ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੇ ਜਗਰਾਓਂ ਤੇ ਸਿੱਧਵਾਂ ਬੇਟ ਬਲਾਕ ਦੀ ਸਾਂਝੀ ਇਕੱਤਰਤਾ ਹੋਈ। ਪ੍ਰਧਾਨ ਸੁਰਿੰਦਰਪਾਲ ਸਿੰਘ ਿਢੱਲੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਜਥੇਬੰਦੀ ਦੀਆਂ ਮੰਗਾਂ ਤੇ ਵਿਚਾਰ ਚਰਚਾ ਹੋਈ। ਇਸ ਮੀਟਿੰਗ ‘ਚ ਪੁੱਜੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਸਿੱਧਵਾਂ ਨੇ ਕਿਹਾ ਕਿ ਸਰਕਾਰ ਧੱਕੇ ਨਾਲ ਪੰਚਾਇਤਾਂ ਨੂੰ ਵਾਟਰ ਸਪਲਾਈ ਅਧੀਨ ਕਰਕੇ ਪੰਚਾਇਤੀਕਰਨ ਕਰਨ ‘ਤੇ ਤੁਲੀ ਹੋਈ ਹੈ, ਜਦਕਿ ਪਿੰਡਾਂ ‘ਚ ਧੜੇਬੰਦੀ ਕਾਰਨ ਵਾਟਰ ਸਪਲਾਈ ਦੇ ਕੰਮ ‘ਚ ਵਿਘਨ ਪਵੇਗਾ ਜਿਸ ਦਾ ਖਮਿਆਜਾ ਜਨਤਾ ਨੂੰ ਭੁਗਤਣਾ ਪਵੇਗਾ, ਕਿਉਂਕਿ ਧੜੇਬੰਦੀ ਦੇ ਵਿਵਾਦ ‘ਚ ਪਾਣੀ ਸਪਲਾਈ ਦਾ ਕੰਮ ਠੱਪ ਹੋ ਜਾਵੇਗਾ ਤੇ ਲੋਕਾਂ ਨੂੰ ਪਾਣੀ ਨਹੀਂ ਮਿਲੇਗਾ।

ਉਨ੍ਹਾਂ ਮੌਜੂਦਾ ਸਰਕਾਰ ਨੂੰ ਵੋਟਾਂ ਵੇਲੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਇਸ ਨੂੰ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਸਰਕਾਰ ਜਿਥੇ ਮੁਲਾਜ਼ਮਾਂ ਦੀ ਡੀਏ ਕਿਸ਼ਤ ਜਾਰੀ ਕਰੇ, ਉਥੇ ਪਿਛਲਾ ਤਨਖਾਹ ਸਕੇਲ ਦਾ 2016 ਤੋਂ ਬਣਦਾ ਬਕਾਇਆ ਵੀ ਅਦਾ ਕਰੇ। ਇਸ ਮੌਕੇ ਕੁਲਵਿੰਦਰ ਸਿੰਘ, ਜਗਮੇਲ ਸਿੰਘ ਸਿੱਧਵਾਂ, ਸੁਖਵਿੰਦਰ ਸਿੰਘ, ਸਕੱਤਰ ਸਿੰਘ ਡਾਂਗੀਆਂ, ਜਰਨੈਲ ਸਿੰਘ ਆਦਿ ਹਾਜ਼ਰ ਸਨ।