ਸਟਾਫ ਰਿਪੋਰਟਰ, ਰੂਪਨਗਰ : ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ਅੱਗੇ ਇੰਪਲਾਈਜ਼ ਫੈੱਡਰੇਸ਼ਨ ਪੰ.ਰਾ.ਬਿ.ਬੋ. ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਵੱਲੋਂ ਵਰ੍ਹਦੇ ਮੀਂਹ ਵਿੱਚ ਭਰਵੀਂ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਹਰਮੇਸ਼ ਧੀਮਾਨ ਤੋਂ ਇਲਾਵਾ ਕੁਲਦੀਪ ਸਿੰਘ ਮਿਨਹਾਸ, ਬਲਵਿੰਦਰ ਸਿੰਘ, ਦਲਬੀਰ ਸਿੰਘ, ਰਾਜ ਕੁਮਾਰ ਕੋਹਲੀ, ਜਸਵੀਰ ਸਿੰਘ ਆਦਿ ਬੁਲਾਰਿਆਂ ਨੇ ਦੋਸ਼ ਲਾਇਆ ਕਿ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਪਿਛਲੇ 35 ਸਾਲਾਂ ਤੋਂ ਅੰਬੂਜਾ ਫੈਕਟਰੀ ਵੱਲੋਂ ਭਾਰੀ ਵਾਹਨਾਂ ਦੀ ਆਵਾਜਾਈ ਲਈ ਬਣਾਏ ਹੋਏ ਮਾਰਗ ਰਾਹੀਂ ਸੁਆਹ ਢੋਅ ਰਹੇ ਟਿੱਪਰਾਂ ਦਾ ਪਿਛਲੇ ਲਗਪਗ 6 ਮਹੀਨਿਆਂ ਤੋਂ ਰਸਤਾ ਬਦਲ ਕੇ ਥਰਮਲ ਪਲਾਂਟ ਤੇ ਭਾਖੜਾ ਨਹਿਰ ਦੀ ਪਟੜੀ ਰਾਹੀਂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਸਤਾ ਭਾਰੀ ਵਾਹਨਾਂ ਦੀ ਆਵਾਜਾਈ ਦੇ ਯੋਗ ਨਾ ਹੋਣ ਕਾਰਨ ਟਿੱਪਰਾਂ ਨੇ ਿਲੰਕ ਸੜਕਾਂ ਦੀ ਅਜਿਹੀ ਦਸ਼ਾ ਬਣਾ ਦਿੱਤੀ ਹੈ ਕਿ ਸੜਕਾਂ ਨੂੰ ਪਛਾਣਨਾ ਅੌਖਾ ਹੋ ਚੁੱਕਾ ਹੈ ਕਿ ਇਹ ਸੜਕ ਹੈ ਜਾਂ ਕੱਚਾ ਰਸਤਾ ਹੈ। ਉਨ੍ਹਾਂ ਕਿਹਾ ਕਿ ਟਿੱਪਰਾਂ ਦੀ ਆਵਾਜਾਈ ਕਾਰਨ ਥਰਮਲ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਨੇੜਲੇ ਲਗਪਗ ਅੱਧੀ ਦਰਜਨ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਦੀਆਂ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ, ਥਰਮਲ ਪ੍ਰਸ਼ਾਸਨ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀਆਂ ਨਾਲ ਇਸ ਮਸਲੇ ਸਬੰਧੀ ਬਹੁਤ ਮੁਲਾਕਾਤਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਲਿਖਤੀ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਟਿੱਪਰਾਂ ਦੀ ਆਵਾਜਾਈ ਬਦਸਤੁਰ ਜਾਰੀ ਹੈ, ਜਿਸ ਕਰ ਕੇ ਥਰਮਲ ਮੁਲਾਜ਼ਮਾਂ ਅਤੇ ਕੰਟਰੈਕਟਰ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 24 ਸਤੰਬਰ ਤਕ ਥਰਮਲ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਟਿੱਪਰਾਂ ਦੀ ਆਵਾਜਾਈ ਪਹਿਲਾਂ ਵਾਲੇ ਰੂਟ ‘ਤੇ ਬਹਾਲ ਨਾ ਕੀਤੀ ਤਾਂ ਉਹ ਪੱਕਾ ਧਰਨਾ ਲਾ ਕੇ ਟਿੱਪਰਾਂ ਦੀ ਆਵਾਜਾਈ ਠੱਪ ਕਰ ਦੇਣਗੇ।