ਸਟੇਟ ਬਿਊਰੋ, ਭੋਪਾਲ : ਹਿੱਟ ਐਂਡ ਰਨ ਮਾਮਲੇ ਦੀਆਂ ਨਵੀਆਂ ਤਜਵੀਜ਼ਾਂ ਦੇ ਵਿਰੋਧ ’ਚ ਹੜਤਾਲ ਕਰ ਰਹੇ ਡਰਾਈਵਰਾਂ ਨੂੰ ਸਮਝਾਉਣ ਦੌਰਾਨ ਇਕ ਡਰਾਈਵਰ ਤੋਂ ਉਸ ਦੀ ਔਕਾਤ ਪੁੱਛਣ ਵਾਲੇ ਸਾਜਾਪੁਰ ਦੇ ਕੁਲੈਕਟਰ ਕਿਸ਼ੋਰ ਕਨਿਆਲ ਨੂੰ ਹਟਾ ਦਿੱਤਾ ਗਿਆ ਹੈ। ਪੂਰੇ ਮਾਮਲੇ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਗੰਭੀਰਤਾ ਨਾਲ ਲਿਆ ਤੇ ਕੁਲੈਕਟਰ ਨੂੰ ਹਟਾਉਣ ਦੇ ਹੁਕਮ ਦਿੱਤੇ। ਮੰਗਲਵਾਰ ਨੂੰ ਵੱਖ-ਵੱਖ ਜ਼ਿਲ੍ਹਿਆਂ ’ਚ ਕੁਲੈਕਟਰਾਂ ਨੇ ਹੜਤਾਲ ਨੂੰ ਲੈ ਕੇ ਬੱਸ, ਟਰੱਕ ਸਮੇਤ ਹੋਰ ਵਾਹਨਾਂ ਦੇ ਡਰਾਈਵਰਾਂ ਨਾਲ ਜੁੜੀਆਂ ਜਥੇਬੰਦੀਆਂ ਨਾਲ ਬੈਠਕ ਕੀਤੀ ਸੀ। ਸਾਜਾਪੁਰ ’ਚ ਤਤਕਾਲੀ ਕੁਲੈਕਟਰ ਕਿਸ਼ੋਰ ਕਨਿਆਲ ਨੇ ਚਰਚਾ ਦੌਰਾਨ ਆਪਾ ਗੁਆ ਦਿੱਤਾ। ਡਰਾਈਵਰ ਪੱਪੂ ਅਹਿਰਵਾਰ ਨੇ ਕਿਹਾ ਕਿ ਸਾਡੀ ਹੜਤਾਲ ਤਿੰਨ ਦਿਨ ਤੱਕ ਹੈ। ਇਸ ਤੋਂ ਬਾਅਦ ਅਸੀਂ ਕੁਝ ਵੀ ਕਰਾਂਗੇ। ਇਹ ਗੱਲ ਕੁਲੈਕਟਰ ਨੂੰ ਨਾਗਵਾਰ ਗੁਜ਼ਰੀ ਤੇ ਉਹ ਤੇਜ਼ ਆਵਾਜ਼ ’ਚ ਡਰਾਈਵਰ ਨੂੰ ਬੋਲੇ ਕਿ ਕੀ ਕਰੋਗੇ, ਤੁਹਾਡੀ ਔਕਾਤ ਕੀ ਹੈ। ਇਸ ’ਤੇ ਡਰਾਈਵਰ ਨੇ ਕਿਹਾ ਕਿ ਸਾਡੀ ਇਹੋ ਤਾਂ ਲੜਾਈ ਹੈ ਕਿ ਸਾਡੀ ਕੋਈ ਔਕਾਤ ਨਹੀਂ ਹੈ। ਕੁਲੈਕਟਰ ਦੀ ਨਾਰਾਜ਼ਗੀ ਤੋਂ ਬਾਅਦ ਡਰਾਈਵਰ ਨੇ ਮਾਫ਼ੀ ਮੰਗ ਲਈ ਸੀ। ਘਟਨਾ ਦੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਬਹੁਤ ਵਾਇਰਲ ਹੋ ਗਈ। ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਕਿਹਾ ਕਿ ਇਹ ਸਰਕਾਰ ਗ਼ਰੀਬਾਂ ਦੀ ਹੈ। ਸਭ ਦੀ ਕੰਮ ਤੇ ਭਾਵਨਾ ਦਾ ਸਨਮਾਨ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਅਸੀਂ ਗ਼ਰੀਬਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ। ਕੁਲੈਕਟਰ ਵੱਲੋਂ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ, ਉਸ ਦੀ ਨਿਖੇਧੀ ਕਰਦਾ ਹਾਂ। ਅਧਿਕਾਰੀਆਂ ਦੀ ਗ਼ਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਮਜ਼ਦੂਰ ਪਰਿਵਾਰ ਦਾ ਬੇਟਾ ਹਾਂ। ਉਨ੍ਹਾਂ ਕਿਹਾ ਕਿ ਭਾਸ਼ਾ ਤੇ ਵਤੀਰੇ ਦਾ ਧਿਆਨ ਰੱਖੋ। ਨਰਸਿੰਘਪੁਰ ਦੇ ਕੁਲੈਕਟਰ ਰਿਜੂ ਬਾਫਨਾ ਨੂੰ ਸਾਜਾਪੁਰ ਦਾ ਕੁਲੈਕਟਰ ਬਣਾਇਆ ਗਿਆ ਹੈ।