ਗੁਰਦੁਆਰਾ ਦਫੇੜਾ ਵਿਖੇ ਹੋਇਆ ਕ੍ਰਿਕਟਰ ਯੁਵਰਾਜ ਤੇ ਹੇਜ਼ਲ ਦਾ ਆਨੰਦ ਕਾਰਜ
ਫ਼ਤਹਿਗੜ੍ਹ ਸਾਹਿਬ:- ਕ੍ਰਿਕਟਰ ਯੁਵਰਾਜ ਤੇ ਅਦਾਕਾਰਾ ਹੇਜ਼ਲ ਕੀਚ ਦੇ ਆਨੰਦ ਕਾਰਜ ਅੱਜ ਡੇਰਾ ਹੰਸਾਲੀ ਵਾਲੇ ਨੇੜੇ ਗੁਰਦੁਆਰਾ ਦਫੇੜਾ ਵਿਖੇ ਧੂਮਧਾਮ ਨਾਲ ਹੋਏ। ਇਸ ਮੌਕੇ ਯੁਵਰਾਜ ਦੀ ਮਾਂ ਸ਼ਬਨਮ ਤੇ ਭਾਈ ਜ਼ੋਰਾਵਰ ਸਿੰਘ ਸਮੇਤ ਪਰਿਵਾਰ ਦੇ ਹੋਰ ਲੋਕ ਵੀ ਮੌਜੂਦ ਸਨ। ਇਹ ਪਰਿਵਾਰ ਇਸ ਡੇਰੇ ਨੂੰ ਬਹੁਤ ਮੰਨਦਾ ਹੈ ਤੇ ਯੁਵਰਾਜ ਦੇ ਬਿਮਾਰ ਹੋਣ ‘ਤੇ ਉਸ ਦੀ ਮਾਂ ਨੇ ਇਸੇ ਡੇਰੇ ਵਿੱਚ ਉਸ ਦੇ ਜਲਦੀ ਤੰਦਰੁਸਤ ਹੋਣ ਦੀਆਂ ਮੰਨਤਾਂ ਮੰਗੀਆਂ ਸਨ। ਹਾਲਾਂਕਿ ਯੁਵਰਾਤ ਦੇ ਪਿਤਾ ਸਾਬਕਾ ਕ੍ਰਿਕਟਰ ਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਯੋਗਰਾਜ ਵਿਆਹ ਸਮਾਗਮ ‘ਚ ਸ਼ਾਮਲ ਨਹੀਂ ਹੋਏ। ਦੱਸਿਆ ਜਾਂਦਾ ਹੈ ਕਿ ਉਹ ਜਿਨ੍ਹਾਂ ਰਿਵਾਜ਼ਾਂ ਨਾਲ ਵਿਆਹ ਕਰਨਾ ਚਾਹੁੰਦੇ ਸਨ ਉਹ ਉਨ੍ਹਾਂ ਦੀ ਪਤਨੀ ਸ਼ਬਨਮ ਨੂੰ ਮਨਜ਼ੂਰ ਨਹੀਂ ਸਨ। ਮਹਿੰਦੀ ਦੀ ਰਸਮ ਵਿੱਚ ਯੋਗਰਾਜ ਸ਼ਾਮਲ ਹੋਏ ਸਨ। ਇਸ ਮੌਕੇ ਮੁਹਾਲੀ ਵਿੱਚ ਕ੍ਰਿਕਟ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਸਾਰੇ ਖਿਡਾਰੀ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਕਾਫੀ ਮੌਜ ਮਸਤੀ ਵੀ ਕੀਤੀ।


