ਸਾਰੇ ਜੁਰਮ ਜਿਹੜੇ ਡਰੱਗ ਨਾਲ ਸਬੰਧਤ ਹਨ ਜਿਵੇਂ ਗੈਂਗਵਾਰ, ਅਗਵਾਹ, ਲੁੱਟਮਾਰ, ਹਿੰਸਕ ਘਟਨਾਵਾਂ, ਲੜਾਈ ਝਗੜੇ, ਚੋਰੀ, ਫਰਾਡ, ਮੌਤਾਂ, ਕਤਲ, ਵੇਸਵਾ ਧੰਦਾ ਵਰਗੇ ਸ਼ਬਦ ਜੋ ਸਾਡੀ ਜ਼ਿੰਦਗੀ ਦਾ ਦਿਨ ਪ੍ਰਤੀ ਦਿਨ ਹਿੱਸਾ ਬਣਦੇ ਜਾ ਰਹੇ ਹਨ ਤੋਂ ਛੁਟਕਾਰਾ ਪੈ ਸਕਦਾ ਹੈ। ਡਰੱਗ ਇੱਕ ਆਦਤ ਨਹੀਂ ਬਿਮਾਰੀ ਹੈ ਜਿਸਦਾ ਇਲਾਜ ਹੋਣਾ ਚਾਹੀਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਵਿੱਚ ਗੁੰਮਰਾਹ ਨਹੀਂ ਹੋ ਸਕਣਗੇ। ਹੁਣ ਨਾਬਾਲਗ ਬੱਚੇ ਕੈਨੇਡਾ ਵਿੱਚ ਸਿਗਰਟ ਦਾ ਪੈਕਟ, ਸ਼ਰਾਬ, ਮਾਚਸ, ਲਾਈਟਰ ਨਹੀਂ ਖ੍ਰੀਦ ਸਕਦੇ। ਸ਼ਰਾਬ ਤੇ ਲੱਗੇ ਟੈਕਸ ਵਾਂਗ ਇਸਤੋਂ ਪ੍ਰਾਪਤ ਹੋਣ ਵਾਲੇ ਟੈਕਸ ਦੀ ਆਮਦਨ ਨਾਲ ਇਸਦੀ ਰੋਕਥਾਮ ਤੇ ਕੰਮ ਕੀਤਾ ਜਾ ਸਕਦਾ ਹੈ। ਯਾਦ ਰਹੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ 1919 ਵਿੱਚ ਜਦੋਂ 18ਵੀਂ ਸੰਵਿਧਾਨਕ ਸੋਧ ਹੋਈ ਤਾਂ ਸ਼ਰਾਬ ਨੂੰ ਗੈਰਕਾਨੂੰਨੀ ਕਰ ਦਿੱਤਾ ਗਿਆ ਜਿਸਨੇ ਐਲ ਕੋਪੇਨ ਵਰਗੇ ਗੈਂਗਸਟਰ ਤੇ ਗੈਂਗ ਕਲਚਰ ਪੈਦਾ ਕਰ ਦਿੱਤਾ ਇਸ ਨਾਲ 13-14 ਸਾਲਾਂ ਦੇ ਵਿੱਚ ਜ਼ੁਲਮ ਚਰਮ ਸੀਮਾ ਤੇ ਪਹੁੰਚ ਗਿਆ ਤਾਂ ਫਿਰ 1933 ਵਿੱਚ 21ਵੀਂ ਸੰਵਿਧਾਨਕ ਸੋਧ ਹੇਠ ਸ਼ਰਾਬ ਨੂੰ ਕਾਨੂੰਨੀ ਕੀਤਾ ਗਿਆ ਜਿਸ ਕਰਕੇ ਅੱਜ ਕਿਤੇ ਵੀ ਕੋਈ ਸ਼ਰਾਬ ਦੇ ਗੈਂਗ ਨਹੀਂ ਹਨ। ਨਿਰਸੰਦੇਹ ਜਿਹੜੇ ਦੇਸ਼ਾਂ ਨੇ ਡਰੱਗ ਨੂੰ ਵੀ ਦਾਇਰੇ ਵਿੱਚ ਲਿਆ ਕੇ ਇਸਦਾ ਸੇਵਨ ਕੀਤਾ ਹੈ ਉੱਥੇ ਜੁਰਮ ਘਟਿਆ ਹੀ ਹੈ ਜਿਵੇਂ ਪੁਰਤਗਾਲ, ਆਸਟ੍ਰੇਲੀਆ, ਆਫ਼ਗਾਨਨਿਸਤਾਨ ਜਾਂ ਭਾਰਤ ਦੇ ਕੁੱਝ ਹਿੱਸਿਆਂ ਆਦਿ ਵਿੱਚ।
ਡਰੱਗ ਦੀ ਮੁਸ਼ਕਲ ਨੂੰ ਸਿਹਤ ਦੀ ਮੁਸ਼ਕਲ ਵਜੋਂ ਲੈਣਾ ਚਾਹੀਦਾ ਹੈ ਨਾ ਕਿ ਜੁਰਮ ਦੀ ਮੁਸ਼ਕਲ ਵਜੋਂ ਸਮਝਿਆ ਜਾਣਾ ਚਾਹੀਦਾ ਹੈ। ਇਸ ਵਿੱਚ ਪੁਲੀਸ ਭਰਤੀ ਦੀ ਲੋੜ ਨਹੀਂ ਸਗੋਂ ਮਰੀਜ਼ਾਂ ਨੂੰ ਇਲਾਜ ਦੀ ਲੋੜ ਹੈ। ਜਦੋਂ ਇਹ ਡਰੱਗ ਸਟੋਰਾਂ ਤੇ ਵਿਕੇਗੀ, ਲੋਕ ਆਪਣੀ ਮਰਜ਼ੀ ਨਾਲ ਖਾ ਸਕਣਗੇ ਜਿਵੇਂ ਸ਼ਰਾਬ ਠੇਕਿਆਂ ਤੋਂ ਮਿਲਦੀ ਹੈ, ਉਸ ਦੇ ਨਫ਼ੇ ਨੁਕਸਾਨ ਤੇ ਮਿਕਦਾਰ ਬਾਰੇ ਪੂਰੀ ਜਾਣਕਾਰੀ ਦਿੱਤੀ ਹੁੰਦੀ ਹੈ।ਗੈਰਕਾਨੂੰਨੀ ਡਰੱਗ ਵਿੱਚ ਘਟੀਆ ਕਿਸਮ ਦੇ ਮਾਰੂ ਕੈਮੀਕਲ ਉਹ ਲੋਕ ਮਿਲਾਉਂਦੇ ਹਨ ਜਿਨ੍ਹਾਂ ਦਾ ਸਿਰਫ਼ ਤੇ ਸਿਰਫ਼ ਮਤਲਬ ਮੁਨਾਫ਼ਾ ਕਮਾਉਣ ਤੋਂ ਹੈ। ਇਨ੍ਹਾਂ ਅਣਆਈ ਮੌਤ ਮਰਨ ਵਾਲਿਆਂ ਨੂੰ ਬੰਦ ਕਮਰਿਆਂ ਵਿੱਚੋਂ ਚੱਕ ਕੇ ਓਵਰਡੋਜ਼ ਨਾਲ ਹੋਈ ਮੌਤ ਦਾ ਠੱਪਾ ਲਾ ਕੇ ਕ੍ਰਿਆ ਕਰਮ ਕਰ ਦਿੱਤਾ ਜਾਂਦਾ ਹੈ। ਇਸਦਾ ਕੋਈ ਦੋਸ਼ੀ ਚਾਰਜ਼ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਮਨੁੱਖਤਾ ਦੀਆਂ ਮੌਤਾਂ ਨੂੰ ਅਸੀਂ ਚੁੱਪ ਕਰਕੇ ਸਵੀਕਾਰੀ ਜਾ ਰਹੇ ਹਾਂ। ਇਸ ਪਿਛਲੇ ਕਾਰਣ ਵੱਲ ਨਾ ਸਰਕਾਰ ਧਿਆਨ ਦਿੰਦੀ ਹੈ ਤੇ ਨਾ ਹੀ ਕੋਈ ਧਿਆਨ ਦਵਾ ਰਿਹਾ ਹੈ ਜੋ ਅੱਜ ਬਹੁਤ ਜਰੂਰੀ ਬਣ ਗਆ ਹੇ। ਅਗਰ ਡਰੱਗ ਕਾਨੂੰਨੀ ਹੋ ਗਈ ਤਾਂ ਉਹ ਵਿਅਕਤੀ ਆਪਣੀ ਲੋੜ ਮੁਤਾਬਕ ਮਾਹਰ ਦੇ ਕਹਿਣ ਮੁਤਾਬਕ ਫਾਰਮੇਸੀ ਵਾਂਗ ਅਜਿਹੀਆਂ ਕਲੀਨਿਕਾਂ ਤੋਂ ਖ੍ਰੀਦੇਗਾ ਜਿਨ੍ਹਾਂ ਕੋਲ ਇਸਨੂੰ ਵੇਚਣ ਦਾ ਲਾਇਸੰਸ ਹੋਵੇਗਾ।ਸਰਕਾਰ ਨੂੰ ਚਾਹੀਦਾ ਹੈ ਕਿ ਇਕੱਲੀ ਡਰੱਗ ਦਾ ਮਸਲਾ ਹੀ ਨਹੀਂ ਜੋ ਵੀ ਪੁਰਾਣੇ ਤੇ ਥੋਥੇ ਹੋ ਚੁੱਕੇ 150 ਸਾਲ ਪੁਰਾਣੇ ਕਾਨੂੰਨ ਚਲੇ ਆ ਰਹੇ ਹਨ, ਸਮਾਜ ਦੇ ਬਦਲਣ ਮੁਤਾਬਕ ਉਹਨਾਂ ਵਿੱਚ ਵੀ ਸੋਧਾਂ ਹੋਣੀਆਂ ਬਹੁਤ ਜਰੂਰੀ ਹਨ। ਸਾਡੇ ਗਵਾਂਢੀ ਦੇਸ਼ ਅਮਰੀਕਾ ਨੇ 1971 ਵਿੱਚ ਇਸ ਨੂੰ ਲੀਗਲ ਕਰਨ ਦੀ ਬਜਾਇ ਡਰੱਗਜ਼ ਅੋਨ ਵਾਰ ਇੱਕ ਨੀਤੀ ਘੜੀ ਜਿਸ ਵਿੱਚ ਲੋਕਾਂ ਦੇ ਇਸ ਤੋਂ ਬਚਾਅ ਲਈ ਹਰ ਸਾਲ 50-51 ਬਿਲੀਅਨ ਡਾਲਰ ਦੇ ਲੱਗਭੱਗ ਹਰ ਸਾਲ ਖਰਚਾ ਕੀਤਾ ਜਾਂਦਾ ਹੈ ਪਰ ਉੱਥੇ ਸਭ ਤੋਂ ਵੱਧ ਜ਼ੁਲਮ ਤੇ ਡਰੱਗ ਵਿਕ ਰਹੀ ਹੈ। ਉੱਥੇ ਇਹ ਵੀ ਕਾਨੂੰਨ ਹੈ ਕਿ ਤਿੰਨ ਵਾਰ ਡਰੱਗ ਫੜ੍ਹਨ ਤੇ ਜੇਲ਼੍ਹ ਹੋਵੇਗੀ ਪਰ—– ਜਰਾਇਮ ਪੇਸ਼ਾ ਲੋਕ ਖੁੱਲੇਆਮ ਫਿਰ ਰਹੇ ਹਨ।
