ਸੁਸ਼ੀਲ ਕੁਮਾਰ ਸੁਸ਼ੀ, ਲੁਧਿਆਣਾ : ਹਵਸ ‘ਚ ਅੰਨ੍ਹੇ ਹੋਏ ਪਿਤਾ ਨੇ ਸੱਤਵੀਂ ਜਮਾਤ ‘ਚ ਪੜ੍ਹਨ ਵਾਲੀ ਆਪਣੇ ਸਕੀ ਧੀ ਨਾਲ ਨਸ਼ੇ ਦੀ ਹਾਲਤ ‘ਚ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂl ਬੁਰੀ ਤਰ੍ਹਾਂ ਘਬਰਾਈ ਲੜਕੀ ਪਹਿਲਾਂ ਤਾਂ ਕੁਝ ਦਿਨਾਂ ਤਕ ਚੁੱਪ ਰਹੀ ਪਰ ਹੁਣ ਉਸਨੇ ਹੌਸਲਾ ਕਰ ਕੇ ਆਪਣੀ ਮਾਂ ਨੂੰ ਪਿਤਾ ਦੀਆਂ ਕਾਲੀਆਂ ਕਰਤੂਤਾਂ ਸਬੰਧੀ ਦੱਸਿਆl
ਮਾਮਲਾ ਸਾਹਮਣੇ ਆਉਂਦੇ ਹੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਔਰਤ ਦੀ ਸ਼ਿਕਾਇਤ ‘ਤੇ ਉਸਦੇ ਪਤੀ ਅਤੀਸ਼ ਕੁਮਾਰ ਉਰਫ ਹਰੀਓਮ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆl ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਵਿਬਲ ਪਾਲ ਕੌਰ ਨੇ ਦੱਸਿਆ ਕਿ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਤੀਸ਼ ਕੁਮਾਰ ਨਸ਼ਾ ਕਰਨ ਦਾ ਆਦੀ ਹੈ। ਮੀਟ ਦੀ ਰੇਹੜੀ ਲਗਾਉਣ ਵਾਲਾ ਮੁਲਜ਼ਮ ਨਸ਼ੇ ‘ਚ ਟੱਲੀ ਹੋ ਕੇ ਰਾਤ ਵੇਲੇ ਘਰ ਜਾਂਦਾ ਅਤੇ ਜਦੋਂ ਵੀ ਲੜਕੀ ਇਕੱਲੀ ਹੁੰਦੀ, ਉਹ ਉਸ ਨਾਲ ਅਸ਼ਲੀਲ ਹਰਕਤਾਂ ਕਰਦਾl
ਸੱਤਵੀਂ ਜਮਾਤ ਵਿੱਚ ਪੜ੍ਹਨ ਵਾਲੀ ਬੱਚੀ ਦਿਮਾਗੀ ਤੌਰ ਤੇ ਬੇਹਦ ਪਰੇਸ਼ਾਨ ਹੋ ਚੁੱਕੀ ਸੀ। ਉਸਨੇ ਕਈ ਵਾਰ ਆਪਣੀ ਮਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਹ ਹੌਸਲਾ ਨਾ ਜੁਟਾ ਸਕੀ, ਪਰ ਬੀਤੀ ਰਾਤ ਉਸਨੇ ਹਿੰਮਤ ਕਰ ਕੇ ਆਪਣੀ ਮਾਂ ਨੂੰ ਸਾਰਾ ਕੁਝ ਦੱਸ ਦਿੱਤਾl ਜਾਂਚ ਅਧਿਕਾਰੀ ਵਿਬਲ ਪਾਲ ਕੌਰ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਅਤੀਸ਼ ਕੁਮਾਰ ਉਰਫ ਹਰੀਓਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੁੱਧਵਾਰ ਦੁਪਹਿਰ ਤੋਂ ਬਾਅਦ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


