ਬੈਂਗਲੁਰੂ (ਪੀਟੀਆਈ) : ਪਿਛਲੇ ਸਾਲ ਚੰਦਰਯਾਨ-3 ਦੀ ਸਫਲਤਾ ਨਾਲ ਚੰਦਰਮਾ ’ਤੇ ਜਿੱਤ ਦਾ ਝੰਡਾ ਲਹਿਰਾਉਣ ਤੋੋਂ ਬਾਅਦ ਭਾਰਤ ਨੇ ਨਵੇਂ ਸਾਲ ਦੇ ਪਹਿਲੇ ਹਫ਼ਤੇ ’ਚ ਹੀ ਸੂਰਜ ਮਿਸ਼ਨ ਤਹਿਤ ‘ਅਦਿੱਤਿਆ’ ਨੂੰ ਐੱਲ1 ਲੈਂਗ੍ਰੇਜ ਪੁਆਇੰਟ) ਨੇੜਲੇ ਅੰਡਾਕਾਰ ਪੰਧ (ਹਾਲੋ ਆਰਬਿਟ) ’ਚ ਸਥਾਪਤ ਕੀਤਾ। ਇਸ ਉਪਲਬਧੀ ਦੇ ਨਾਲ ਹੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਦੇ ਖੇਤਰ ’ਚ ਆਪਣੇ ਸੁਨਹਿਰੀ ਇਤਿਹਾਸ ’ਚ ਸਫਲਤਾ ਦਾ ਇਕ ਹੋਰ ਅਧਿਆਏ ਜੋੜ ਦਿੱਤਾ।

ਸੂਰਜ ਦੀ ਕੁੰਡਲੀ ਪੜ੍ਹਨ ਲਈ 126 ਦਿਨਾਂ ’ਚ 15 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ‘ਅਦਿੱਤਿਆ) ਸ਼ਨਿਚਰਵਾਰ ਸ਼ਾਮ ਚਾਰ ਵਜੇ ਆਪਣੀ ਮੰਜ਼ਲ ਐੱਲ1 (ਲੈਂਗ੍ਰੇਜ ਪੁਆਇੰਟ) ’ਤੇ ਪੁੱਜਿਆ। ਇਸ ਨੂੰ ਹਾਲੋ ਆਰਬਿਟ ’ਚ ਸਥਾਪਤ ਕਰ ਦਿੱਤਾ ਗਿਆ। ਹਾਲੋ ਆਰਬਿਟ ਅਜਿਹਾ ਅੰਡਾਕਾਰ ਪੰਧ ਹੈ ਜੋ ਐੱਲ1 ਪੁਆਇੰਟ ਦੇ ਚਾਰੇ ਪਾਸੇ ਘੁੰਮਦਾ ਹੈ ਤੇ ਜਿਸ ਦਾ ਆਕਾਰ ਛੇ ਲੱਖ & ਇਕ ਲੱਖ ਕਿਲੋਮੀਟਰ ਹੈ। ‘ਅਦਿਤਿਆ’ ਨੂੰ ਹਾਲੋ ਆਰਬਿਟ ’ਚ ਸਥਾਪਤ ਕਰਕੇ ਵਿਗਿਆਨੀਆਂ ਨੇ ਬੇਹੱਦ ਗੁੰਝਲਦਾਰ ਕੰਮ ਨੂੰ ਸਫਲਤਾ ਨਾਲ ਪੂਰਾ ਕੀਤਾ ਹੈ। ‘ਅਦਿਤਿਆ’ ਐੱਲ1 ਤੋਂ ਹੀ ਬਿਨਾਂ ਰੁਕਾਵਟ ਸੂਰਜ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖੇਗਾ ਤੇ ਇਸ ਦੇ ਅਣਸੁਲਝੇ ਰਹੱਸਾਂ ਦਾ ਪਤਾ ਲਾਏਗਾ।

