ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਸ਼ੁੱਕਰਵਾਰ ਨੂੰ ਦੇਰ ਸ਼ਾਮ ਇਥੋਂ ਨਜ਼ਦੀਕ ਪੈਂਦੇ ਪਿੰਡ ਦਰਗਾਬਾਦ ਦੇ ਖੇਤ ਮਜ਼ਦੂਰ ਵਿਕਾ ਮਸੀਹ (31) ਦੀ ਝੋਨੇ ਨੂੰ ਪਾਣੀ ਲਗਾਉਂਦੇ ਸਮੇਂ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੁਰਿੰਦਰ ਪਾਲ ਲੱਕੀ ਤੇ ਬੀਰ ਮਸੀਹ ਵਾਸੀ ਦਰਗਾਬਾਦ ਨੇ ਦੱਸਿਆ ਕਿ ਵਿਕਾ ਮਸੀਹ ਵੱਲੋਂ ਪਿੰਡ ਦੌਲੋਵਾਲ ਦੇ ਕਿਸਾਨ ਦੀਦਾਰ ਸਿੰਘ ਦਾ ਝੋਨਾ ਹਿੱਸੇ ਤੇ ਲਗਾਇਆ ਹੋਇਆ ਸੀ ਅਤੇ ਸਾਮ ਵੇਲੇ ਵਿਕਾ ਝੋਨੇ ਦੇ ਖੇਤਾਂ ਨੂੰ ਪਾਣੀ ਲਗਾਉਣ ਵਾਸਤੇ ਘਰੋਂ ਗਿਆ ਹੋਇਆ ਸੀ ਕਿ ਜਦੋਂ ਉਹ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਕਿ ਜ਼ਹਿਰੀਲੇ ਸੱਪ ਨੇ ਉਸ ਦੇ ਪੈਰ ‘ਤੇ ਡੰਗ ਮਾਰ ਦਿੱਤਾ । ਜਿਸ ਨੂੰ ਤੁਰੰਤ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਵੀ ਲਿਜਾਇਆ ਗਿਆ ਪਰ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਇਸ ਸਬੰਧੀ ਸਿਹਤ ਵਿਭਾਗ ਦੇ ਡਾਕਟਰ ਵੱਲੋਂ ਵਿਕਾ ਮਸੀਹ ਦਾ ਪੋਸਟਮਾਰਟਮ ਕਾਰਨ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ । ਇਸ ਮੌਕੇ ਮ੍ਰਿਤਕ ਦੇ ਪਿਤਾ ਬੀਰ ਮਸੀਹ ਨੇ ਦੱਸਿਆ ਕਿ ਉਸ ਦਾ ਪੁੱਤਰ ਖੇਤਾਂ ਵਿੱਚ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿਚ ਯੋਗਦਾਨ ਪਾ ਰਿਹਾ ਸੀ। ਇਸ ਤੋਂ ਇਲਾਵਾ ਸੱਪ ਦੇ ਕੱਟਣ ‘ਤੇ ਹਰਜਿੰਦਰ ਸਿੰਘ ਸ਼ਿਕਾਰ ਮਾਛੀਆਂ ਅਤੇ ਮਨਜੀਤ ਸਿੰਘ ਸਮਰਾਏ ਨੂੰ ਵੀ ਇਲਾਜ ਲਈ ਕਲਾਨੌਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਐਂਟੀ ਸਨੈਕ ਵੈਕਸੀਨ ਦਾ ਪ੍ਰਯੋਗ ਕਰ ਕੇ ਸੱਪ ਦੀ ਜ਼ਹਿਰ ਨੂੰ ਬੇਅਸਰ ਕੀਤਾ ਗਿਆ।