ਸੰਜੀਵ ਗੁਪਤਾ, ਕੁਲਵਿੰਦਰ ਵਿਰਦੀ, ਜਗਰਾਓਂ : ਜਗਰਾਓਂ ਦੇ ਬੀਡੀਪੀਓ ਨੂੰ ਸਿੱਧਵਾਂ ਬੇਟ ਵਿਖੇ ਇੱਕ ਸਰਪੰਚ ਤੋਂ ‘ਵੱਢੀ’ ਲੈਂਦਿਆਂ ਦੇ ਸਟਿੰਗ ਆਪੇ੍ਰਸ਼ਨ ’ਚ ਆਪ ਦੇ ਮੁੱਲਾਂਪੁਰ ਤੋਂ ਹਲਕਾ ਇੰਚਾਰਜ ਡਾ. ਕੇਐਨਐਸ ਕੰਗ ਅਤੇ ਉਨ੍ਹਾਂ ਦੀ ਟੀਮ ਨੇ ਜਾ ਘੇਰਿਆ। ਇਸ ਸਟਿੰਗ ਆਪੇ੍ਰਸ਼ਨ ਦਾ ਖੁਲਾਸਾ ਹੁੰਦਿਆਂ ਬੀਡੀਪੀਓ ਵੱਲੋਂ ਲਈ ‘ਵੱੱਢੀ’ ਦਫ਼ਤਰ ਵਿਚ ਹੀ ਜ਼ਮੀਨ ’ਤੇ ਸੁੱਟਦਿਆਂ ਪਹਿਲਾਂ ਤਾਂ ਖੂਬ ਦਾਬੇ ਮਾਰੇ ਪਰ ਜਦੋਂ ਮਾਮਲਾ ਪੁਲਿਸ ਕੋਲ ਪੁੱਜਾ ਤਾਂ ਬੀਡੀਪੀਓ ਮਾਫ਼ੀਆਂ ਮੰਗਦੇ ਨਜ਼ਰ ਆਏ। ਇਸ ਮਾਮਲੇ ਵਿਚ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਬੀਡੀਪੀਓ ਨੂੰ ਗ੍ਰਿਫਤਾਰ ਕਰ ਲਿਆ। ਇਹ ਸਾਰਾ ਸੀਨ ਕੈਮਰੇ ਦੀ ਕੈਦ ਹੋਇਆ ਅਤੇ ਦੇਰ ਸ਼ਾਮ ਵਾਇਰਲ ਵੀ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਸੈਮੀ ਦੇ ਸਰਪੰਚ ਸੁਖਵਿੰਦਰ ਸਿੰਘ ਕੋਲੋਂ ਪੰਚਾਇਤ ਦੇ 1 ਲੱਖ 60 ਹਜਾਰ ਰੁਪਏ ਦੀ ਗ੍ਰਾਂਟ ਉਨ੍ਹਾਂ ਦੇ ਖਾਤੇ ਵਿਚ ਟਰਾਂਸਫਰ ਕਰਨ ਬਦਲੇ 20 ਹਜਾਰ ਰੁਪਏ ਦੀ ਫੋਨ ਕਰ ਕੇ ਰਿਸ਼ਵਤ ਮੰਗ ਰਿਹਾ ਸੀ। ਵਾਰ-ਵਾਰ ਫੋਨ ਕਰਨ ’ਤੇ ਸਰਪੰਚ ਸੁਖਵਿੰਦਰ ਸਿੰਘ ਨੇ ਇਹ ਮੁੱਦਾ ਹਲਕਾ ਮੁੱਲਾਂਪੁਰ ਦਾਖਾ ਦੇ ਆਪ ਆਗੂ ਡਾ. ਕੇਐਨਐਸ ਕੰਗ ਕੋਲ ਚੁੱਕਿਆ ਜਿਨ੍ਹਾਂ ਨੇ ਬੀਡੀਪੀਓ ਨੂੰ ‘ਵੱਢੀ’ ਲੈਣ ਰੰਗੇ ਹੱਥੀਂ ਕਾਬੂ ਕਰਨ ਦਾ ਪੂਰੀ ਯੋਜਨਾ ਤਿਆਰ ਕੀਤੀ। ਜਿਸ ਵਿਚ ਸਰਪੰਚ ਵੱਲੋਂ ਬੀਡੀਪੀਓ ਨੂੰ ਰਿਸ਼ਵਤ ਦੇਣ ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਵਾਲੇ 500-500 ਰੁਪਏ ਦੇ ਨੋਟਾਂ ਦੀ ਫੋਟੋ ਸਟੈਟ ਕਰਵਾਈ ਗਈ ਅਤੇ ਸਰਪੰਚ ਨੇ ਬੀਡੀਪੀਓ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਰਪੰਚ ਨੂੰ ਸਿੱਧਵਾਂ ਬੇਟ ਬੀਡੀਪੀਓ ਦਫ਼ਤਰ ਵਿਖੇ ਸੱਦ ਲਿਆ, ਕਿਉਂਕਿ ਉਨ੍ਹਾਂ ਕੋਲ ਸਿੱਧਵਾਂ ਬੇਟ ਦੇ ਬੀਡੀਪੀਓ ਦਾ ਵੀ ਚਾਰਜ ਹੈ। ਸਰਪੰਚ ਤੈਅ ਸਮੇਂ ’ਤੇ ਬੀਡੀਪੀਓ ਬਲਜੀਤ ਸਿੰਘ ਬੱਗਾ ਕੋਲ ਜਾ ਪਹੁੰਚੇ। ਉਨ੍ਹਾਂ ਗੱਲਬਾਤ ਕਰਦਿਆਂ ਯੋਜਨਾ ਅਨੁਸਾਰ ਬੀਡੀਪੀਓ ਨੂੰ ‘ਵੱਢੀ’ ਦੀ ਰਕਮ ਫੜਾ ਦਿੱਤੀ ਅਤੇ ਕੁਝ ਮਿੰਟਾਂ ਬਾਅਦ ਹੀ ਡਾ. ਕੰਗ ਪਹੁੰਚ ਜਾਂਦੇ ਹਨ। ਇਸ ’ਤੇ ਜਦੋਂ ਉਹ ਬੀਡੀਪੀਓ ਨਾਲ ‘ਵੱਢੀ’ ਲੈਣ ਦੇ ਮਾਮਲੇ ਦੀ ਗੱਲ ਕਰਦੇ ਹਨ ਤਾਂ ਬੀਡੀਪੀਓ ਉਲਟਾ ਉਨ੍ਹਾਂ ਨੂੰ ਝੂਠ ਦੱਸਦਿਆਂ ‘ਵੱਢੀ’ ਲੈਣ ਤੋਂ ਸਾਫ ਇਨਕਾਰ ਕਰ ਦਿੰਦੇ ਹਨ। ਇਸ ’ਤੇ ਡਾ. ਕੰਗ ਉਨ੍ਹਾਂ ਨੂੰ ਇਸ ਪੂਰੇ ਮਾਮਲੇ ਦੀ ਵੀਡੀਓ ਬਣੀ ਹੋਣ ਅਤੇ ਉਨ੍ਹਾਂ ਨੂੰ ਦੇਖ ਕੇ ਰੁਪਏ ਜ਼ਮੀਨ ’ਤੇ ਸਿੱਟਣ ਦੀ ਗੱਲ ਕਰਦਿਆਂ ਰੁਪਏ ਚੁੱਕ ਲੈਂਦੇ ਹਨ। ਬੀਡੀਪੀਓ ਅਤੇ ਵੱਢੀ ਦੇਣ ਵਾਲੇ ਸਰਪੰਚ ਦੀ ਹਾਜ਼ਰੀ ਵਿਚ ਜ਼ਮੀਨ ’ਤੇ ਸੁੱਟੀ ਰਕਮ ਅਤੇ ਪਹਿਲਾਂ ਕਰਵਾਈ ਫੋਟੋ ਸਟੈਟ ਦੇ ਨੰਬਰਾਂ ਦਾ ਮਿਲਾਪ ਕੀਤਾ ਜਾਂਦਾ ਹੈ। ਪੁਸ਼ਟੀ ਹੋਣ ’ਤੇ ਸਿੱਧਵਾਂ ਬੇਟ ਥਾਣੇ ਤੋਂ ਪੁਲਿਸ ਨੂੰ ਸੱਦ ਲਿਆ ਜਾਂਦਾ ਹੈ। ਪੁਲਿਸ ਬੀਡੀਪੀਓ ਨੂੰ ਸਿੱਧਵਾਂ ਬੇਟ ਥਾਣੇ ਲੈ ਜਾਂਦੀ ਹੈ। ਥਾਣੇ ਵਿਚ ਬੀਡੀਪੀਓ ਆਪਣੀ ਗਲਤੀ ਦਾ ਅਹਿਸਾਸ ਕਰਦੇ ਹਨ ਅਤੇ ਡਾ. ਕੰਗ ਨੂੰ ਵੀ ਛੱਡਣ ਬਦਲੇ ਕਿਸੇ ਤਰ੍ਹਾਂ ਦੀ ਵੀ ਸੇਵਾ ਦੀ ਪੇਸ਼ਕਸ਼ ਕਰ ਦਿੰਦੇ ਹਨ। ਜਦੋਂ ਗੱਲ ਨਹੀਂ ਬਣਦੀ ਹੈ ਤਾਂ ਉਹ ਕੁਝ ਦਿਨ ਪਹਿਲਾਂ ਹੀ ਹੋਏ ਧੀ ਦੇ ਸ਼ਗਨ ਦਾ ਵਾਸਤਾ ਵੀ ਦਿੰਦੇ ਹਨ। ਇਸ ਸਬੰਧ ਵਿਚ ਜਗਰਾਓਂ ਦੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸਰਪੰਚ ਦੀ ਸ਼ਿਕਾਇਤ ’ਤੇ ਬੀਡੀਪੀਓ ਬਲਜੀਤ ਸਿੰਘ ਬੱਗਾ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।