ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : 15 ਦਸੰਬਰ ਨੂੰ ਦੁਬਈ ਵਿਚ ਕਰਵਾਏ ਜਾ ਰਹੇ ਪੰਜਾਬ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਕੱਤਰ, ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਤੇ ਸਾਹਿਤਕ ਸੰਸਥਾ ਸਿਰਜਣਧਾਰਾ ਦੀ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਸੀਨੀਅਰ ਉਪ ਪ੍ਰਧਾਨ ਪ੍ਰਸਿੱਧ ਸ਼ਾਇਰਾ ਡਾ. ਗੁਰਚਰਨ ਕੌਰ ਕੋਚਰ ਨੂੰ ਉਨ੍ਹਾਂ ਵੱਲੋਂ ਲਿਖੇ ਗਏ ਗੀਤ ਚਾਨਣ ਭਰ ਦਿਆਂਗੇ ਸਦਕਾ ‘ਪਿਫ਼ ਸਟਾਰ ਐਵਾਰਡ -2023’ (ਅੰਤਰਰਾਸ਼ਟਰੀ ਅਚੀਵਰ) ਤਹਿਤ ‘ਬੈਸਟ ਪੋਇਟ ਐਂਡ ਰਾਈਟਰ ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਡਾ. ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਐਵਾਰਡ ਸ਼ੁੱਧ ਮਹਾਂਦੇਵ ਫਿਲਮ ਪ੍ਰਾਈਵੇਟ ਲਿਮਟਿਡ, ਆਰ. ਰਾਜਾ ਤੇ ਵੀਟੂਵੀ ਸਿਨੇਮਾ ਲੁਧਿਆਣਾ ਵੱਲੋਂ ਦਿੱਤਾ ਜਾ ਰਿਹਾ ਹੈ। ਇਹ ਗੀਤ ਵਹਿਮ-ਭਰਮ ਛੱਡਦੇ ਹੋਏ ਅੰਗ ਦਾਨ ਕਰਨ ਅਤੇ ਖ਼ਾਸਕਰ ਅੱਖਾਂ ਦਾਨ ਕਰਨ ਲਈ ਸਮਾਜ ਨੂੰ ਸੁਨੇਹਾ ਦਿੰਦਾ ਹੈ। ਇਸ ਗੀਤ ਨੂੰ ਗਾਇਕ ਜੋੜੀ ਗੁਰਵਿੰਦਰ ਸਿੰਘ ਸ਼ੇਰਗਿੱਲ ਤੇ ਸਿਮਰਨ ਸਿੰਮੀ ਨੇ ਗਾਇਆ ਹੈ। ਅੱਖਾਂ ਦੇ ਮਾਹਿਰ ਸਟੇਟ ਐਵਾਰਡੀ ਡਾ. ਰਮੇਸ਼ ਦੇ ਨਿਰਦੇਸ਼ਨ ਹੇਠ ਇਹ ਗੀਤ ਬਾਖ਼ੂਬੀ ਫ਼ਿਲਮਾਇਆ ਗਿਆ ਹੈ।

—————–

-15 ਪੁਸਤਕਾਂ ਮਾਂ ਬੋਲੀ ਦੀ ਝੋਲੀ ’ਚ ਪਾ ਚੁੱਕੇ ਹਨ ਡਾ. ਕੋਚਰ

ਡਾ. ਗੁਰਚਰਨ ਕੌਰ ਕੋਚਰ 15 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾ ਚੁੱਕੇ ਹਨ। ਅੱਠ ਦਰਜਨ ਤੋਂ ਵੱਧ ਸਾਂਝੇ ਕਾਵਿ ਸੰਗ੍ਰਹਿਆਂ ਵਿਚ ਉਨ੍ਹਾਂ ਦੀਆਂ ਰਚਨਾਵਾਂ ਛਪ ਚੁੱਕੀਆਂ ਹਨ। ਉਨ੍ਹਾਂ ਨੇ ਛੇ ਦਰਜਨ ਕਿਤਾਬਾਂ ਦੇ ਮੁੱਖ ਬੰਧ ਲਿਖੇ ਹਨ। ਕਿਤਾਬਾਂ ਦੇ ਰਿਵਿਊ ਕਰਨ ਦੇ ਨਾਲ-ਨਾਲ 45 ਖੋਜ ਪੱਤਰ ਲਿਖੇ ਹਨ। ਪੰਜਾਬੀ ਸਾਹਿਤ ਵਿਚ ਖ਼ਾਸਕਰ ਗ਼ਜ਼ਲਕਾਰਾਂ ਵਿਚ ਉਨ੍ਹਾਂ ਦੀ ਵਿਲੱਖਣ ਪਹਿਚਾਣ ਹੈ। ਉਹ ਦੂਰਦਰਸ਼ਨ ਜਲੰਧਰ ਅਤੇ ਆਲ ਇੰਡੀਆ ਰੇਡੀਓ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਬਤੌਰ ਵਿਸ਼ਾ ਮਾਹਿਰ ਭਾਗ ਲੈਂਦੇ ਰਹਿੰਦੇ ਹਨ।