ਸਾਡੀ ਤੰਗਦਿਲੀ ਹੋਰਾਂ ਨੂੰ ਸਾਡਾ ਵਿਰੋਧੀ ਬਣਾਉਂਦੀ ਹੈ। ਤੰਗਦਿਲੀ ਸਾਡੀ ਮਾਨਸਿਕ ਅਵਸਥਾ ਨੂੰ ਵੀ ਪ੍ਰਭਾਵਿਤ ਕਰਦੀ ਹੈ। ਮਾੜੀ ਮਾਨਸਿਕ ਅਵਸਥਾ ਸਰੀਰਕ ਰੋਗਾਂ ਦਾ ਕਾਰਨ ਬਣਦੀ ਹੈ। ਤੰਗਦਿਲੀ ਤੋਂ ਮੁਕਤ ਹੋ ਕੇ ਹੀ ਅਸੀਂ ਤਰੱਕੀ ਕਰ ਸਕਦੇ ਹਾਂ। ਹਰ ਵੇਲੇ ਨਫ਼ੇ-ਨੁਕਸਾਨ ਬਾਰੇ ਸੋਚਣਾ ਜੀਵਨ ’ਚ ਨਿਰਾਸ਼ਾ ਪੈਦਾ ਕਰਦਾ ਹੈ।
ਨਿਰਾਸ਼ ਵਿਅਕਤੀ ਪਰਿਵਾਰ ਅਤੇ ਸਮਾਜ, ਦੋਹਾਂ ਲਈ ਚੰਗਾ ਨਹੀਂ ਹੁੰਦਾ। ਸਾਡੇ ਮਨ ਦੀ ਦਸ਼ਾ ਨਫ਼ੇ ਨੂੰ ਝੱਟ ਸਵੀਕਾਰ ਕਰਦੀ ਹੈ ਅਤੇ ਨੁਕਸਾਨ ਨੂੰ ਹਮੇਸ਼ਾ ਨਕਾਰਦੀ ਹੈ। ਅੱਜ ਦੇ ਮਨੁੱਖ ਦੀ ਇਹ ਸਭ ਤੋਂ ਵੱਡੀ ਤ੍ਰਾਸਦੀ ਬਣ ਚੁੱਕੀ ਹੈ ਕਿ ਮਨ-ਮਾਫ਼ਕ ਜਦ ਨਹੀਂ ਹੁੰਦਾ ਤਾਂ ਕਰੋਧ ਉਤਪੰਨ ਹੁੰਦਾ ਹੈ ਤੇ ਇਹੀ ਕਰੋਧ ਉਸ ਲਈ ਸਭ ਤੋਂ ਵੱਧ ਨੁਕਸਾਨਦਾਇਕ ਹੁੰਦਾ ਹੈ। ਸਾਡੀ ਤੰਗਦਿਲੀ ਹੀ ਸਾਡੇ ਵਿਕਾਸ ’ਚ ਅੜਿੱਕਾ ਬਣ ਜਾਂਦੀ ਹੈ। ਮਾਨਸਕਿ ਤੌਰ ’ਤੇ ਸੰਤੁਲਿਤ ਹੋਣਾ ਬਹੁਤ ਜ਼ਰੂਰੀ ਹੈ ਕਿੳਂੁਕਿ ਮਾਨਸਿਕ ਪੱਖੋਂ ਨਕਾਰਾਪਣ ਜੀਵਨ ਦੀ ਸੁਮੱਚੀ ਸ਼ਕਤੀ ਨੂੰ ਉਤਸ਼ਾਹਹੀਣ ਬਣਾ ਦਿੰਦਾ ਹੈ।
ਵੈਸੇ ਜੇ ਦੇਖਿਆ ਜਾਵੇ ਤਾਂ ਉਤਸ਼ਾਹਤ ਵਿਅਕਤੀ ਲਈ ਕੁਝ ਵੀ ਮੁਸ਼ਕਲ ਤੇ ਅਸੰਭਵ ਨਹੀਂ ਹੰੁਦਾ। ਮਨੁੱਖ ਹਰੇਕ ਕੰਮ ਵਿਚ ਆਪਣੇ ਫ਼ਾਇਦੇ ਬਾਰੇ ਹੀ ਸੋਚਦਾ ਹੈ। ਜਿਸ ਕੰਮ ਵਿਚ ਫ਼ਾਇਦਾ ਨਹੀਂ ਹੁੰਦਾ, ਉਹ ਉਸ ਨੂੰ ਕਰਨ ਲਈ ਰਾਜ਼ੀ ਨਹੀਂ ਹੁੰਦਾ। ਜੇ ਮਜਬੂਰਨ ਕਰਨਾ ਵੀ ਪੈ ਜਾਵੇ ਤਾਂ ਮਨ ਮਾਰ ਕੇ ਹੀ ਕੀਤਾ ਜਾਂਦਾ ਹੈ। ਕਈ ਵਾਰ ਅਜਿਹੇ ਲੋਕ ਜੋ ਹਰ ਕੰਮ ਵਿਚ ਆਪਣਾ ਹੀ ਭਲਾ ਸੋਚਦੇ ਹਨ, ਫ਼ਾਇਦੇ ਦੀ ਥਾਂ ਆਪਣਾ ਹੀ ਨੁਕਸਾਨ ਕਰਵਾ ਲੈਂਦੇ ਹਨ। ਇਹ ਹਕੀਕਤ ਸਮਝਣ ਦੀ ਲੋੜ ਹੈ ਕਿ ਨਫ਼ਾ-ਨੁਕਸਾਨ ਜ਼ਿੰਦਗੀ ਦਾ ਹੀ ਹਿੱਸਾ ਹਨ।
ਬਸ, ਆਪਣੇ ਕੰਮ ਨੂੰ ਸੱਚੀ ਨੀਅਤ ਨਾਲ ਕਰਦੇ ਰਹੋ। ਨਤੀਜੇ ਵੀ ਚੰਗੇ ਹੀ ਨਿਕਲਣਗੇ। ਛੋਟੀਆਂ-ਮੋਟੀਆਂ ਗੱਲਾਂ ’ਤੇ ਪਛਤਾਵਾ ਕਰਨਾ, ਬਿਨਾਂ ਕਿਸੇ ਕਾਰਨ ਈਰਖਾ ਕਰਨੀ, ਬਿਨਾਂ ਗੱਲੋਂ ਹਰ ਕਿਸੇ ਦੀਆਂ ਲੱਤਾਂ ਖਿੱਚੀ ਜਾਣ ਵਾਲਾ ਵਰਤਾਰਾ ਜੀਵਨ ’ਚ ਨਿਰਾਸ਼ਾ ਤੇ ਤਨਾਅ ਪੈਦਾ ਕਰਦਾ ਹੈ। ਹੋਰਾਂ ਦੀ ਖ਼ੁਸ਼ੀ ਵਿਚ ਖ਼ੁਸ਼ੀ ਮਨਾਓ। ਜੀਵਨ ’ਚ ਆਪਣੀ ਸੋਚ ਨੂੰ ਹਾਂ-ਪੱਖੀ ਰੱਖੋ, ਸੰਜਮ ਵਰਤੋ ਤੇ ਹਮੇਸ਼ਾ ਆਪਣੇ ’ਤੇ ਭਰੋਸਾ ਕਰ ਕੇ ਕੰਮ ’ਚ ਜੁਟੇ ਰਹੋ।
ਸਫਲਤਾ ਜ਼ਰੂਰ ਮਿਲੇਗੀ। ਦੇਖਿਆ ਜਾਵੇ ਤਾਂ ਅਸਫਲਤਾ ਤੇ ਨਿਰਾਸ਼ਾ ਨਾਲ ਹਰ ਕਿਸੇ ਦਾ ਵਾਹ-ਵਾਸਤਾ ਪੈਂਦਾ ਹੈ। ਜੋ ਸਬਰ ਦਾ ਪੱਲਾ ਫੜ ਕੇ ਰੱਖਦੇ ਹਨ, ਉਹ ਰਸਤੇ ਤੋਂ ਕਦੇ ਵੀ ਭਟਕਦੇ ਨਹੀਂ। ਭਵਿੱਖ ਦੀ ਬਹੁਤੀ ਚਿੰਤਾ ਤੇ ਭੂਤਕਾਲ ਦਾ ਹਰ ਵੇਲੇ ਪਛਤਾਵਾ ਕਰਦੇ ਰਹਿਣ ਵਾਲੇ ਅਕਸਰ ਨਿਰਾਸ਼ਾ ’ਚ ਘਿਰੇ ਨਜ਼ਰ ਆਉਂਦੇ ਹਨ। ਫ਼ਜ਼ੂਲ ਦੀ ਸੋਚ-ਵਿਚਾਰ, ਸਾਰਾ ਦਿਨ ਨਫ਼ੇ-ਨੁਕਸਾਨ ਬਾਰੇ ਸੋਚਣਾ ਸਾਡੇ ਉਤਸ਼ਾਹ ਨੂੰ ਮੱਠਾ ਕਰ ਦਿੰਦੇ ਹਨ।
ਜੀਵਨ ਨੂੰ ਜੇ ਅਸੀਂ ਆਸ਼ਾਵਾਦੀ ਬਣ ਕੇ ਗੁਜ਼ਾਰਾਂਗੇ ਤਾਂ ਹੀ ਅਸੀਂ ਆਪਣੇ ਅੰਦਰ ਭਰਪੂਰ ਊਰਜਾ ਪੈਦਾ ਕਰਦੇ ਹੋਏ ਅੱਗੇ ਵਧ ਸਕਦੇ ਹਾਂ। ਆਪਣੇ ਫ਼ਰਜ਼ਾਂ ਪ੍ਰਤੀ ਨੇਮਬੱਧ ਰਹਿਣਾ ਵੀ ਸਾਡੀ ਸਫਲਤਾ ਦਾ ਜ਼ਰੀਆ ਬਣ ਜਾਂਦਾ ਹੈ।
-ਲਖਵੀਰ ਸਿੰਘ ਉਦੇਕਰਨ।
ਮੋਬਾਈਲ : 98556-00701



