ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਸ਼ਨਿੱਚਰਵਾਰ ਮਾਛੀਵਾੜਾ ਸਾਹਿਬ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਦਾ ਇਕ ਜਥਾ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ।

ਇਸ ਯਾਤਰਾ ਨੂੰ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਤੇ ਦੱਸਿਆ ਸ਼ਨਿੱਚਰਵਾਰ ਮਾਛੀਵਾੜਾ ਸਾਹਿਬ ਤੋਂ ਕਰੀਬ 43 ਯਾਤਰੀ ਰਾਜਸਥਾਨ ਵਿਖੇ ਸਥਿਤ ਭਗਵਾਨ ਸ਼੍ਰੀ ਖਾਟੂ ਸ਼ਿਆਮ ਜੀ ਤੇ ਬਾਲਾ ਜੀ ਦੇ ਮੰਦਰਾਂ ਵਿਖੇ ਦਰਸ਼ਨਾਂ ਲਈ ਰਵਾਨਾ ਹੋਏ। ਉਨ੍ਹਾਂ ਕਿਹਾ ਸੂਬੇ ਦੇ ਜੋ ਲੋਕ ਧਾਰਮਿਕ ਯਾਤਰਾ ‘ਤੇ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਪੰਜਾਬ ਸਰਕਾਰ ਨੇ ਇਹ ਮੁਫ਼ਤ ਯਾਤਰਾ ਸ਼ੁਰੂ ਕੀਤੀ ਹੈ ਜਿਸ ‘ਚ ਬੱਸ ‘ਤੇ ਆਉਣ-ਜਾਣ ਤੋਂ ਇਲਾਵਾ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ‘ਚ ਮਾਛੀਵਾੜਾ ਸਾਹਿਬ ਤੋਂ ਪੰਜਾਬ ਤੇ ਬਾਹਰਲੇ ਸੂਬਿਆਂ ‘ਚ ਜੋ ਇਤਿਹਾਸਕ ਧਾਰਮਿਕ ਅਸਥਾਨ ਹਨ ਉਨ੍ਹਾਂ ਦੇ ਦਰਸ਼ਨਾਂ ਲਈ ਵੀ ਯੋਜਨਾ ਤਹਿਤ ਸ਼ਰਧਾਲੂ ਮੁਫ਼ਤ ਯਾਤਰਾ ਕਰ ਸਕਣਗੇ।

ਵਿਧਾਇਕ ਨੇ ਦੱਸਿਆ ਇਸ ਤੋਂ ਇਲਾਵਾ ਮਾਤਾ ਵੈਸ਼ਨੂੰ ਦੇਵੀ, ਜਵਾਲਾ ਜੀ, ਮਾਤਾ ਨੈਣਾ ਦੇਵੀ ਤੇ ਹੋਰ ਜੋ ਇਤਿਹਾਸਕ ਮੰਦਰ ਹਨ ਉਨ੍ਹਾਂ ਦੀ ਯਾਤਰਾ ਲਈ ਵੀ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ, ਜਗਮੀਤ ਸਿੰਘ ਮੱਕੜ, ਪ੍ਰਵੀਨ ਮੱਕੜ, ਨੀਰਜ ਸਿਹਾਲਾ ਵੀ ਮੌਜੂਦ ਸਨ।