ਐੱਲ1 ਪੁਲਾੜ ’ਚ ਸਥਿਤ ਉਹ ਸਥਾਨ ਹੈ ਜਿੱਥੇ ਸੂਰਜ ਤੇ ਪਿ੍ਰਥਵੀ ਦੀ ਖਿਚਣ ਸ਼ਕਤੀ ਬਰਾਬਰ ਹੁੰਦੀ ਹੈ। ਇਸ ਦੀ ਵਰਤੋਂ ਪੁਲਾੜ ਵਾਹਨ ਵੱਲੋਂ ਈਂਧਨ ਦੀ ਖਪਤ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਹੈ। ਇਸ ਦਾ ਨਾਮਕਰਨ ਇਤਾਲਵੀ-ਫਰਾਂਸੀਸੀ ਗਣਿਤ ਮਾਹਿਰ ਜੋਸਫ-ਲੁਈਸ ਲੈਂਗ੍ਰੇਜ ਦੇ ਨਾਂ ’ਤੇ ਕੀਤਾ ਗਿਆ ਹੈ। ਸੋਲਰ-ਅਰਥ ਸਿਸਟਮ ’ਚ ਪੰਜ ਲੈਂਗ੍ਰੇਜ ਪੁਆਇੰਟ ਹਨ। ਅਦਿਤਿਆ ਐੱਲ1 ਦੇ ਨੇੜੇ ਗਿਆ ਹੈ। ਸੂਰਜ ਦਾ ਅਧਿਐਨ ਕਰਨ ਲਈ ‘ਅਦਿਤਿਆ’ ’ਚ ਸੱਤ ਪੇਲੋਡ ਲੱਗੇ ਹਨ। ਮਿਸ਼ਨ ਤਹਿਤ ਸੌਰ ਵਾਯੂਮੰਡਲ (ਕ੍ਰੋਮੋਸਫੇਅਰ, ਫੋਟੋਸਫੇਅਰ ਤੇ ਕੋਰੋਨਾ) ਦਾ ਅਧਿਐਨ ਕਰੇਗਾ। ਸੂਰਜ ਦੇ ਅਧਿਐਨ ਨਾਲ ਹੋਰਨਾਂ ਤਾਰਿਆਂ ਬਾਰੇ ਵੀ ਜਾਣਕਾਰੀ ਮਿਲ ਸਕੇਗੀ।

——–

ਐੱਲ1 ਦੇ ਕੋਲ ਇਹ ਹੋਵੇਗਾ ਫ਼ਾਇਦਾ

ਇਸਰੋ ਨੇ ਕਿਹਾ ਕਿ ਐੱਲ1 ਬਿੰਦੂ ਦੇ ਆਸਪਾਸ ਪੰਧ ’ਚ ਰੱਖੇ ਗਏ ਸੈਟੇਲਾਈਟ ਤੋਂ ਸੂਰਜ ਨੂੰ ਬਿਨਾਂ ਕਿਸੇ ਪਰਛਾਵੇਂ/ਗ੍ਰਹਿਣ ਦੇ ਲਗਾਤਾਰ ਦੇਖਿਆ ਜਾ ਸਕੇਗਾ। ਇਸ ਨਾਲ ਅਸਲ ਸਮੇਂ ’ਚ ਸੌਰ ਸਰਗਰਮੀਆਂ ਤੇ ਪੁਲਾੜ ਮੌਸਮ ’ਤੇ ਇਸ ਦੇ ਪ੍ਰਭਾਵ ਨੂੰ ਦੇਖਿਆ ਜਾ ਸਕੇਗਾ। ਐੱਲ1 ਦੀ ਵਰਤੋੋਂ ਕਰਦਿਆਂ ਚਾਰ ਪੇਲੋਡ ਸਿੱਧੇ ਸੂਰਜ ਵੱਲ ਹੋਣਗੇ। ਬਾਕੀ ਤਿੰਨ ਪੇਲੋਡ ਐੱਲ1 ’ਤੇ ਹੀ ਖੇਤਰਾਂ ਦਾ ਅਧਿਐਨ ਕਰਨਗੇ।

—————–

ਸਿਰਫ਼ ਭਾਰਤ ਲਈ ਨਹੀਂ, ਪੂਰੀ ਦੁਨੀਆ ਲਈ ਹੈ ਅਦਿੱਤਿਆ-ਐੱਲ1

ਏਐੱਨਆਈ ਅਨੁਸਾਰ ਇਸਰੋ ਮੁਖੀ ਐੱਸ ਸੋਮਨਾਥ ਨੇ ਕਿਹਾ ਕਿ ਅਦਿਤਿਆ-ਐੱਲ1 ਸਿਰਫ਼ ਭਾਰਤ ਦਾ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਹੈ। ਸੋਮਨਾਥ ਨੇ ਕਿਹਾ ਕਿ ਸੂਰਜ ਨੂੰ ਸਮਝਣਾ ਦੁਨੀਆ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਦਿਤਿਆ-ਐੱਲ1 ਵੱਡੇ ਪੰਧ ਵੱਲ ਵੱਧ ਰਿਹਾ ਸੀ ਪਰ ਸਾਨੂੰ ਇਸ ਨੂੰ ਸਹੀ ਥਾਂ ’ਤੇ ਸਥਾਪਤ ਕਰਨ ਲਈ ਇਸ ਨੂੰ 31 ਮੀਟਰ ਪ੍ਰਤੀ ਸਕਿੰਟ ਦਾ ਵੇਗ ਦੇਣਾ ਪਿਆ। ਇਸਰੋ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਅਗਲੇ ਕੁਝ ਘੰਟੇ ਇਸ ’ਤੇ ਨਜ਼ਰ ਰੱਖੇਗੀ ਤਾਂ ਜੋ ਇਹ ਨਾ ਭਟਕੇ। ਜੇ ਇਹ ਥੋੜ੍ਹਾ ਵੀ ਭਟਕਦਾ ਹੈ ਤਾਂ ਸਾਨੂੰ ਥੋੜ੍ਹਾ ਸੁਧਾਰ ਕਰਨਾ ਪੈ ਸਕਦਾ ਹੈ।

——————–

‘ਅਦਿੱਤਿਆ’ ਦਾ ਐੱਲ1 ਤੱਕ ਦਾ ਸਫ਼ਰ

ਪਿਛਲੇ ਸਾਲ ਦੋ ਦਸੰਬਰ ਨੂੰ ਧਰੁਵੀ ਉਪਗ੍ਰਹਿ ਲਾਂਚ ਵਾਹਨ (ਪੀਐੱਸਐੱਲਵੀ-ਸੀ57) ਨੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ‘ਅਦਿਤਿਆ’ ਨਾਲ ਉਡਾਣ ਭਰੀ ਸੀ। ਪੀਐੱਸਐੱਲਵੀ ਨੇ 63 ਮਿੰਟ ਤੇ 20 ਸਕਿੰਟ ਦੀ ਉਡਾਣ ਮਿਆਦ ਤੋਂ ਬਾਅਦ ਇਸ ਨੂੰ 235&19,500 ਕਿਲੋਮੀਟਰ ਦੇ ਪੰਧ ’ਤੇ ਸਥਾਪਤ ਕਰ ਦਿੱਤਾ ਸੀ। ਇਸ ਤੋਂ ਬਾਅਦ ਪੜਾਅਵਾਰ ਢੰਗ ਨਾਲ ਪੰਧ ਬਦਲਦਿਆਂ ‘ਅਦਿਤਿਆ’ ਨੂੰ ਪਿ੍ਰਥਵੀ ਦੀ ਖਿਚ ਸ਼ਕਤੀ ਖੇਤਰ ਤੋਂ ਬਾਹਰ ਪਹੁੰਚਾਇਆ ਗਿਆ। ਇਸ ਤੋਂ ਬਾਅਦ ਕਰੂਜ਼ ਪੜਾਅ ਸ਼ੁਰੂ ਹੋਇਆ।

————————

‘ਭਾਰਤ ਨੇ ਇਕ ਹੋਰ ਉਪਲਬਧੀ ਹਾਸਲ ਕੀਤੀ ਹੈ। ਭਾਰਤ ਦੀ ਪਹਿਲੀ ਸੌਰ ਊਰਜਾ ਵੇਧਸ਼ਾਲਾ ਅਦਿਤਿਆ-ਐੱਲ-1 ਆਪਣੀ ਮੰਜ਼ਲ ਤੱਕ ਪੁੱਜ ਗਈ ਹੈ। ਇਹ ਸਭ ਤੋਂ ਗੁੰਝਲਦਾਰ ਪੁਲਾੜ ਮੁਹਿੰਮਾਂ ਨੂੰ ਸਾਕਾਰ ਕਰਨ ’ਚ ਸਾਡੇ ਵਿਗਿਆਨੀਆਂ ਦੇ ਅਣਥੱਕ ਮਿਹਨਤ ਦਾ ਸਬੂਤ ਹੈ। ਮੈਂ ਇਸ ਗ਼ੈਰ ਸਾਧਾਰਨ ਪ੍ਰਾਪਤੀ ਦੀ ਸ਼ਲਾਘਾ ਕਰਨ ’ਚ ਰਾਸ਼ਟਰ ਦੇ ਨਾਲ ਹਾਂ। ਅਸੀਂ ਮਨੁੱਖਤਾ ਦੀ ਭਲਾਈ ਲਈ ਵਿਗਿਆਨ ਦੀਆਂ ਨਵੀਆਂ ਹੱਦਾਂ ਨੂੰ ਪਾਰ ਕਰਦੇ ਰਹਾਂਗੇ।’—ਨਰਿੰਦਰ ਮੋਦੀ, ਪ੍ਰਧਾਨ ਮੰਤਰੀ, ਐਕਸ ’ਤੇ ਪੋਸਟ