ਅੰਤ ਵਿੱਚ ਮਾਪੇ ਬੱਚੇ ਨਹੀਂ ਸਾਂਭਦੇ ਵਾਲੀ ਜਾਂ ਪੁਲੀਸ ਉਹਨਾਂ ਨੂੰ ਫੜਦੀ ਨਹੀਂ ਵਾਲੀ ਬਲੇਮ ਗੇਮ(ਦੂਸ਼ਨਬਾਜ਼ੀ) ਵਾਲੀ ਕਹਾਣੀ ਜੋ ਪੁਰਾਣੀ ਹੋ ਚੁੱਕੀ ਹੈ ਉਸ ਵਿੱਚੋਂ ਬਾਹਰ ਨਿਕਲੀਏ ਤੇ ਇਕੱਠੇ ਹੋ ਗੰਭੀਰਤਾ ਨਾਲ ਸੋਚੀਏ ਕਿ ਹੁਣ ਲੋਕ ਗੋਲ਼ੀ ਨਾਲ ਐਨੇ ਨਹੀਂ ਸਗੋਂ ਓਵਰਡੋਜ਼ ਨਾਲ ਵੱਧ ਮਾਤਰਾ ਵਿੱਚ ਮਰ ਰਹੇ ਹਨ, ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੌਣ, ਕਦੋਂ, ਕਿੱਥੇ, ਅਮੀਰ, ਗਰੀਬ, ਛੋਟਾ, ਵੱਡਾ, ਕੁੜੀ, ਮੁੰਡਾ ਕਿੱਥੇ, ਕਿਸ ਵੇਲੇ ਮਰਿਆ ਮਿਲ ਜਾਵੇਗਾ। ਇਸ ਲਈ ਸਾਨੂੰ ਸਰਕਾਰ ਤੇ ਜ਼ੋਰ ਪਾਉਣਾ ਚਾਹੀਦਾ ਕਿ ਜਿਹੜੇ ਵੀ ਆਰਥਿਕ, ਸਮਾਜਿਕ, ਰਾਜਨੀਤਕ ਤੇ ਸਭਿਆਚਾਰਕ ਕਾਰਣ ਹਨ ਉਨ੍ਹਾਂ ਤੇ ਵੀ ਗੌਰ ਕੀਤੀ ਜਾਵੇ ਅਤੇ ਆਉਣ ਵਾਲੇ ਸਾਡੇ ਬੱਚੇ ਸਾਡਾ ਭਵਿੱਖ ਨੂੰ ਬਚਾਉਣ ਲਈ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਯੋਗ ਕਦਮ ਉਠਾਏ ਜਾਣ ਨਹੀਂ ਤਾਂ ਨਤੀਜੇ ਸਾਡੇ ਸਾਹਮਣੇ ਹਨ। ਆਓ ਸਾਰੇ ਇਕੱਠੇ ਹੋ ਕੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ, ਆਪਣੇ ਲਾਭ ਲਈ ਵਰਤਣ ਵਾਲੇ ਕੁੱਝ ਮੁੱਠੀ ਭਰ ਲੋਕਾਂ ਦੀ ਬੇਗੈਰਤੀ ਨੂੰ ਲਲਕਾਰੀਏ ਤੇ ਇਸਦਾ ਕਾਨੂੰਨੀਕਰਣ ਕਰਨ ਲਈ ਬਲੇਮ ਗੇਮ ਵਿੱਚੋਂ ਬਾਹਰ ਨਿਕਲ ਕੇ ਕੁੱਝ ਚੰਗਾ ਸੋਚੀਏੇ, ਕਰੀਏ ਤੇ ਅਸਲੀ ਦੁਸ਼ਮਣ ਨੂੰ ਪਛਾਣੀਏ ਅਤੇ ਇਸ ਸਮਾਜ ਲਈ ਆਪਣੇ ਫਰਜ਼ਾਂ ਦੀ ਪੈਰ੍ਹਵੀ ਕਰੀਏ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.