ਜਾਸ, ਨਵੀਂ ਦਿੱਲੀ/ਚੰਡੀਗੜ੍ਹ : ਦਿੱਲੀ ਹਾਈ ਕੋਰਟ (Delhi High Court) ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ (Gurmeet Ram Rahim) ਨਾਲ ਸਬੰਧਤ ਮਾਮਲੇ ’ਤੇ ਸੋਮਵਾਰ ਨੂੰ ਯੂਟਿਊਬਰ ਸ਼ਿਆਮਾ ਮੀਰਾ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਗੁਰਮੀਤ ਖ਼ਿਲਾਫ਼ ਇੰਟਰਨੈੱਟ ਮੀਡੀਆ (Internet Media) ’ਤੇ ਪੋਸਟ ਕਰਨਾ ਜਾਰੀ ਰੱਖਿਆ, ਤਾਂ ਅਦਾਲਤ ਦੀ ਹੁਕਮ ਅਦੂਲੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਜਸਟਿਸ ਜਸਮੀਤ ਸਿੰਘ ਦੇ ਬੈਂਚ ਨੇ ਯੂਟਿਊਬਰ ਵੱਲੋਂ ਆਪਣੀ ਵੀਡੀਓ ਨੂੰ ਮਜਬੂਰੀ ’ਚ ਪ੍ਰਾਈਵੇਟ ਕਰਨ ਦੀ ਇੰਟਰਨੈੱਟ ਮੀਡੀਆ ਪੋਸਟ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਕੋਰਟ ਨੂੰ ਹਲਕੇ ’ਚ ਨਹੀਂ ਲੈ ਸਕਦੇ। ਅਦਾਲਤ ਨੇ ਤੁਹਾਨੂੰ ਵੀਡੀਓ ਪ੍ਰਾਈਵੇਟ ਬਣਾਉਣ ਲਈ ਮਜਬੂਰ ਨਹੀਂ ਕੀਤਾ। ਇਹ ਤੁਹਾਡੇ ਵਕੀਲ ਦਾ ਬਿਆਨ ਸੀ। ਜੇਕਰ ਤੁਸੀਂ ਦੋਬਾਰਾ ਅਜਿਹਾ ਕਰਦੇ ਹੋ ਤਾਂ ਹੁਕਮ ਅਦੂਲੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਅਦਾਲਤ ਨੇ ਇਹ ਟਿੱਪਣੀ ਗੁਰਮੀਤ ਦੀ ਪਟੀਸ਼ਨ ’ਤੇ ਕੀਤੀ। ਗੁਰਮੀਤ ਨੇ 17 ਦਸੰਬਰ ਨੂੰ ਯੂਟਿਊਬ ਚੈਨਲ ’ਤੇ ਮੀਰਾ ਸਿੰਘ ਵੱਲੋਂ ਪ੍ਰਸਾਰਤ ਇਕ ਵੀਡੀਓ ਸਬੰਧੀ ਉਸ ਖ਼ਿਲਾਫ਼ ਮਾਣਹਾਨੀ ਦਾ ਕੇਸ ਕੀਤਾ ਹੈ। ਇਸ ਵੀਡੀਓ ਦਾ ਸਿਰਲੇਖ ਸੀ ‘ਗੁਰਮੀਤ ਰਾਮ ਰਹੀਮ ਨੇ ਆਪਣੇ ਭਗਤਾਂ ਨੂੰ ਕਿਵੇਂ ਬੇਵਕੂਫ ਬਣਾਇਆ?’ ਡੇਰਾ ਮੁਖੀ ਨੇ ਪਟੀਸ਼ਨ ’ਚ ਕਿਹਾ ਹੈ ਕਿ ਸ਼ਿਆਮ ਮੀਰਾ ਸਿੰਘ ਵੱਲੋਂ ਪੋਸਟ ਕੀਤੀ ਗਈ ਵੀਡੀਓ ’ਚ ਉਨ੍ਹਾਂ ’ਤੇ ਲਗਾਏ ਗਏ ਦੋਸ਼ ਪਹਿਲੀ ਨਜ਼ਰ ’ਚ ਭਰਮਾਊ ਦੇ ਮਾਣਹਾਨੀ ਕਰਨ ਵਾਲੇ ਹਨ।