ਸਟਾਫ ਰਿਪੋਰਟਰ, ਖੰਨਾ : ਸਰਕਾਰੀ ਆਈਟੀਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ‘ਚ ਲਏ ਫੈਸਲੇ ਅਨੁਸਾਰ ਪੂਰੇ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ‘ਚ ਗੇਟ ਰੈਲੀਆਂ ਤੋਂ ਸ਼ੁਰੂ ਕਰਕੇ ਪੂਰੇ ਪੰਜਾਬ ‘ਚ ਧਰਨੇ ਦਿੱਤੇ ਜਾਣਗੇ।

ਜਥੇਬੰਦੀ ਦੇ ਆਗੂ ਕਰਮਦੀਪ ਸਿੰਘ ਨੇ ਦੱਸਿਆ ਉਨ੍ਹਾਂ ਵੱਲੋਂ ਤਕਨੀਕੀ ਸਿੱਖਿਆ ਵਿਭਾਗ ਅਧੀਨ ਚੱਲ ਰਹੀਆਂ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ‘ਚ 13-14 ਸਾਲਾਂ ਤੋਂ ਠੇਕੇ ਉਪਰ 15 ਹਜ਼ਾਰ ਰੁਪਏ ਉਪਰ ਬਿਨਾਂ ਕਿਸੇ ਸਰਕਾਰੀ ਸਹੂਲਤਾਂ ‘ਤੇ ਨੌਕਰੀ ਕਰ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਿਆਉਣ ਲਈ ਆਪਣੀਆਂ ਵੋਟਾਂ ਪਾ ਕੇ ਆਪਣਾ ਅਹਿਮ ਯੋਗਦਾਨ ਪਾਇਆ ਸੀ ਪਰ ਪਿਛਲੇ ਡੇਢ ਸਾਲ ਤੋਂ ਮੁੱਖ ਮੰਤਰੀ ਜਾਂ ਵਿਭਾਗ ਨੇ ਕੋਈ ਵੀ ਗੱਲ ਨਹੀਂ ਸੁਣੀ। ਇਸ ਸਬੰਧੀ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜੇ ਪੰਜਾਬ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ 29 ਸਤੰਬਰ ਤੋਂ ਸੰਸਥਾਵਾਂ ‘ਚ ਗੇਟ ਰੈਲੀਆਂ ਤੋਂ ਸ਼ੁਰੂ ਕਰਕੇ ਇਹ ਸੰਘਰਸ਼ ਨੂੰ ਦਿਨੋਂ ਦਿਨ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਤਹਿਤ ਜ਼ਿਲ੍ਹਾ ਪੱਧਰ ‘ਤੇ ਡੀਸੀ ਨੂੰ ਮੰਗ ਪੱਤਰ ਦੇਣੇ, ਮੰਤਰੀ ਤਕਨੀਕੀ ਸਿੱਖਿਆ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਧਰਨਾ ਵੀ ਦਿੱਤਾ ਜਾਵੇਗਾ ਤੇ ਲੋੜ ਪੈਣ ‘ਤੇ ਮੁੱਖ ਮੰਤਰੀ ਪੰਜਾਬ ਦੇ ਹਲਕੇ ‘ਚ ਪੱਕਾ ਧਰਨਾ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ।